ਗੋਵਿੰਦ ਭਾਰਦਵਾਜ ਅਤੇ ਰੂਥ ਰਾਏਨ ਪਹਿਲੀ ਵਾਰ ਨਵੀਂ ਦਿੱਲੀ ਨੇੜੇ ਗੁਰੂਗ੍ਰਾਮ ਵਿੱਚ ਮਿਲੇ ਸਨ।
ਗੋਵਿੰਦ ਭਾਰਦਵਾਜ ਨੇ ਕਿਹਾ ਕਿ ਉਸਨੂੰ ਰੁੱਥ ਨਾਲ਼ ਪਹਿਲੀ ਨਜ਼ਰ ਵਿੱਚ ਪਿਆਰ ਹੋ ਗਿਆ ਸੀ ਪਰ ਉਸ ਵੇਲ਼ੇ ਉਸਨੂੰ ਆਸਟ੍ਰੇਲੀਆ ਆਉਣ ਵਾਲੀਆਂ ਚੁਣੌਤੀਆਂ ਬਾਰੇ ਅੰਦਾਜ਼ਾ ਨਹੀਂ ਸੀ।
ਅਕਤੂਬਰ 2019 ਵਿੱਚ ਜਦੋਂ ਰੁੱਥ ਆਪਣੇ ਪਰਿਵਾਰ ਕੋਲ ਬ੍ਰਿਸਬੇਨ ਵਾਪਸ ਪਰਤੀ ਤਾਂ ਸ੍ਰੀ ਭਾਰਦਵਾਜ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਉਸਨੂੰ ਇੱਕ ਸਾਲ ਤੱਕ ਨਹੀਂ ਵੇਖ ਸਕੇਗਾ।
ਉਨ੍ਹਾਂ ਨੇ ਪੰਜ ਵਾਰ ਅੰਤਰਰਾਸ਼ਰੀ ਆਵਾਜਾਈ ਛੋਟ ਲਈ ਅਰਜ਼ੀ ਦਿੱਤੀ ਪਰ ਹਰ ਵਾਰ ਇਹ ਅਰਜ਼ੀ ਸਰਕਾਰ ਵਲੋਂ ਰੱਦ ਕਰ ਦਿੱਤੀ ਗਈ।
ਅਖ਼ੀਰ ਤੇਰ੍ਹਾਂ ਮਹੀਨਿਆਂ ਦੀਆਂ ਅਸਫ਼ਲ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਜਦੋਂ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਮਿਲ਼ੀ ਤਾਂ ਉਨ੍ਹਾਂ ਇੱਥੇ ਆ ਕੇ ਬਿਨਾ ਵਕ਼ਤ ਜ਼ਾਇਆ ਕੀਤੇ ਪਿਛਲੇ ਮਹੀਨੇ ਰੁੱਥ ਰਾਏਨ ਨਾਲ਼ ਵਿਆਹ ਕਰਾ ਆਪਣੀ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕੀਤੀ।
ਜਿੱਥੇ ਇੱਕ ਪਾਸੇ ਗੋਵਿੰਦ ਅਤੇ ਰੁੱਥ ਦੀ ਕਹਾਣੀ ਸਿਰੇ ਚੜ ਗਈ ਪਰ ਉੱਥੇ ਅਸਥਾਈ ਵੀਜ਼ੇ 'ਤੇ ਸੈਂਕੜੇ ਹੋਰ ਜੋੜੇ ਅਤੇ ਪਰਿਵਾਰ ਆਪਣੇ ਅਜ਼ੀਜ਼ਾਂ ਨਾਲ ਮੁੜ ਜੁੜਨ ਲਈ ਬੇਚੈਨੀ ਨਾਲ਼ ਆਪਣੀ ਅਰਜ਼ੀ ਦੇ ਪ੍ਰਵਾਨ ਹੋਣ ਦੀ ਉਡੀਕ ਵਿੱਚ ਹਨ।
ਗ੍ਰੀਨਜ਼ ਸੈਨੇਟਰ ਅਤੇ ਇਮੀਗ੍ਰੇਸ਼ਨ ਦੇ ਬੁਲਾਰੇ ਸੈਨੇਟਰ ਨਿਕ ਮੈਕਕਿਮ ਨੇ ਬੁੱਧਵਾਰ ਨੂੰ ਸੰਸਦ ਵਿੱਚ ਅਜਿਹੇ ਪਰਿਵਾਰਾਂ ਅਤੇ ਸਕਿਲਡ ਵੀਜ਼ਾ ਧਾਰਕਾਂ ਦੀ ਦੁਰਦਸ਼ਾ ਨੂੰ ਇੱਕ ਵਾਰ ਫ਼ਿਰ ਉਭਾਰਦਿਆਂ ਸਰਕਾਰ ਨੂੰ ਅਸਥਾਈ ਵੀਜ਼ਾ ਧਾਰਕਾਂ ਲਈ ਦਰਵਾਜ਼ੇ ਖੋਲ੍ਹਣ ਲਈ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਅਸਥਾਈ ਵੀਜ਼ੇ 'ਤੇ ਰਹਿ ਰਹੇ ਲੋਕਾਂ ਦਾ ਆਸਟ੍ਰੇਲੀਆ ਵਿੱਚ ਆਉਣ ਅਤੇ ਇੱਥੇ ਰਹਿਣ ਦਾ ਕਾਨੂੰਨੀ ਤੌਰ ਉੱਤੇ ਹੱਕ ਬਣਦਾ ਹੈ ਅਤੇ ਇਨ੍ਹਾਂ ਨੂੰ ਇਸ ਅਧਿਕਾਰ ਤੋਂ ਵਾਂਝੇ ਨਹੀਂ ਕਰਨਾ ਚਾਹਿਦਾ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।