ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਦੋ ਦਹਾਕੇ ਪਹਿਲਾਂ ਮੁਸਲਮਾਨਾਂ ਖ਼ਿਲਾਫ਼ ਗੁਜਰਾਤ ਵਿਚ ਵਾਪਰੇ ਸਮੂਹਿਕ ਕਤਲੇਆਮ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਉੱਤੇ ਲੱਗੇ ਦੋਸ਼ਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਦਾ ਅੰਦਰੂਨੀ ਮਾਮਲਾ ਦੱਸਿਆ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਆਪਣੇ ਆਉਣ ਵਾਲੇ ਭਾਰਤ ਦੌਰੇ ਬਾਰੇ ਬੋਲਦਿਆਂ ਕਿਹਾ ਕਿ, "ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਕੇਵਲ ਸਕਾਰਾਤਮਕ ਮੁੱਦਿਆਂ ਤੇ ਗੱਲਬਾਤ ਕਰਨ ਲਈ ਉਤਸੁਕ ਹਾਂ।"
ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਡਾਕੂਮੈਂਟਰੀ ਦੇ ਰਿਲੀਜ਼ ਹੋਣ ਤੋਂ ਬਾਅਦ ਜਨਤਕ ਤੌਰ 'ਤੇ ਸ਼੍ਰੀ ਮੋਦੀ ਦੀ ਆਲੋਚਨਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਹੈ ਕਿ ਉਹ ਸ਼੍ਰੀ ਮੋਦੀ ਦੇ ਚਿਤਰਿਤ ਕੀਤੇ ਜਾ ਰਹੇ 'ਕਿਰਦਾਰ' ਨਾਲ ਬਿਲਕੁਲ ਵੀ ਸਹਿਮਤ ਨਹੀਂ ਹਨ।
2002 ਵਿੱਚ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਿਯੁਕਤ ਸਨ, ਓਦੋਂ ਇਕ ਹਿੰਸਕ ਭੀੜ ਵਲੋਂ 800 ਤੋਂ ਵੀ ਵੱਧ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ।
ਬੀਬੀਸੀ ਚੈਨਲ ਵਲੋਂ ਬਣਾਈ ਗਈ ਇਕ ਦਸਤਾਵੇਜ਼ੀ ਫਿਲਮ - 'ਇੰਡੀਆ: ਦ ਮੋਦੀ ਕੁਏਸ਼ਚਨ' - ਨੇ ਪ੍ਰਧਾਨ ਮੰਤਰੀ
ਮੋਦੀ ਤੇ ਲਗਾਏ ਜਾਂਦੇ ਇੰਨ੍ਹਾ ਦੋਸ਼ਾਂ ਨੂੰ ਮੁੜ ਉਜਾਗਰ ਕੀਤਾ ਹੈ ਅਤੇ ਸ਼੍ਰੀ ਮੋਦੀ ਨੂੰ ਇਨ੍ਹਾਂ ਦੰਗਿਆਂ ਲਈ ਸਿੱਧੇ ਤੋਰ 'ਤੇ ਜ਼ਿੰਮੇਵਾਰ ਦੱਸਿਆ ਹੈ।
ਭਾਰਤ ਸਰਕਾਰ ਨੇ ਆਪਣੀਆਂ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਸ ਫ਼ਿਲਮ ਤੇ ਪਾਬੰਦੀ ਲਾਈ ਹੋਈ ਹੈ।
ਇਸ ਦੀ ਜਵਾਬੀ ਕਾਰਵਾਈ ਵਿੱਚ ਬੀ ਬੀ ਸੀ ਤੇ ਟੈਕਸ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਦੇ ਨਵੀਂ ਦਿੱਲੀ ਦੇ ਦਫਤਰਾਂ 'ਤੇ ਅਧਿਕਾਰੀਆਂ ਵਲੋਂ ਛਾਪੇਮਾਰੀ ਕੀਤੀ ਗਈ ਸੀ।
ਇਸ ਛਾਪੇਮਾਰੀ ਦੀ ਨਿਊਯਾਰਕ ਟਾਈਮਜ਼ ਅਤੇ ਵਾਸ਼ਿੰਗਟਨ ਪੋਸਟ ਵਲੋਂ ਵੀ ਤਿੱਖੀ ਨਿੰਦਾ ਕੀਤੀ ਗਈ ਅਤੇ ਇਨ੍ਹਾਂ ਉੱਘੇ ਅਖਬਾਰਾਂ ਵਲੋਂ ਮੋਦੀ ਸਰਕਾਰ 'ਤੇ ਪ੍ਰੈਸ ਦੀ ਅਜ਼ਾਦੀ ਉੱਤੇ ਸ਼ਿਕੰਜਾ ਕੱਸਣ ਦਾ ਦੋਸ਼ ਲਗਾਇਆ ਗਿਆ ਹੈ।