ਦੱਖਣੀ ਅਫ਼ਰੀਕਾ ਵਿੱਚ ਪਹਿਲੀ ਵਾਰ ਪਤਾ ਲੱਗਣ ਤੋਂ ਬਾਅਦ ਓਮਿਕਰੋਨ ਕੇਸਾਂ ਦੀ ਮਜੂਦਗੀ ਦਾ ਹੁਣ ਸਿਡਨੀ ਅਤੇ ਨਿਊ ਸਾਊਥ ਵੇਲਜ਼ ਸੈਂਟਰਲ ਕੋਸਟ ਵਿੱਚ ਪਤਾ ਲੱਗਾ ਹੈ ਜਿਸ ਕਾਰਨ ਆਸਟ੍ਰੇਲੀਆ ਵਿੱਚ ਯਾਤਰਾ ਪਾਬੰਦੀਆਂ ਨੂੰ ਦੋ ਹਫ਼ਤੇ ਲਈ ਵਧਾ ਦਿੱਤਾ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੋਰ ਵੀਜ਼ਾ ਧਾਰਕਾਂ ਨੂੰ 1 ਦਸੰਬਰ ਤੋਂ ਆਸਟ੍ਰੇਲੀਆ ਵਿੱਚ ਵਾਪਸ ਆਉਣ ਦੀ ਆਗਿਆ ਦਿੱਤੀ ਗਈ ਸੀ ਪਰ 'ਓਮਿਕਰੋਨ' ਨਾਲ਼ ਸੰਕ੍ਰਮਿਤ ਕੇਸਾਂ ਦਾ ਪਤਾ ਲਗਣ ਤੋਂ ਬਾਅਦ ਇਨ੍ਹਾਂ ਵੀਜ਼ਾ ਧਾਰਕਾਂ ਨੂੰ ਇਕਦਮ ਆਪਣੀਆਂ ਯਾਤਰਾ ਯੋਜਨਾਵਾਂ ਬਦਲਨੀਆਂ ਪਈਆਂ।
ਗ੍ਰਹਿ ਮਾਮਲਿਆਂ ਦੇ ਮੰਤਰੀ ਕੈਰਨ ਐਂਡਰਿਊਜ਼ ਨੇ ਸੰਸਦ ਨੂੰ ਦੱਸਿਆ ਕਿ ਸਰਕਾਰ ਲਈ ਦੋ ਹਫ਼ਤਿਆਂ ਲਈ ਸਰਹਦਾਂ ਨੂੰ ਹੋਰ ਬੰਦ ਰੱਖਣ ਦਾ ਫ਼ੈਸਲਾ ਆਸਾਨ ਫੈਸਲਾ ਨਹੀਂ ਸੀ ਪਰ ਸਿਹਤ ਸਲਾਹ ਕਰਕੇ ਇਹ ਫ਼ੈਸਲਾ ਲੈਣ ਤੇ ਮਜਬੂਰ ਹੋਣਾ ਪਿਆ।
ਇਸ ਵੇਲ਼ੇ ਸ਼ਰਨਾਰਥੀ ਵੀਜ਼ਾ, ਵਿਦਿਆਰਥੀ ਵੀਜ਼ਾ ਅਤੇ ਕੰਮਕਾਜੀ ਛੁੱਟੀਆਂ ਦੇ ਵੀਜ਼ੇ ਸਮੇਤ 42 ਵੱਖ-ਵੱਖ ਵੀਜ਼ਾ ਸ਼੍ਰੇਣੀਆਂ ਅਧੀਨ ਆਉਂਦੇ ਵੀਜ਼ਾ ਧਾਰਕਾਂ ਜਿਨ੍ਹਾਂ ਨੇ ਮਾਨਤਾ ਪ੍ਰਾਪਤ ਵੈਕਸੀਨ ਦੇ ਦੋਵੇਂ ਟੀਕੇ ਲਵਾਏ ਹੋਏ ਹਨ ਨੂੰ ਬਿਨਾਂ ਕਿਸੇ ਛੋਟ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।
ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਇਹ ਕਦਮ ਇਸ ਉਮੀਦ ਉਤੇ ਚੁੱਕੇ ਜਾ ਰਹੇ ਹਨ ਤਾਂ ਕਿ15 ਦਸੰਬਰ ਤੋਂ ਸੁਰੱਖਿਅਤ ਢੰਗ ਨਾਲ਼ ਦੁਬਾਰਾ ਯਾਤਰਾ ਸ਼ੁਰੂ ਕੀਤੀ ਜਾ ਸਕੇ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।