ਗ੍ਰਹਿ ਵਿਭਾਗ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਇਹ ਪਤਾ ਚੱਲਿਆ ਹੈ ਕਿ 2019-20 ਵਿੱਚ ਆਸਟ੍ਰੇਲੀਆ ਵਲੋਂ ਪ੍ਰਵਾਨ ਕੀਤੇ ਸਥਾਈ ਰੈਜ਼ੀਡੈਂਸੀ ਵੀਜ਼ੇਆਂ ਵਿੱਚ 12 ਫੀਸਦ ਦੀ ਕਮੀ ਦਰਜ ਕੀਤੀ ਗਈ ਹੈ। ਆਸਟ੍ਰੇਲੀਆ ਪ੍ਰਵਾਸ ਵਿੱਚ ਇਹ ਪਿੱਛਲੇ ਦਹਾਕੇ ਦੀ ਸੱਬ ਤੋਂ ਵੱਡੀ ਗਿਰਾਵਟ ਹੈ।

ਆਸਟ੍ਰੇਲੀਆ ਨੇ 2019-20 ਵਿਚ 140,366 ਸਥਾਈ ਰੈਜ਼ੀਡੈਂਸੀ ਵੀਜ਼ਾ ਦਿੱਤੇ, ਜਿਸਦੀ ਗਿਣਤੀ 2018-19 ਵਿੱਚ ਪ੍ਰਵਾਨ ਹੋਏ 160,300 ਸਥਾਈ ਰੈਜ਼ੀਡੈਂਸੀ ਵੀਜ਼ੇਆਂ ਨਾਲੋਂ ਕਾਫ਼ੀ ਘੱਟ ਸੀ। ਇਸ ਕਮੀ ਦੇ ਬਾਵਜੂਦ ਵੀ ਭਾਰਤ ਇਕ ਵਾਰ ਫ਼ੇਰ ਆਸਟ੍ਰੇਲੀਆ ਆਣ ਵਾਲੇ ਪ੍ਰਵਾਸੀਆਂ ਲਈ ਸੱਬ ਤੋਂ ਵੱਡਾ ਸਰੋਤ ਦੇਸ਼ ਬਣ ਕੇ ਸਾਹਮਣੇ ਆਇਆ ਹੈ।
ਭਾਰਤੀਆਂ ਨੂੰ 25,698 ਸਥਾਈ ਰੈਜ਼ੀਡੈਂਸੀ ਵੀਜ਼ੇ ਦਿੱਤੇ ਗਏ ਜਿਸ ਵਿੱਚ 22,170 ਸਕਿਲਡ ਸ਼੍ਰੇਣੀ ਵਿੱਚ, 3,226 ਪਰਿਵਾਰਕ ਸ਼੍ਰੇਣੀ ਵਿੱਚ, 5 ਨੂੰ ਵਿਸ਼ੇਸ਼ ਯੋਗਤਾ ਅਧੀਨ ਅਤੇ 297 ਵੀਜ਼ੇ ਬੱਚਿਆਂ ਨੂੰ ਪ੍ਰਵਾਨ ਕੀਤੇ ਗਏ।

2018-19 ਦੀ ਤੁਲਣਾ ਵਿੱਚ 2019-20 ਵਿੱਚ ਖ਼ੇਤਰੀ ਇਲਾਕਿਆਂ ਵਿੱਚ 27 ਪ੍ਰਤੀਸ਼ਤ ਦਾ ਵਾਧਾ ਵੇਖਣ ਨੂੰ ਮਿਲਿਆ। ਪਿੱਛਲੇ ਸਾਲ ਕੁੱਲ 23,372 ਵੀਜ਼ੇ ਖ਼ੇਤਰੀ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਪ੍ਰਦਾਨ ਕੀਤੇ ਗਏ ਜੱਦ ਕੀ 2018-19 ਵਿੱਚ ਇਹ ਗਿਣਤੀ18,308 ਸੀ।
ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪਰਵਾਸੀ ਸੇਵਾਵਾਂ ਅਤੇ ਬਹੁਸਭਿਆਚਾਰਕ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਸ਼੍ਰੀ ਐਲਨ ਟੱਜ ਨੇ ਦਸਿਆ ਕਿ ਪਿੱਛਲੇ ਸਾਲ 70 ਪ੍ਰਤੀਸ਼ਤ ਵੀਜ਼ੇ ਸਕਿਲਡ ਸ਼੍ਰੇਣੀ ਵਿੱਚ ਪ੍ਰਦਾਨ ਕੀਤੇ ਗਏ ਸਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
