SKIP TO MAIN CONTENT

ਵਿਕਟੋਰੀਆ ਪੁਲਿਸ ਵੱਲੋਂ ਡੇਲਸਫੋਰਡ ਹਾਦਸੇ ਲਈ 66-ਸਾਲਾ ਵਿਲੀਅਮ ਸਵਾਲੇ ਉੱਤੇ ਦੋਸ਼ ਆਇਦ

ਵਿਕਟੋਰੀਆ ਦੇ ਡੇਲਸਫੋਰਡ ਹੋਟਲ ਬਾਹਰ ਹੋਏ ਹਾਦਸੇ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ, ਲਈ ਇੱਕ 66-ਸਾਲਾ ਵਿਅਕਤੀ ਉੱਤੇ ਦੋਸ਼ ਆਇਦ ਕੀਤੇ ਗਏ ਹਨ। ਇਸ ਦੋਸ਼ੀ ਦੇ ਵਕੀਲ ਮੁਤਾਬਿਕ ਉਹ ਸ਼ਰੀਰ ਵਿਚ ਗਲੂਕੋਜ਼ ਦੀ ਘਾਟ ਸਬੰਧੀ ਚੇਤਾਵਨੀਆਂ ਨੂੰ ਵਾਰ-ਵਾਰ ਨਜ਼ਰਅੰਦਾਜ਼ ਕਰਦਾ ਰਿਹਾ ਜੋ ਕਿ ਬਾਅਦ ਵਿੱਚ ਇਸ ਹਾਦਸੇ ਦਾ ਮੁੱਖ ਕਾਰਨ ਬਣਿਆ।

People standing in a group
Mourners gathered for a vigil at Victoria Park in Daylesford, Victoria in the days after the fatal crash. Source: AAP / JAMES ROSS/AAPIMAGE

2 min read

Published

By Ravdeep Singh

Source: SBS


Skip to article content

ਵਿਕਟੋਰੀਆ ਪੁਲਿਸ ਵਲੋਂ ਡੇਲਸਫੋਰਡ ਪੱਬ ਦੇ ਬੀਅਰ ਗਾਰਡਨ ਵਿੱਚ ਇੱਕ ਕਾਰ ਹਾਦਸੇ ਤੋਂ ਬਾਅਦ ਪੰਜ ਲੋਕਾਂ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਵਿਅਕਤੀ ਉਤੇ ਦੋਸ਼ ਆਇਦ ਕੀਤੇ ਗਏ ਹਨ।

66-ਸਾਲ ਦੇ ਵਿਲੀਅਮ ਸਵਾਲੇ ਉਤੇ ਡਰਾਈਵਿੰਗ ਸਬੰਧੀ ਪੰਜ ਮਾਮਲੇ, ਲਾਪਰਵਾਹੀ ਕਾਰਨ ਗੰਭੀਰ ਸੱਟ ਲੱਗਣ ਦੇ ਦੋ ਮਾਮਲੇ ਅਤੇ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੇ ਲਾਪਰਵਾਹੀ ਵਾਲੇ ਵਿਵਹਾਰ ਦੇ ਸੱਤ ਦੋਸ਼ ਲਗਾਏ ਗਏ ਹਨ।

ਇਸ ਦੋਸ਼ੀ ਨੇ ਹਾਦਸੇ ਤੋਂ 50 ਮਿੰਟ ਪਹਿਲਾਂ ਵੀ ਇਕ ਟੈਸਟ ਕੀਤਾ ਸੀ ਜਿਸ ਵਿਚ ਉਸਦੀ ਗਲੂਕੋਜ਼ ਘੱਟ ਆਈ ਸੀ। ਦੋਸ਼ੀ ਵਲੋਂ ਵਰਤੀ ਜਾ ਰਹੀ ਸਿਹਤ ਐਪ ਵਲੋਂ ਵੀ ਇਸ ਨੂੰ ਵਾਰ-ਵਾਰ ਚੇਤਾਵਨੀਆਂ ਦਿਤੀਆਂ ਗਈਆਂ ਜਿਸਨੂੰ ਉਹ ਨਜ਼ਰਅੰਦਾਜ਼ ਕਰਦਾ ਰਿਹਾ।

5 ਨਵੰਬਰ, ਹਾਦਸੇ ਵਾਲ਼ੇ ਦਿਨ, ਦੋਸ਼ੀ ਇਕ ਐਸਯੂਵੀ ਗੱਡੀ ਚਲਾ ਰਿਹਾ ਸੀ ਜੋ ਡੇਲਸਫੋਰਡ ਪੱਬ ਦੇ ਬੀਅਰ ਗਾਰਡਨ ਵਿੱਚ ਬੈਠੇ ਲੋਕਾਂ ਵਿਚ ਜਾ ਵੱਜੀ ਸੀ।

ਇਸ ਹਾਦਸੇ ਵਿਚ ਪ੍ਰਤਿਭਾ ਸ਼ਰਮਾ ਉਮਰ 44 ਸਾਲ, ਉਸਦੀ 9 ਸਾਲਾਂ ਦੇ ਧੀ ਅਨਵੀ ਅਤੇ ਉਨ੍ਹਾਂ ਦੇ ਸਾਥੀ ਜਤਿਨ ਕੁਮਾਰ (ਉਮਰ 30 ਸਾਲ), ਵਿਵੇਕ ਭਾਟੀਆ (ਉਮਰ 38 ਸਾਲ) ਅਤੇ ਉਸਦੇ ਪੁੱਤਰ ਵਿਹਾਨ (ਉਮਰ 11ਸਾਲ ) ਦੀ ਮੌਤ ਹੋ ਗਈ।

ਪਰ ਸਵਾਲੇ ਦੇ ਵਕੀਲ ਨੇ ਕਿਹਾ ਕਿ ਉਸ ਦਾ ਮੁਵੱਕਿਲ ਅਕਸਰ ਆਪਣੇ ਗਲੂਕੋਜ਼ ਦੇ ਪੱਧਰ ਦੀ ਨਿਗਰਾਨੀ ਰੱਖਦਾ ਸੀ ਪਰ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਐਪ ਦੁਆਰਾ ਘਟ ਗਲੂਕੋਜ਼ ਦੀ ਚੇਤਾਵਨੀ ਉਹ ਇਸ ਕਾਰਨ ਪਏ ਦੌਰੇ ਕਰਕੇ ਪਛਾਣਨ ਵਿੱਚ ਅਸਮਰੱਥ ਰਿਹਾ।


Follow SBS Punjabi

Download our apps

Watch on SBS

Punjabi News

Stream now