ਆਸਟ੍ਰੇਲੀਆ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਫੈਡਰਲ ਸਰਕਾਰ ਨੂੰ ਆਰਜ਼ੀ ਸਪਾਂਸਰਡ ਪ੍ਰਵਾਸੀਆਂ ਨੂੰ ਮਿਲਣ ਵਾਲੀ ਘੱਟੋ-ਘੱਟ ਤਨਖ਼ਾਹ ਵਿੱਚ 'ਮਹੱਤਵਪੂਰਨ' ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਟੈਂਪਰੇਰੀ ਸਕਿਲਡ ਮਾਈਗ੍ਰੇਸ਼ਨ ਇਨਕਮ ਥ੍ਰੈਸ਼ਹੋਲਡ' (ਟੀ ਐਸ ਐਮ ਆਈ ਟੀ) 'ਇਮੀਗ੍ਰੇਸ਼ਨ' ਦੇ ਅਸਥਾਈ ਸਕਿਲਡ ਵੀਜ਼ਾ ਪ੍ਰੋਗਰਾਮ ਦਾ ਇੱਕ ਪ੍ਰਮੁੱਖ ਹਿੱਸਾ ਹੈ। ਸਮੇਂ ਦੀਆਂ ਸਰਕਾਰਾਂ ਵਲੋਂ ਟੀ ਐਸ ਐਮ ਆਈ ਟੀ ਨੂੰ 2013 ਤੋਂ 53,900 ਡਾਲਰ 'ਤੇ ਬਰਕਰਾਰ ਰੱਖਿਆ ਗਿਆ ਅਤੇ ਇਸ ਨੂੰ ਵਧਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।
ਨੌਕਰੀਆਂ ਅਤੇ ਹੁਨਰ ਸੰਮੇਲਨ ਵਿੱਚ ਆਸਟ੍ਰੇਲੀਅਨ ਕੌਂਸਲ ਆਫ਼ ਟਰੇਡ ਯੂਨੀਅਨਜ਼ ਵਲੋਂ ਇਸ ਵਿੱਚ 37,000 ਡਾਲਰ ਦੇ ਵਾਧੇ ਦਾ ਪ੍ਰਸਤਾਵ ਰੱਖਿਆ ਗਿਆ ਜਿਸ ਨਾਲ਼ ਘੱਟੋ-ਘੱਟ ਤਨਖ਼ਾਹ 91,000 ਡਾਲਰ ਹੋ ਸਕਦੀ ਹੈ।
ਗ੍ਰੈਟਨ ਇੰਸਟੀਚਿਊਟ ਨੇ ਵੀ ਅਸਥਾਈ ਹੁਨਰਮੰਦ ਪ੍ਰਵਾਸੀਆਂ ਲਈ ਟੀ ਐਸ ਐਮ ਆਈ ਟੀ ਨੂੰ ਘੱਟੋ-ਘੱਟ 70,000 ਤੱਕ ਅਤੇ ਸਥਾਈ ਹੁਨਰਮੰਦ ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ 85,000 ਡਾਲਰ ਤੱਕ ਘੱਟੋ-ਘੱਟ ਤਨਖਾਹ ਵਧਾਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ।
ਆਸਟ੍ਰੇਲੀਆ ਦੇ ਖਜ਼ਾਨਚੀ ਜਿਮ ਚਾਲਮਰਜ਼ ਨੇ ਵੀ ਕਿਹਾ ਕਿ, "ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਭਾਵੇਂ ਪਰਵਾਸ ਦੀ ਅਹਿਮ ਭੂਮਿਕਾ ਹੈ ਪਰ ਸਥਾਨਕ ਲੋਕਾਂ ਲਈ ਸਿਖਲਾਈ ਪ੍ਰਾਪਤ ਕਰਣ ਦੇ ਮੌਕਿਆਂ ਵਿੱਚ ਵਾਧਾ ਕਰਣਾ ਵੀ ਬਹੁਤ ਮਹੱਤਵਪੂਰਨ ਹੈ"
