ਈਰਾਨ ਵਿੱਚ 16 ਸਤੰਬਰ ਨੂੰ ਪੁਲਿਸ ਹਿਰਾਸਤ ਵਿੱਚ ਇੱਕ ਨੌਜਵਾਨ ਔਰਤ, ਮਾਹਸਾ ਅਮੀਨੀ, ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਔਰਤਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਦੇਸ਼ ਵਿੱਚ ਤਣਾਅ ਉਸ ਵੇਲੇ ਵੱਧਣਾ ਸ਼ੁਰੂ ਹੋਇਆ ਜਦੋਂ ਮਾਹਸਾ ਅਮੀਨੀ ਨੂੰ ਇਰਾਨ ਦੀ 'ਮੋਰੈਲਿਟੀ' ਪੁਲਿਸ ਨੇ ਕਥਿਤ ਤੌਰ ਤੇ ਹਿਜਾਬ ਠੀਕ ਤਰ੍ਹਾਂ ਨਾ ਪਹਿਨਣ ਕਰਕੇ ਹਿਰਾਸਤ ਵਿੱਚ ਲੈ ਲਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਦੇਸ਼ ਦੇ ਇੱਕ ਵਡੇ ਹਿਸੇ ਵਿੱਚ ਇਰਾਨ ਦੀ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾ ਵਿੱਚ ਹਜ਼ਾਰਾਂ ਔਰਤਾਂ ਵਲੋਂ ਹਿਜਾਬ ਨੂੰ ਸਾੜਿਆ ਜਾ ਰਿਹਾ ਹੈ ਅਤੇ ਸੜਕਾਂ 'ਤੇ ਆਪਣੇ ਵਾਲ ਕੱਟ ਕੇ ਆਪਣੀ ਮਰਜ਼ੀ ਨਾਲ਼ ਇਸ ਨੂੰ ਪਹਿਨਣ ਦੇ ਅਧੀਕਾਰ ਦੀ ਮੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਫਰਾਂਸ ਅਤੇ ਭਾਰਤ ਦੇ ਕੁਝ ਹਿੱਸਿਆਂ ਵਿੱਚ ਔਰਤਾਂ ਵਲੋਂ ਹਿਜਾਬ ਪਹਿਨਣ ਦੇ ਅਧਿਕਾਰ ਪ੍ਰਾਪਤ ਕਰਣ ਲਈ ਲੜਾਈ ਲੜੀ ਜਾ ਰਹੀ ਹੈ।
ਇਸ ਘਟਨਾ ਤੋਂ ਪ੍ਰਭਾਵਿਤ ਵਿਰੋਧ ਪ੍ਰਦਰਸ਼ਨ ਆਸਟ੍ਰੇਲੀਆ ਦੇ ਸ਼ਹਿਰਾਂ ਵਿਚ ਵੀ ਫੈਲ ਗਏ ਹਨ। ਕੈਨਬਰਾ ਵਿੱਚ ਦਰਜਨਾਂ ਲੋਕ ਸੰਸਦ ਭਵਨ ਵਿੱਚ ਇਕੱਠੇ ਹੋਏ ਅਤੇ ਇਨ੍ਹਾਂ ਵਲੋਂ "ਔਰਤਾਂ, ਅਧਿਕਾਰ, ਆਜ਼ਾਦੀ" ਦੇ ਨਾਅਰੇ ਲਾਏ ਗਏ।
