ਭਾਰਤ ਦੇ ਸਿਡਨੀ ਵਿਚਲੇ ਕੌਂਸਲਖਾਨੇ ਨੇ ਸਟੱਡੀ ਐਨ ਐਸ ਡਬਲਿਊ ਦੇ ਸਹਿਯੋਗ ਨਾਲ ਸਿਡਨੀ ਅਤੇ ਨਿਊ ਸਾਊਥ ਵੇਲਸ ਵਿਚ ਪੜ ਰਹੇ ਭਾਰਤੀ ਸਿਖਿਆਰਥੀਆਂ ਲਈ ਮਿਤੀ ੨੫ ਅਗਸਤ ੨੦੧੭ ਨੂੰ ਸ਼ਾਮ ੩.੪੫ ਤੋਂ ਲੈ ਕੇ ੬.੦੦ ਵਜੇ ਤਕ (ਲੈਵਲ ੨, ਕਾਸਲਵੇਅ ਸਟਰੀਟ, ਸਿਡਨੀ ਵਿਚ) ਇਕ ਜਾਣਕਾਰੀ ਭਰੇ ਸੈਸ਼ਨ ਦਾ ਆਯੋਜਨ ਕੀਤਾ ਹੈ ਅਤੇ ਸਾਰੇ ਹੀ ਭਾਰਤੀ ਵਿਦਿਆਰਥੀਆਂ ਨੂੰ ਉਥੇ ਆਣ ਲਈ ਸੱਦਾ ਦਿਤਾ ਹੈ। ਇਸ ਸੈਸ਼ਨ ਵਿਚ ਰੈਡਫਰਨ ਲੀਗਲ ਸੈਂਟਰ, ਐਨ ਐਸ ਡਬਲੀਊ ਪੁਲਿਸ ਅਤੇ ਫੇਅਰ ਵਰਕ ਓੰਬਡਸਮਨ ਦੇ ਨੁਮਾਂਇੰਦੇ ਵੀ ਆ ਕੇ ਸਿਖਿਆਰਥੀਆਂ ਨੂੰ ਜਾਣਕਾਰੀ ਦੇ ਨਾਲ ਨਾਲ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ।
ਸਟਡੀ ਐਨ ਐਸ ਡਬਲਿਊ ਤੋਂ ਗੁਰਨਾਮ ਸਿੰਘ ਨੇ ਆਪਣੀ ਹੱਡ-ਬੀਤੀ ਸਾਡੇ ਨਾਲ ਸਾਂਝੀ ਕਰਦੇ ਹੋਏ ਦਸਿਆ ਹੈ ਕਿ ਕਾਂਊਂਸੂਲੇਟ ਜਨਰਲ ਦਫਤਰ ਵਲੋਂ ਕੀਤੇ ਜਾ ਰਹੇ ਇਹੋ ਜਿਹੇ ਉਪਰਾਲਿਆਂ ਨਾਲ ਨਵੇਂ ਆਏ ਹੋਏ ਵਿਦਿਆਰਥੀਆਂ ਨੂੰ ਕਾਫੀ ਮਦਦ ਮਿਲ ਸਕਦੀ ਹੈ ਜਿਵੇਂਕਿ ਉਹਨਾਂ ਨੂੰ ਪਤਾ ਚਲ ਸਕਦਾ ਹੈ ਕਿ ਕਿਸੇ ਕਿਸਮ ਦਾ ਧੱਕਾ ਹੋਣ ਦੀ ਸੂਰਤ ਵਿਚ ਕਿਥੇ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਕੰਮ ਕਰਨ ਵਾਲੇ ਸਥਾਨ ਤੇ ਉਹਨਾਂ ਦੇ ਕੀ ਹਕੂਕ ਹੁੰਦੇ ਹਨ । ਪੁਲਿਸ, ਜਿਸ ਤੋਂ ਕਿ ਅਸੀਂ ਸਾਰੇ ਭਾਰਤੀ ਹੀ ਆਮ ਤੋਰ ਤੇ ਦੂਰ ਰਹਿਣ ਦਾ ਯਤਨ ਕਰਦੇ ਹਾਂ, ਇਥੇ ਇਹ ਇਸ ਦੇ ਐਨ ਉਲਟ, ਬਹੁਤ ਮਦਦਗਾਰ ਸਿਧ ਹੁੰਦੀ ਹੈ।
ਆਸਟ੍ਰੇਲੀਆ ਵਿਚ ਆ ਕੇ, ਬਿਨਾਂ ਕਿਸੇ ਜਾਣਕਾਰ ਦੀ ਮਦਦ ਦੇ (ਜਿਸ ਨੂੰ ਰੈਫਰੈਂਸ ਵੀ ਕਿਹਾ ਜਾਂਦਾ ਹੈ), ਪਹਿਲੀ ਨੋਕਰੀ ਪ੍ਰਾਪਤ ਕਰਨਾਂ ਬਹੁਤ ਮੁਸ਼ਕਲ ਜਾਪਦਾ ਹੈ ਪਰ ਗੁਰਨਾਮ ਦੱਸਦੇ ਹਨ ਕਿ ਆਸਟ੍ਰੇਲੀਆ ਵਿਚ ਵਲੰਟੀਅਰ ਵਜੋਂ ਸੇਵਾ ਕਰਨ ਨਾਲ ਜਿਥੇ ਇਥੋਂ ਦੇ ਸਿਸਟਮ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਉਥੇ ਨਾਲ ਹੀ ਅਗਲੀ ਨੋਕਰੀ ਲਈ ਇਕ ਰੈਫਰੇਂਸ ਵੀ ਬਣ ਜਾਂਦਾ ਹੈ।

Stay Safe and Know your working rights Source: Consulate-General of India

After finishing his studies Gurnam has established himself in both society and in career equally well. Source: Gurnam Singh
ਪੜਾਈ ਦੇ ਨਾਲ ਨਾਲ ਕੰਮ ਵੀ ਕਰਨਾਂ ਤਾਂ ਕਿ ਫੀਸਾਂ ਵਗੇਰਾ ਇਥੋਂ ਹੀ ਭਰੀਆਂ ਜਾ ਸਕਣ, ਕਾਫੀ ਮੁਸ਼ਕਲ ਜਾਪਦਾ ਹੈ। ਪਰ ਗੁਰਨਾਮ ਅਨੁਸਾਰ ਕੇਵਲ ਕੰਮ ਹੀ ਕਰੀ ਜਾਣ ਦਾ ਇਕ ਨੁਕਸਾਨ ਇਹ ਵੀ ਹੁੰਦਾ ਹੈ ਕਿ ਪੜਾਈ ਵਿਚੋਂ ਅਸਫਲ ਰਹਿ ਜਾਣ ਉਤੇ ਉਹ ਪੜਾਈ ਦੁਬਾਰਾ ਕਰਨੀ ਪੈ ਸਕਦੀ ਹੈ ਅਤੇ ਫੀਸਾਂ ਵਗੈਰਾ ਦੁਬਾਰਾ ਭਰਨ ਕਾਰਨ ਪਹਿਲਾਂ ਜਾਨ ਮਾਰ ਕੇ ਕੀਤੀ ਹੋਈ ਵਾਧੂ ਕਮਾਈ ਖੂਹ ਖਾਤੇ ਵਿਚ ਪੈ ਜਾਂਦੀ ਹੈ। ਇਸ ਲਈ ਕੰਮ ਅਤੇ ਪੜਾਈ ਦੋਹਾਂ ਨੂੰ ਹੀ ਬਰਾਬਰ ਤਰਜੀਹ ਦੇਣੀ ਚਾਹੀਦੀ ਹੈ।