SKIP TO MAIN CONTENT

ਕਾਰ ਹਾਦਸੇ ਵਿੱਚ ਇੱਕ ਮੌਤ ਦੇ ਦੋਸ਼ੀ ਸੁਖਵੰਤ ਸੋਢੀ ਨੂੰ ਜੇਲ੍ਹ ਨਾ ਭੇਜਣ ਦਾ ਅਦਾਲਤੀ ਫੈਸਲਾ

ਮੈਲਬੌਰਨ ਰਹਿੰਦੇ ਇੱਕ ਵਿਅਕਤੀ ਨੂੰ ਸ਼ੇਪਰਟਨ ਲਾਗੇ ਹੋਏ ਇੱਕ ਕਾਰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪਰ ਉਸਦੀ ਨੇਕ-ਨੀਤੀ, ਪਰਿਵਾਰ ਪ੍ਰਤੀ ਸਮਰਪਣ ਅਤੇ ਜ਼ਿੰਮੇਵਾਰੀਆਂ ਦੇ ਅਹਿਸਾਸ ਦੇ ਚਲਦਿਆਂ ਉਸਨੂੰ ਜੇਲ ਨਹੀਂ ਜਾਣਾ ਪਵੇਗਾ।

Death on our roads, accident
Road accident Source: Supplied

2 min read

Published

Updated

By Vivek Asri

Presented by Preetinder Grewal


Skip to article content

ਮੈਲਬੌਰਨ ਦੇ ਵਸਨੀਕ ਸੁਖਵੰਤ ਸੋਢੀ ਨੂੰ ਇੱਕ ਭਿਆਨਕ ਕਾਰ ਹਾਦਸੇ ਦਾ ਦੋਸ਼ੀ ਪਾਉਂਦਿਆਂ ਅਦਾਲਤ ਨੇ 200 ਘੰਟੇ ਦੀ ਕਮਿਊਨਟੀ ਸਰਵਿਸ ਦੀ ਸਜ਼ਾ ਸੁਣਾਈ ਹੈ।

ਇਹ ਹਾਦਸਾ ਐਮ 31 ਹਾਈਵੇ ਉੱਪਰ ਓਦੋਂ ਵਾਪਰਿਆ ਜਦ ਸੋਢੀ ਦਾ ਪਰਿਵਾਰ 8 ਅਕਤੂਬਰ 2017 ਨੂੰ ਸਿਡਨੀ ਤੋਂ ਮੈਲਬੌਰਨ ਵਾਪਿਸ ਆ ਰਿਹਾ ਸੀ।

ਸੀਮੋਰ ਅਤੇ ਬੇਨਾਲ਼ਾ ਦੇ ਵਿਚਕਾਰ ਆਰਾਮ ਕਰਨ ਲਈ ਬਣਾਈ ਜਗਾਹ ਬੇਲਮਾਟੁਮ ਤੋਂ ਨਿਕਲਦਿਆਂ ਉਨ੍ਹਾਂ ਦੀ ਕਾਰ ਇੱਕ ਤੰਗ ਮੋੜ 'ਤੇ ਦਰਖ਼ਤ ਨਾਲ ਟਕਰਾਕੇ ਹਾਦਸਾਗ੍ਰਸਤ ਹੋ ਗਈ ਸੀ।

ਇਸ ਹਾਦਸੇ ਵਿੱਚ ਕਾਰ-ਚਾਲਕ ਸੋਢੀ ਦੀ ਪਤਨੀ ਗੁਰਪ੍ਰੀਤ ਅਤੇ ਪਰਿਵਾਰ ਦੀ ਇਕ ਹੋਰ ਮੈਂਬਰ ਹਰਮਿੰਦਰ ਦੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਸਨ।

ਗੰਭੀਰ ਰੂਪ ਵਿੱਚ ਫੱਟੜ ਹੋਈ ਹਰਮਿੰਦਰ ਦੀ ਇੱਕ ਮਹੀਨੇ ਦੇ ਇਲਾਜ ਪਿੱਛੋਂ ਮੌਤ ਹੋ ਗਈ ਸੀ।

ਪੁਲਿਸ ਵੱਲੋਂ 48-ਸਾਲਾ ਸੋਢੀ ਉੱਤੇ ਖ਼ਤਰਨਾਕ ਡ੍ਰਾਈਵਿੰਗ ਦੇ ਚਲਦਿਆਂ ਇੱਕ ਮੌਤ ਅਤੇ ਇੱਕ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦੇ ਦੋਸ਼ ਆਇਦ ਕੀਤੇ ਗਏ ਸਨ।

ਵਿਕਟੋਰੀਆ ਦੀ ਇੱਕ ਅਦਾਲਤ ਨੇ ਸੋਢੀ ਨੂੰ ਇਸ ਘਟਨਾ ਦਾ ਦੋਸ਼ੀ ਪਾਉਂਦਿਆਂ 200 ਘੰਟੇ ਦੀ ਕਮਿਊਨਟੀ ਸਰਵਿਸ ਦੀ ਸ਼ਰਤ ਉੱਤੇ ਤਿੰਨ ਸਾਲ ਲਈ ਕਮਿਊਨਿਟੀ ਕੋਰੇਕਸ਼ਨ ਆਰਡਰ ਲਾਏ ਹਨ।

ਇਸਦੇ ਚਲਦਿਆਂ ਉਸਦਾ ਡ੍ਰਾਈਵਿੰਗ ਲਾਇਸੈਂਸ ਵੀ ਖਾਰਿਜ ਕਰ ਦਿੱਤਾ ਗਿਆ ਹੈ ਅਤੇ ਉਹ ਅਗਲੇ 18 ਮਹੀਨੇ ਲਈ ਲਾਇਸੈਂਸ ਬਹਾਲ ਕਰਨ ਦੀ ਅਰਜ਼ੀ ਵੀ ਨਹੀਂ ਦੇ ਸਕੇਗਾ।

ਸੋਢੀ ਆਸਟ੍ਰੇਲੀਆ ਵਿੱਚ 2014 ਵਿੱਚ ਆਇਆ ਸੀ ਅਤੇ ਹਾਦਸੇ ਵੇਲ਼ੇ ਉਸਦੀ ਉਮਰ 48 ਸਾਲ ਸੀ।

ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਇਹ ਵੀ ਪਾਇਆ ਕਿ ਉਹ ਇੱਕ ਨੇਕ ਇਨਸਾਨ ਹੈ ਅਤੇ ਹਾਦਸੇ ਵਿੱਚ ਉਸਨੇ ਆਪਣੇ ਪਰਿਵਾਰ ਦੇ ਹੋਏ ਨੁਕਸਾਨ ਦਾ ਭਾਰੀ ਮੁੱਲ ਤਾਰਿਆ ਹੈ।

ਜੱਜ ਲਾਓਸਨ ਨੇ ਆਖਿਆ,"ਤੁਸੀਂ ਇੱਕ ਨੇਕ, ਜ਼ਿੰਮੇਵਾਰ ਅਤੇ ਧਾਰਮਿਕ ਕਦਰਾਂ-ਕੀਮਤਾਂ ਵਾਲੇ ਪਰਿਵਾਰਕ ਇਨਸਾਨ ਹੋ ਜਿਸ ਵਿੱਚ ਦੂਜਿਆਂ ਦੀ ਲੋੜ੍ਹ ਮੁਤਾਬਿਕ ਮੱਦਦ ਕਰਨ ਦਾ ਜਜ਼ਬਾ ਹੈ।

ਸੋਢੀ ਨੂੰ ਆਪਣਾ ਦੋਸ਼ ਕਬੂਲਣ, ਪਰਿਵਾਰ ਪ੍ਰਤੀ ਸਮਰਪਣ ਅਤੇ ਜਿੰਮੇਵਾਰੀਆਂ ਦੇ ਅਹਿਸਾਸ ਦੇ ਚਲਦਿਆਂ ਜੇਲ ਨਹੀਂ ਭੇਜਿਆ ਜਾ ਰਿਹਾ।

ਇੱਕ ਜਾਣਕਾਰੀ ਮੁਤਾਬਿਕ ਸੋਢੀ ਆਪਣੀ ਪਤਨੀ ਅਤੇ ਦੋ ਬੱਚਿਆਂ ਦੀ ਜ਼ਿੰਮੇਵਾਰੀ ਦੇ ਨਾਲ਼-ਨਾਲ਼ ਕਾਰ ਹਾਦਸੇ ਵਿੱਚ ਮਾਰੀ ਗਈ ਹਰਮਿੰਦਰ ਕੌਰ ਦੇ ਦੋ ਬੱਚਿਆਂ ਦੀ ਪਰਵਰਿਸ਼ ਵਿੱਚ ਵੀ ਬਣਦਾ ਯੋਗਦਾਨ ਪਾ ਰਿਹਾ ਹੈ।

ਐਸ ਬੀ ਐਸ ਪੰਜਾਬੀ ਦੇ ਫੇਸਬੁੱਕ ਅਤੇ ਟਵਿੱਟਰ ਦਾ ਵੀ ਹਿੱਸਾ ਬਣੋ


Follow SBS Punjabi

Download our apps

Watch on SBS

Punjabi News

Stream now