ਮੈਲਬਰਨ ਸਿਟੀ ਕਾਉਂਸਿਲ ਦੇ ਇੱਕ ਪ੍ਰਸਤਾਵ ਹੇਠ ਗੱਡੀਆਂ ਦੀ ਰੇਜਿਸਟ੍ਰੇਸ਼ਨ ਫੀਸ ਦੀ ਥਾਂ ਵਾਹਨ ਚਾਲਕਾਂ ਤੋਂ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕੰਜੇਸ਼ਨ ਚਾਰਜ ਲੈਣ ਦੀ ਤਜਵੀਜ ਕੀਤੀ ਗਈ ਹੈ। ਇਹ ਪ੍ਰਸਤਾਵ ਮੈਲਬਰਨ ਸ਼ਹਿਰ ਵਿੱਚ ਗੱਡੀਆਂ ਦੀ ਵੱਧ ਰਹੀ ਭੀੜ ਤੇ ਨੱਥ ਪਾਉਣ ਦੇ ਟੀਚੇ ਨਾਲ ਪੇਸ਼ ਕੀਤਾ ਗਿਆ ਹੈ।
ਇਸਦੇ ਤਹਿਤ ਡਰਾਈਵਰ ਹਰੇਕ ਸਾਲ ਅਦਾਅ ਕੀਤੇ ਜਾਣ ਵਾਲੀ ਰਜਿਸਟਰੇਸ਼ਨ ਫੀਸ ਦੀ ਥਾਂ ਉਹਨਾਂ ਵੱਲੋਂ ਵਾਹਨ ਵਿੱਚ ਤੈਅ ਕੀਤੇ ਸਫ਼ਰ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ। ਸ਼ਹਿਰ ਦੇ ਵਧੇਰੇ ਵਿਅਸਤ ਇਲਾਕਿਆਂ ਵਿੱਚ ਭੀੜ ਦੇ ਸਮੇਂ ਜਾਣ ਲਈ ਵਾਧੂ ਚਾਰਜ ਲਾਗੂ ਕੀਤਾ ਜਾਵੇਗਾ।
ਕੰਜੇਸ਼ਨ ਚਾਰਜ ਦੁਨੀਆ ਦੇ ਕਈ ਹੋਰ ਵੱਡੇ ਸ਼ਹਿਰਾਂ, ਜਿੰਵੇ ਕਿ ਲੰਡਨ, ਸਿੰਗਾਪੁਰ ਅਤੇ ਓਰੇਗੋਨ ਵਿੱਚ ਪਹਿਲਾਂ ਤੋਂ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ।
'ਦਾ ਏਜ' ਅਖਬਾਰ ਮੁਤਾਬਿਕ ਮੈਲਬਰਨ ਸਿਟੀ ਕਾਉਂਸਿਲ ਨੇ ਇਹ ਪ੍ਰਸਤਾਵ ਪੰਜ ਸਾਲ ਟ੍ਰਾੰਸਪੋਰਟ ਯੋਜਨਾ ਦੇ ਜਾਰੀ ਕਰਨ ਤੋਂ ਪਹਿਲਾਂ ਪੇਸ਼ ਕੀਤਾ ਹੈ ਜਿਸ ਵਿੱਚ ਸ਼ਹਿਰ ਵਧਦੀ ਭੀੜ ਨਾਲ ਨਜਿੱਠਣਾ ਸ਼ਾਮਿਲ ਹੋਵੇਗਾ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮੈਲਬਰਨ ਸ਼ਹਿਰ ਦੇ 12 ਮਿਲੀਅਨ ਰੋਜ਼ਾਨਾ ਟ੍ਰਿਪ ਸਾਲ 2050 ਵਿੱਚ ਵਧਕੇ 22 ਮਿਲੀਅਨ ਹੋ ਜਾਣਗੇ।
ਹਾਲਾਂਕਿ ਕੰਜੇਸ਼ਨ ਚਾਰਜ ਸਿਆਸੀ ਤੌਰ ਤੇ ਇਕ ਵਿਵਾਦਪੂਰਨ ਮੁੱਦਾ ਬਣ ਸਕਦਾ ਹੈ ਪਰ ਲਾਰਡ ਮੇਅਰ ਸੈਲੀ ਕੈੱਪ ਨੇ ਕਿਹਾ ਕਿ ਉਹ ਵੇਖਣਾ ਚਾਹੁੰਦੇ ਹਨ ਕਿ ਕੀ ਸੜਕਾਂ ਦੇ ਇਸਤੇਮਾਲ ਲਈ ਕੀਮਤ ਨਾਲ ਮੈਲਬਰਨ ਸ਼ਹਿਰ ਦੇ ਰਸ਼ ਦੀ ਸਮੱਸਿਆ ਹੱਲ ਹੋ ਸਕਦੀ ਹੈ।
ਇਸ ਪ੍ਰਸਤਾਵ ਹੇਠ ਕੰਜੇਸ਼ਨ ਚਾਰਜ ਪਹਿਲਾਂ ਕੇਵਲ ਸ਼ਹਿਰ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਫੇਰ ਇਸਨੂੰ ਪੂਰੇ ਮੈਲਬਰਨ ਤੱਕ ਵਧਾਉਣ ਦੀ ਤਜਵੀਜ ਹੈ। ਸਕੀਮ ਹੇਠ ਗੱਡੀਆਂ ਵਿੱਚ ਟੋਲ ਪੇਮੈਂਟ ਜਿਹੇ ਇਲੈਕਟ੍ਰੋਨਿਕ ਟੈਗ ਲਗਾਏ ਜਾਣਗੇ ਜੋ ਕਿ ਦਿਨ ਦੇ ਸਮੇ ਅਤੇ ਸਥਾਨ ਅਨੁਸਾਰ ਵਾਹਨ ਵੱਲੋਂ ਤੈਅ ਕੀਤੀ ਦੂਰੀ ਮੁਤਾਬਿਕ ਚਾਰਜ ਦਾ ਹਿਸਾਬ ਲਗਾਉਣਗੇ।
ਵਧੇਰੇ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਸਫ਼ਰ ਕਰਨਾ ,ਮਹਿੰਗਾ ਹੋਵੇਗਾ ਜਦਕਿ ਘਟ ਭੀੜ ਵਾਲਿਆਂ ਸੜਕਾਂ ਤੇ ਗੱਡੀ ਚਲਾਉਣਾ ਸਸਤਾ ਹੋਵੇਗਾ।
ਕਾਉਂਸਿਲ ਮੁਤਾਬਿਕ ਇਸ ਸਕੀਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪੈਟਰੋਲ-ਡੀਜਲ ਤੇ ਲੱਗਦਾ ਟੈਕਸ ਨਹੀਂ ਦੇਣਾ ਪਵੇਗਾ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਕਾਉਂਸਿਲ ਇਸਨੂੰ ਕਿਵੇਂ ਲਾਗੂ ਕਰੇਗੀ।
