'ਸਿਗਨੀਫਿਕੈਂਟ ਇਨਵੇਸਟਰ ਵੀਜ਼ਾ' ਉਹ ਵੀਜ਼ਾ ਹੈ ਜੋ ਆਸਟ੍ਰੇਲੀਆ ਵਿੱਚ 5 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਸਥਾਈ ਵੀਜ਼ਾ ਮਾਰਗ ਪ੍ਰਦਾਨ ਕਰਦਾ ਹੈ। ਇਸ ਵੀਜ਼ਾ ਲਈ ਕੇਵਲ 'ਕਾਰਜਸ਼ੀਲ ਅੰਗਰੇਜ਼ੀ' ਹੋਣੀ ਹੀ ਜ਼ਰੂਰੀ ਹੈ ਅਤੇ ਬਿਨੈਕਾਰਾਂ ਲਈ ਕੋਈ ਉਪਰਲੀ ਉਮਰ ਸੀਮਾ ਵੀ ਨਹੀਂ ਹੈ।
ਸਫ਼ਲ ਬਿਨੈਕਾਰ ਆਸਟ੍ਰੇਲੀਆ ਵਿੱਚ ਪੰਜ ਸਾਲਾਂ ਤੱਕ ਰਹਿ ਸਕਦੇ ਹਨ ਅਤੇ ਸ਼ਰਤਾਂ ਪੂਰਨ ਹੋਣ ਤੋਂ ਬਾਅਦ ਉਹ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਹਨ।
ਇਸ ਵੀਜ਼ੇ ਨੂੰ ਲੋਕਾਂ ਵਲੋਂ ਆਸਟ੍ਰੇਲੀਆ ਦਾ ਸਥਾਈ ਵੀਜ਼ਾ 'ਖਰੀਦਣ' ਦਾ ਮਾਰਗ ਦਸਦਿਆਂ ਮੰਤਰੀ ਓ'ਨੀਲ ਨੇ ਕਿਹਾ ਕਿ ਇਸ ਵੀਜ਼ੇ ਦੀ ਬਾਰੀਕੀ ਨਾਲ਼ ਮੁੜ ਸਮੀਖਿਆ ਕੀਤੀ ਜਾਵੇਗੀ ਤਾਂ ਕਿ ਆਸਟ੍ਰੇਲੀਅਨ ਵੀਜ਼ਾ 'ਖਰੀਦਣ' ਦੇ ਇਸ ਚਲਨ ਉਤੇ ਲੋੜੀਂਦੀ ਰੋਕ ਲਈ ਜਾ ਸਕੇ।
'ਮਹੱਤਵਪੂਰਨ ਨਿਵੇਸ਼ਕ ਆਰਜ਼ੀ ਵੀਜ਼ਾ' ਨੂੰ ਅਕਸਰ 'ਗੋਲਡਨ ਟਿਕਟ' ਵੀ ਵੀਜ਼ਾ ਕਿਹਾ ਜਾਂਦਾ ਹੈ ਅਤੇ ਇਸ ਵੀਜ਼ਾ ਪ੍ਰਣਾਲੀ ਅਧੀਨ ਕੁੱਲ ਵੀਜ਼ਾ ਬਿਨੈਕਾਰ ਵਿੱਚੋਂ ਲਗਭਗ 84.8 ਫੀਸਦੀ ਚੀਨ ਤੋਂ ਹਨ।
2016 ਦੀ ਇੱਕ ਰਿਪੋਰਟ ਵਿੱਚ 'ਉਤਪਾਦਕਤਾ ਕਮਿਸ਼ਨ' ਨੇ ਵੀ ਇਸ ਨੂੰ ਖਤਮ ਕਰਨ ਦੀ ਸਲਾਹ ਦਿਤੀ ਸੀ।
ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ ਮਿਸ ਓ'ਨੀਲ ਨੇ ਕਿਹਾ ਕਿ ਇਹ ਵੀਜ਼ਾ ਸਟ੍ਰੀਮ ਸਰਕਾਰ ਲਈ "ਇੱਕ ਅਹਿਮ ਮੁੱਦਾ ਹੈ ਅਤੇ ਇਸ ਸਮੇਂ ਮੈਂ ਇਸ ਨੂੰ ਮੌਜੂਦਾ ਪ੍ਰਵਾਸ ਪ੍ਰੋਗਰਾਮ ਵਿੱਚ ਬਣਾਏ ਰੱਖਣ ਦਾ ਕੋਈ ਸਾਰਥਕ ਕਾਰਨ ਨਹੀਂ ਦੇਖ ਰਹੀ ਅਤੇ ਇਸ ਨੂੰ ਇਮੀਗ੍ਰੇਸ਼ਨ ਪ੍ਰਣਾਲੀ ਦੀ ਸਮੀਖਿਆ ਪੂਰੀ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਖਤਮ ਵੀ ਕੀਤਾ ਜਾ ਸਕਦਾ ਹੈ।"

