ਆਸਟ੍ਰੇਲੀਆ ਦੇ ਲੋਕ ਆਉਣ ਵਾਲੇ ਦਹਾਕਿਆਂ ਵਿੱਚ ਲੰਮਾ ਜੀਵਨ ਅਤੇ ਬਿਹਤਰ ਸਿਹਤ ਦਾ ਆਨੰਦ ਮਾਣ ਸਕਣਗੇ। ਪਰ ਇਸ ਰਿਪੋਰਟ ਮੁਤਾਬਕ ਇਸ ਨਾਲ ਸਰਕਾਰੀ ਖ਼ਰਚਿਆਂ ਅਤੇ ਦੇਖਭਾਲ ਪ੍ਰਣਾਲੀ 'ਤੇ ਭਾਰੀ ਦਬਾਅ ਪੈ ਸਕਦਾ ਹੈ।
'ਇੰਟਰਜਨਰੇਸ਼ਨਲ ਰਿਪੋਰਟ' ਆਉਂਦੇ ਵੀਰਵਾਰ ਨੂੰ ਖਜ਼ਾਨਚੀ ਜਿਮ ਚੈਲਮਰਸ ਦੁਆਰਾ ਪੇਸ਼ ਕੀਤੀ ਜਾਵੇਗੀ ਪਰ ਇਸ ਤੋਂ ਮਿਲਣ ਵਾਲੇ ਇਸ਼ਾਰਿਆਂ ਤੋ ਆਉਣ ਵਾਲੇ ਦਹਾਕਿਆਂ ਬਾਰੇ ਅਨੁਮਾਨ ਲਗਾਇਆ ਜਾ ਸਕਦਾ ਹੈ। 2023 ਦੀ ਇਸ ਰਿਪੋਰਟ ਵਿਚ ਸਾਲ 2062-63 ਤੱਕ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਸ ਰਿਪੋਰਟ ਅਨੁਸਾਰ ਕੇਵਲ ਸਿਹਤ, ਬਜ਼ੁਰਗ ਦੇਖਭਾਲ, ਐਨ ਡੀ ਆਈ ਐਸ, ਰੱਖਿਆ ਅਤੇ ਕਰਜ਼ੇ 'ਤੇ ਵਿਆਜ ਦੇ ਭੁਗਤਾਨ ਕਰਨ ਵਿੱਚ ਹੀ ਸਰਕਾਰੀ ਖ਼ਰਚੇ ਇੱਕ ਤਿਹਾਈ ਤੋਂ ਵੱਧ ਕੇ 50 ਪ੍ਰਤੀਸ਼ਤ ਤੱਕ ਵਧ ਸਕਦੇ ਹਨ।
ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਸਨੂੰ ਬਜਟ ਵਿੱਚ ਇਸ ਸੰਭਾਵੀ ਦਬਾਅ ਨਾਲ ਨਜਿੱਠਣ ਲਈ ਕਈ ਮੁਸ਼ਕਲ ਫ਼ੈਸਲੇ ਲੈਣੇ ਪੈ ਸਕਦੇ ਹਨ ਅਤੇ ਬਜ਼ੁਰਗ ਅਬਾਦੀ ਦੀ ਦੇਖਭਾਲ ਲਈ ਟੈਕਸਦਾਤਾਵਾਂ 'ਤੇ ਵਧੇਰੇ ਬੋਝ ਪਾਉਣ ਤੋਂ ਇਲਾਵਾ ਹੋਰ ਕੋਈ ਵਿਕਲਪ ਸਰਕਾਰ ਸਾਹਮਣੇ ਨਹੀਂ ਜਾਪਦਾ।