ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (ਆਰ ਬੀ ਏ) ਵਲੋਂ ਅਧਿਕਾਰਤ ਨਕਦੀ ਦਰ ਵਿੱਚ ਇੱਕ ਪ੍ਰਤੀਸ਼ਤ ਦੇ ਚੌਥਾ ਹਿਸਾ ਵਾਧਾ ਕਰਨ ਨਾਲ਼ ਇਹ ਦਰ ਨੌਂ ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਆ ਗਈ ਹੈ। ਇਸ ਨਾਲ਼ ਮੌਜੂਦਾ ਨਕਦ ਦਰ 2.6 ਪ੍ਰਤੀਸ਼ਤ ਪਹੁੰਚ ਗਈ ਹੈ।
ਜੇ ਬੈਂਕ ਇਹ ਪੂਰਾ ਵਾਧਾ ਖਪਤਕਾਰਾਂ 'ਤੇ ਪਾਸ ਕਰ ਦੇਣ ਤਾਂ ਘਰਾਂ ਦੀਆਂ ਕਿਸ਼ਤਾਂ ਵਿੱਚ ਤਕਲੀਫ਼ਦੇਹ ਵਾਧਾ ਹੋ ਸਕਦਾ ਹੈ।
ਮਹਿੰਗਾਈ ਦਰ ਨੂੰ ਆਰ ਬੀ ਏ ਦੇ ਮਿਥੇ ਟੀਚੇ 'ਤੇ ਰੱਖਣ ਲਈ ਇਹ ਲਗਾਤਾਰ ਛੇਵਾਂ ਮਹੀਨਾ ਹੈ ਜਦੋਂ ਕੇਂਦਰੀ ਬੈਂਕ ਵੱਲੋਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ।
ਆਰ ਬੀ ਏ ਦੇ ਗਵਰਨਰ ਫਿਲਿਪ ਲੋਅ ਨੇ ਕਿਹਾ ਕਿ ਨਕਦ ਦਰ ਵਿੱਚ ਵਾਧਾ ਮਹਿੰਗਾਈ ਦਰ ਦੇ ਟੀਚੇ ਨੂੰ ਹਾਸਿਲ ਕਰਨ ਵਿੱਚ ਮਦਦ ਕਰੇਗਾ ਅਤੇ ਇਸ ਉਤੇ ਕਾਬੂ ਰੱਖਣ ਲਈ ਭਵਿੱਖ ਵਿੱਚ ਹੋਰ ਵਾਧੇ ਦੀ ਵੀ ਸੰਭਾਵਨਾ ਹੈ।
ਵਿੱਤੀ ਤੁਲਨਾ ਕਰਨ ਵਾਲੀ ਵੈੱਬਸਾਈਟ, ਕੈਨਸਟਾਰ, ਦੇ ਅਨੁਸਾਰ ਜੇਕਰ ਬੈਂਕਾਂ ਵਲੋਂ ਪੂਰਾ 0.25 ਪ੍ਰਤੀਸ਼ਤ ਦਾ ਵਾਧਾ ਮੌਰਗੇਜ-ਧਾਰਕਾਂ ਨੂੰ ਪਾਸ ਕਰ ਦਿੱਤਾ ਜਾਂਦਾ ਹੈ ਤਾਂ 30 ਸਾਲਾਂ ਲਈ 500,000 ਡਾਲਰ ਦਾ ਕਰਜ਼ਾ ਲੈਣ ਵਾਲੇ ਦੀ ਮਾਸਿਕ ਅਦਾਇਗੀ 78 ਡਾਲਰ ਪ੍ਰਤੀ ਮਹੀਨਾ ਵਧ ਸਕਦੀ ਹੈ ਅਤੇ 750,000 ਡਾਲਰ ਦੀ 'ਮੌਰਗੇਜ' ਪਿੱਛੇ ਮਾਸਿਕ ਭੁਗਤਾਨਾਂ ਵਿੱਚ 117 ਡਾਲਰ ਤਕ ਦਾ ਵਾਧਾ ਹੋ ਸਕਦਾ ਹੈ।