ਗਿਪਸਲੈਂਡ ਦੇ ਮੋਰਵੈੱਲ ਇਲਾਕੇ ਵਿੱਚ ਰਹਿੰਦਾ ਇੱਕ ਭਾਰਤੀ ਪਰਿਵਾਰ ਆਪਣਾ ਘਰ ਛੱਡਣ ਲਈ ਮਜਬੂਰ ਹੈ। ਮੇਘਾਨੀ ਪਰਿਵਾਰ ਨੂੰ ਇਥੇ ਆਇਆਂ ਅਜੇ ਤਿੰਨ ਹੀ ਹਫ਼ਤੇ ਹੋਏ ਸਨ ਕਿ ਇੱਕ ਵਿਅਕਤੀ ਨੇ ਉਨ੍ਹਾਂ ਦਾ ਜਿਓਣਾ ਦੁੱਭਰ ਕਰ ਦਿੱਤਾ।
ਸਬੀਨਾ ਮੇਘਾਨੀ ਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ ਕਿ ਜੁਲਾਈ ਤੋਂ ਸ਼ੁਰੂ ਹੋਇਆ ਡਰ ਦਾ ਇਹ ਆਲਮ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ।
ਸਬੀਨਾ ਦੇ ਦੱਸਣ ਮੁਤਾਬਿਕ 6 ਜੁਲਾਈ, ਰਾਤ 10 ਵਜੇ ਸ਼ਰਾਬ ਦੇ ਨਸ਼ੇ ਵਿੱਚ ਆਏ ਇਸ ਵਿਅਕਤੀ ਨੇ ਹੁੱਡੀ ਨਾਲ ਨੱਕ ਤੱਕ ਮੂੰਹ ਢਕਿਆ ਹੋਇਆ ਸੀ। ਉਸਨੇ ਦਰਵਾਜ਼ਾ ਖੜਕਾਉਣ ਤੋਂ ਬਾਅਦ ਪੈਸਿਆਂ ਦੀ ਮੰਗ ਕੀਤੀ ਅਤੇ ਪੂਰੀ ਨਾ ਹੋਣ ਤੇ ਉੱਚੀ-ਉੱਚੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
"ਉਹ ਹੁਣ ਤੱਕ ਪਿਛਲੇ ਕੁਝ ਸਮੇਂ ਦੌਰਾਨ 14 ਵਾਰ ਸਾਡੇ ਘਰ ਤੱਕ ਪਹੁੰਚ ਚੁੱਕਿਆ ਹੈ। ਇਸ ਸਬੰਧੀ ਅਸੀਂ ਪੁਲਿਸ ਰਿਪੋਰਟ ਵੀ ਕਰ ਚੁੱਕੇ ਹਾਂ। ਉਹਨਾਂ ਘਟਨਾ ਦੀ ਤਫਤੀਸ਼ ਦੇ ਚਲਦਿਆਂ ਫਿੰਗਰਪ੍ਰਿੰਟ ਵੀ ਲਏ ਹਨ," ਸਬੀਨਾ ਨੇ ਦੱਸਿਆ।
"ਸਾਡਾ ਸਾਰਾ ਪਰਿਵਾਰ ਸਣੇ ਦੋ ਬੱਚੇ ਬੁਰੀ ਤਰਾਹ ਸਹਿਮੇ ਹੋਏ ਹਾਂ। ਇਸ ਵਿਅਕਤੀ ਨੇ ਸਾਡੇ ਸੌਣ-ਕਮਰੇ ਅਤੇ ਬੱਚਿਆਂ ਦੇ ਕਮਰੇ ਦੀਆਂ ਖਿੜਕੀਆਂ ਰੋੜ੍ਹੇ ਮਾਰਕੇ ਤੋੜ ਦਿੱਤੀਆਂ ਹਨ, ਜਾਲ਼ੀ ਵਾਲ਼ਾ ਦਰਵਾਜਾ ਵੀ ਤੋੜ੍ਹ ਦਿੱਤਾ ਹੈ।"

ਭਾਰਤੀ ਪਰਿਵਾਰ ਨੇ ਦੱਸਿਆ ਹੈ ਕਿ ਇਹ ਹਮਲੇ ਜਾਂ ਤਾਂ ਨਸਲੀ ਵਿਤਕਰੇ ਤੋਂ ਪ੍ਰੇਰਿਤ ਹਨ ਜਾਂ ਇਹ ਵਿਅਕਤੀ ਉਨ੍ਹਾਂ ਦੇ ਪਰਿਵਾਰ ਨੂੰ ਉਸ ਇਲਾਕੇ ਵਿੱਚ ਰਹਿੰਦੇ ਨਹੀਂ ਦੇਖਣਾ ਚਾਹੁੰਦਾ।
ਸਬੀਨਾ ਦੇ ਦੱਸਣ ਮੁਤਾਬਿਕ ਇੱਕ ਦਿਨ ਘਰੋਂ ਬਾਹਰ ਨਿਕਲਦੇ ਹੀ ਉਸਦੀ ਕਾਰ ਨੂੰ ਰੋਕਕੇ ਇਸ ਵਿਅਕਤੀ ਨੇ ਧਮਕੀ ਭਰੇ ਅੰਦਾਜ਼ ਵਿੱਚ ਪੁੱਛਿਆ ਕਿ ਉਸਦੀ ਸ਼ਿਕਾਇਤ ਪੁਲਿਸ ਨੂੰ ਕਿਓਂ ਕੀਤੀ ਗਈ ਹੈ।
ਬਹੁਤ ਸਾਰੇ ਭਾਰਤੀ ਪਰਿਵਾਰਾਂ ਨੇ ਮੇਘਾਨੀ ਪਰਿਵਾਰ ਨੂੰ ਆਪਣੇ ਘਰਾਂ ਵਿਚ ਸ਼ਰਨ ਦੇਣ ਦੀ ਪੇਸ਼ਕੇਸ਼ ਕੀਤੀ ਹੈ ਪਰ ਉਹ ਹੁਣ ਇਸ ਇਲਾਕੇ ਤੋਂ ਹਮੇਸ਼ਾਂ ਲਈ ਜਾਣ ਦਾ ਮਨ ਬਣਾ ਰਹੇ ਹਨ।
