'ਸਟ੍ਰੋਕ' ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸਿਹਤ ਜੋਖਮਾਂ ਵਿੱਚੋਂ ਇੱਕ ਹੈ। ਹਰ ਸਾਲ ਇਹ 'ਬ੍ਰੈਸਟ' ਕੈਂਸਰ ਨਾਲੋਂ ਵੱਧ ਔਰਤਾਂ ਅਤੇ 'ਪ੍ਰੋਸਟੇਟ' ਕੈਂਸਰ ਨਾਲੋਂ ਜ਼ਿਆਦਾ ਮਰਦਾਂ ਦੀ ਜਾਣ ਲੈਂਦਾ ਹੈ।
ਆਸਟ੍ਰੇਲੀਅਨ ਸਟ੍ਰੋਕ ਫਾਊਂਡੇਸ਼ਨ ਦੇ ਅਨੁਸਾਰ 2020 ਵਿੱਚ 27,000 ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੂੰ 'ਸਟ੍ਰੋਕ' ਹੋਇਆ ਜਿਸ ਦਾ ਮਤਲਬ ਇਹ ਹੈ ਕਿ ਹਰ 19 ਮਿੰਟ ਵਿੱਚ ਇੱਕ ਵਿਅਕਤੀ ਆਸਟ੍ਰੇਲੀਆ ਵਿੱਚ ਸਟ੍ਰੋਕ ਦਾ ਸ਼ਿਕਾਰ ਹੋਇਆ। ਇਸ ਵਕਤ ਲਗਭਗ 445,000 ਤੋਂ ਵੱਧ ਆਸਟ੍ਰੇਲੀਅਨ ਸਟ੍ਰੋਕ ਦੇ ਪ੍ਰਭਾਵਾਂ ਨਾਲ ਪੀੜਤ ਹਨ।
'ਸਟ੍ਰੋਕ' ਫਾਊਂਡੇਸ਼ਨ ਦੇ ਮਾਰਕੀਟਿੰਗ ਦੇ ਕਾਰਜਕਾਰੀ ਨਿਰਦੇਸ਼ਕ, ਜੌਨ ਡੀ ਰੈਂਗੋ ਦਾ ਕਹਿਣਾ ਹੈ ਕਿ 'ਸਟ੍ਰੋਕ' ਕਈ ਕਾਰਨਾਂ ਕਰਕੇ ਹੋ ਸਕਦਾ ਹੈ ਪਰ ਇਸ ਦਾ ਪ੍ਰਮੁੱਖ ਕਾਰਨ ਹਾਈ ਬਲੱਡ ਪ੍ਰੈਸ਼ਰ ਦਾ ਇਲਾਜ ਨਾ ਕੀਤਾ ਜਾਣਾ ਹੈ।
ਸ਼੍ਰੀ ਡੀ ਰੰਗੋ ਨੇ ਕਿਹਾ ਕਿ 'ਸਟ੍ਰੋਕ' ਹੋਣ ਤੇ 'ਐਫ ਏ ਐਸ ਟੀ' ਤਕਨੀਕ ਧਿਆਨ ਵਿਚ ਰੱਖਣੀ ਕਾਫ਼ੀ ਪ੍ਰਭਾਵਸ਼ਾਲੀ ਹੋ ਸਕਦੀ ਹੈ।
ਇਸ ਵਿੱਚ 'ਐਫ' ਸਬਦ 'ਫੇਸ' ਯਾਨੀ ਚਿਹਰੇ' ਲਈ ਹੈ। ਇਹ ਦੇਖਣ ਦੀ ਲੋੜ ਹੈ ਕਿ ਪੀੜਤ ਦਾ ਚੇਹਰਾ ਟਿਕਿਆ ਹੋਇਆ ਹੈ ਜਾਂ ਡਿਗ ਗਿਆ ਹੈ। 'ਏ' ਸਬਦ 'ਆਰਮਜ਼' ਯਾਨੀ ਬਾਹਾਂ ਲਈ ਹੈ, ਕੀ ਪੀੜਤ ਆਪਣੀਆਂ ਦੋਵੇਂ ਬਾਹਾਂ ਚੁੱਕ ਸਕਦਾ ਹੈ ਜਾਂ ਨਹੀਂ। 'ਐਸ' ਸਬਦ 'ਸਪੀਚ' ਯਾਨੀ ਬੋਲੀ ਲਈ ਹੈ, ਕੀ ਪੀੜਤ ਦੇ ਬੋਲ ਸਮਝ ਵਿਚ ਆਉਂਦੇ ਹਨ ਜਾਂ ਨਹੀਂ। 'ਟੀ' ਸ਼ਬਦ ਟਾਇਮ ਯਾਨੀ ਸਮੇਂ ਲਈ ਵਰਤਿਆ ਗਿਆ ਹੈ ਜੋ ਇਹ ਦਰਸਾਉਂਦਾ ਹੈ ਕਿ ਸਟ੍ਰੋਕ ਹੋਣ ਤੇ ਸਮਾਂ ਸਭ ਤੋਂ ਨਾਜ਼ੁਕ ਹੁੰਦਾ ਹੈ ਅਤੇ ਇਸ ਨੂੰ ਹਮੇਸ਼ਾਂ ਇੱਕ ਮੈਡੀਕਲ ਐਮਰਜੈਂਸੀ ਲੈਣਾ ਚਾਹੀਦਾ ਹੈ। ਇਸ ਲਈ ਜੇਕਰ ਚਿਹਰਾ, ਬਾਹਾਂ ਜਾਂ ਬੋਲਣ ਦੇ ਚਿੰਨ੍ਹ ਤੁਹਾਨੂੰ ਦਿਖਾਈ ਦੇ ਰਹੇ ਹਨ ਤਾਂ ਤੁਰੰਤ ਐਮਬੂਲੈਂਸ ਬੁਲਾਉਣੀ ਚਾਹੀਦੀ ਹੈ।