ਮਾਨਸ ਆਇਲੈਂਡ 'ਤੇ ਆਸਟਰੇਲੀਆ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਵਿੱਚ ਬੰਦ ਇੱਕ ਪੰਜਾਬੀ ਨੇ ਬੀਤੇ ਸ਼ੁੱਕਰਵਾਰ ਆਪਣੇ ਕਮਰੇ ਨੂੰ ਬੰਦ ਕੇ ਕਰਕੇ ਇਸਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਇਸ ਪੰਜਾਬੀ ਵਿਅਕਤੀ ਦੇ ਚੇਹਰੇ ਅਤੇ ਹੱਥ ਸੜਨ ਦੀ ਖਬਰ ਹੈ।
31 ਸਾਲ ਦੇ ਰਵਿੰਦਰ ਸਿੰਘ ਨੂੰ ਫਿਲਹਾਲ ਪਾਪੁਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰਸਬੀ ਦੇ ਇੱਕ ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ ਹੈ ਜਿਥੇ ਕਿ ਉਹ ਆਈ ਸੀ ਯੂ ਵਿੱਚ ਭਰਤੀ ਹੈ।
.
ਸੈਂਟਰ ਵਿੱਚ ਬੰਦ ਉਸਦੇ ਇੱਕ ਸਾਥੀ, ਮਨਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਰਵਿੰਦਰ ਪਿਛਲੇ ਕਈ ਮਹੀਨਿਆਂ ਤੋਂ ਪਿੱਠ ਦੇ ਦਰਦ ਤੋਂ ਪ੍ਰੇਸ਼ਾਨ ਸੀ ਅਤੇ ਉਸਦਾ ਸਹੀ ਇਲਾਜ ਨਹੀਂ ਹੋ ਰਿਹਾ ਸੀ। ਮਨਜੀਤ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਦਰਦ ਵੱਧਣ ਕਾਰਨ ਉਸਨੂੰ ਚੱਲਣ ਫਿਰਨ ਵਿੱਚ ਵੀ ਤਕਲੀਫ ਸੀ, ਅਤੇ ਇਸਦੇ ਚਲਦਿਆਂ ਹੀ ਉਸਨੇ ਇਹ ਕਦਮ ਚੁੱਕਿਆ।

Source: Refugee Action Coalition
ਇਸਦੇ ਦੌਰਾਨ ਮਾਨਸ ਪ੍ਰੋਵਿੰਸ ਦੇ ਪੁਲਿਸ ਮੁਖੀ ਨੇ ਕਿਹਾ ਹੈ ਕਿ ਰਵਿੰਦਰ ਸਿੰਘ ਦੇ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਅੱਗ ਲਗਾਉਣ ਅਤੇ ਆਤਮਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਜਾਣਗੇ।
ਰਵਿੰਦਰ ਸਿੰਘ ਸਾਲ 2013 ਤੋਂ ਮਾਨਸ ਆਈਲੈਂਡ ਤੇ ਡਿਟੈਂਸ਼ਨ ਸੈਂਟਰ ਵਿੱਚ ਬੰਦ ਹੈ।
ਉਸ ਵੱਲੋਂ ਪ੍ਰੋਟੈਕਸ਼ਨ ਵੀਜ਼ਾ ਲਈ ਦਾਖਿਲ ਕੀਤੀ ਅਰਜ਼ੀ ਨੂੰ ਦੋ ਸਾਲ ਪਹਿਲਾਂ ਖਾਰਿਜ ਕੀਤਾ ਜਾ ਚੁੱਕਿਆ ਹੈ ਅਤੇ ਆਸਟਰੇਲੀਆ ਅਤੇ ਅਮਰੀਕਾ ਵਿਚਾਲੇ ਸਮਝੌਤੇ ਹੇਠ ਉਸਨੂੰ ਅਮਰੀਕਾ ਭੇਜਣ ਲਈ ਉਸਦੀ ਅਰਜੀ ਵੀ ਨਾਕਾਮ ਰਹੀ।