ਬ੍ਰਿਜੇਸ਼ ਬੱਤਰਾ ਮੈਲਬੌਰਨ, ਹੋਬਾਰਟ, ਐਡੀਲੇਡ ਅਤੇ ਬ੍ਰਿਸਬੇਨ ਵਿੱਚ ਆਯੋਜਿਤ ਕੀਤੇ ਗਏ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਵਿੱਚੋਂ ਇੱਕ ਹਨ। ਇਨ੍ਹਾਂ ਰੈਲੀਆਂ ਵਿੱਚ ਸੈਂਕੜੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਸਰਕਾਰ ਅੱਗੇ 'ਸਬਕਲਾਸ 887' ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦੇਣ ਦੀ ਮੰਗ ਰੱਖੀ ਹੈ।
ਸ਼੍ਰੀ ਬੱਤਰਾ, ਜੋ ਕੇ ਇੱਕ ਤਕਨੀਕੀ ਇੰਜੀਨੀਅਰ ਹਨ, ਪੱਕੇ ਨਿਵਾਸ ਲਈ ਵੀਜ਼ਾ ਅਰਜ਼ੀ ਦੀ 14 ਮਹੀਨਿਆਂ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਹੇ ਹਨ। ਦੋ ਸਾਲ ਇੱਕ ਖੇਤਰੀ ਇਲਾਕ਼ੇ ਵਿੱਚ ਰਹਿਣ ਅਤੇ ਕੰਮ ਕਰਨ ਤੋਂ ਬਾਅਦ ਜੁਲਾਈ 2021 ਵਿੱਚ ਉਨ੍ਹਾਂ ਨੇ 887 ਖੇਤਰੀ ਹੁਨਰਮੰਦ ਵੀਜ਼ਾ ਲਈ ਅਰਜ਼ੀ ਦਿੱਤੀ ਸੀ।
ਸ਼੍ਰੀ ਬੱਤਰਾ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਫੈਡਰਲ ਸਰਕਾਰ ਵਲੋਂ ਉਨ੍ਹਾਂ ਅਤੇ ਇਸ ਸਬਕਲਾਸ ਅਧੀਨ ਉਡੀਕ ਕਰ ਰਹੇ ਉਨ੍ਹਾਂ ਵਰਗੇ ਹੋਰ ਬਿਨੈਕਾਰਾਂ ਨੂੰ "ਪੂਰੀ ਤਰ੍ਹਾਂ ਨਜ਼ਰਅੰਦਾਜ਼" ਕੀਤਾ ਗਿਆ ਹੈ।
ਪਿਛਲੇ ਮਹੀਨੇ ਸਰਕਾਰ ਨੇ ਐਲਾਨ ਕੀਤਾ ਸੀ ਕਿ ਗ੍ਰਹਿ ਮਾਮਲਿਆਂ ਦਾ ਵਿਭਾਗ ਦੇਸ਼ ਵਿਆਪੀ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ 'ਆਫਸ਼ੋਰ' ਅਸਥਾਈ ਹੁਨਰਮੰਦ ਵਿਦਿਆਰਥੀਆਂ ਅਤੇ ਵਿਜ਼ਟਰ ਵੀਜ਼ਿਆਂ ਦੀ ਪ੍ਰਕਿਰਿਆ ਨੂੰ ਤਰਜੀਹ ਦੇਵੇਗਾ। ਸ਼੍ਰੀ ਬੱਤਰਾ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨੇ ਉਨ੍ਹਾਂ ਨੂੰ ਬਹੁਤ ਮਾਯੂਸ ਕੀਤਾ ਹੈ।
ਉਨ੍ਹਾਂ ਕਿਹਾ ਕਿ, "ਇਹ ਬੜੀ ਚਿੰਤਾ ਦੀ ਗੱਲ ਹੈ ਕਿ ਵਿਭਾਗ ਵਲੋਂ ਕਈ ਹੁਨਰਮੰਦ ਸੁਤੰਤਰ ਵੀਜ਼ਾ ਦੀ ਅਰਜ਼ੀਆਂ ਦਾ 15 ਦਿਨਾਂ ਵਿੱਚ ਫ਼ੈਸਲਾ ਕਰ ਦਿੱਤਾ ਜਾਂਦਾ ਹੈ ਜੱਦ ਕਿ ਮੈਂ ਪਿਛਲੇ 15 ਮਹੀਨਿਆਂ ਤੋਂ ਆਪਣੀ ਅਰਜ਼ੀ ਦੇ ਫ਼ੈਸਲੇ ਦੀ ਉਡੀਕ ਕਰ ਰਿਹਾ ਹਾਂ"
ਵਿਭਾਗ ਦੀ ਵੈੱਬਸਾਈਟ ਮੁਤਾਬਕ ਇਸ ਵਕਤ ਸਬਕਲਾਸ 887 ਵੀਜ਼ਾ ਅਰਜ਼ੀਆਂ ਦਾ 'ਪ੍ਰੋਸੈਸਿੰਗ' ਸਮਾਂ 24 ਮਹੀਨੇ ਹੈ ਅਤੇ ਇਸ ਵੇਲ਼ੇ ਵਿਭਾਗ 2020 ਤੋਂ ਪਹਿਲਾਂ ਜਮਾਂ ਕੀਤੀਆਂ ਅਰਜ਼ੀਆਂ ਦਾ ਮੁਲਾਂਕਣ ਕਰ ਰਿਹਾ ਹੈ।
