ਪਿਛਲੇ ਸਾਲ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਨਾਲ ਜੂਝ ਰਹੇ ਕਿੱਤਿਆਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ ਅਤੇ ਅਧਿਕਾਰੀਆਂ ਵਲੋਂ ਇਸ ਸਮੱਸਿਆ ਦਾ ਹਲ ਲੱਭਣ ਲਈ ਉਪਰਾਲਿਆਂ ਵਿੱਚ ਗੰਭੀਰਤਾ ਦੇਖਣ ਨੂੰ ਮਿਲ ਰਹੀ ਹੈ।
ਫੈਡਰਲ-ਸਰਕਾਰ ਦੁਆਰਾ ਫੰਡ ਕੀਤੇ ਗਏ ਰਾਸ਼ਟਰੀ ਹੁਨਰ ਕਮਿਸ਼ਨ ਵਲੋਂ ਤਿਆਰ ਕੀਤੀ ਗਈ 2022 ਦੀ ਹੁਨਰ-ਤਰਜੀਹ ਸੂਚੀ ਵਿੱਚ ਪਾਇਆ ਗਿਆ ਕਿ 2021 ਵਿੱਚ 153 ਕਿੱਤਿਆਂ ਦੇ ਮੁਕਾਬਲੇ ਇਸ ਸਾਲ ਰਾਸ਼ਟਰੀ ਪੱਧਰ ਤੇ 286 ਕਿੱਤਿਆਂ ਵਿੱਚ ਕਾਮਿਆਂ ਦੀ ਘਾਟ ਦਰਜ ਕੀਤੀ ਗਈ ਹੈ।
ਹੁਨਰ ਮੰਤਰੀ ਬ੍ਰੈਂਡਨ ਓ'ਕੌਨਰ ਨੇ ਇਸ ਸਮਸਿਆ ਉਤੇ ਬੋਲਦਿਆਂ ਕਿਹਾ ਕਿ ਸੂਚੀਬੱਧ ਕਿੱਤਿਆਂ ਵਿੱਚ ਕਮੀ ਨੂੰ ਨਜਿੱਠਣ ਲਈ ਤਰਜੀਹ ਦੇਣਾ ਹੁਣ ਸਮੇਂ ਦੀ ਮੰਗ ਹੈ।
ਇਸ ਰਿਪੋਰਟ ਅਨੁਸਾਰ ਆਸਟ੍ਰੇਲੀਆ ਵਿੱਚ ਨੌਕਰੀਆਂ ਲਈ ਦਿੱਤੇ ਗਏ ਇਸ਼ਤਿਹਾਰਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 42 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਰੋਜ਼ਗਾਰਦਾਤਾਵਾਂ ਵਲੋਂ ਅਗਸਤ 2022 ਵਿੱਚ ਤਕਰੀਬਨ 309,900 ਨੌਕਰੀਆਂ ਲਈ ਇਸ਼ਤਿਹਾਰ ਦਿੱਤਾ ਗਿਆ।
ਇਸ ਸੂਚੀ ਵਿਚਲੇ ਚੋਟੀ ਦੇ 'ਇਨ-ਡਿਮਾਂਡ' ਕਿੱਤਿਆਂ ਵਿੱਚ ਨਰਸਾਂ, ਸੌਫਟਵੇਅਰ ਪ੍ਰੋਗਰਾਮਰ, ਬਿਰਧ ਦੇਖਭਾਲ ਕਰਮਚਾਰੀ, ਉਸਾਰੀ ਪ੍ਰਬੰਧਕ ਅਤੇ ਚਾਈਲਡ ਕੇਅਰ ਵਰਕਰ ਸ਼ਾਮਲ ਹਨ।
