ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਸੋਮਵਾਰ ਨੂੰ ਤਕਰੀਬਨ 37 ਲੈਕਚਰਾਰਾਂ ਨੂੰ ਉਹਨਾਂ ਦੀ ਪਸੰਦ ਦੇ ਕਾਲਜਾਂ ਵਿੱਚ ਨਿਯੁਕਤੀ ਦੇਣ ਬਾਬਤ ਆਪਣੇ ਦਫਤਰ ਵਿੱਚ ਬੁਲਾਇਆ ਸੀ ਤਾਂ ਕਿ ਉਹਨਾਂ ਸਾਰਿਆਂ ਦੇ ਨਾਲ ਆਹਮੋ ਸਾਹਮਣੇ, ਖੁੱਲੀ ਗੱਲਬਾਤ ਦੁਆਰਾ ਉਹਨਾਂ ਨੂੰ, ਉਹਨਾਂ ਦੀ ਪਸੰਦ ਦੇ ਕਾਲਜਾਂ ਵਿੱਚ ਨਿਯੁਕਤ ਕੀਤਾ ਜਾ ਸਕੇ। ਇਹਨਾਂ ਉਮੀਦਵਾਰਾਂ ਨੇ ਹਾਲ ਵਿੱਚ ਹੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਲਏ ਗਏ ਇਮਤਿਹਾਨਾਂ ਨੂੰ ਪਾਸ ਕੀਤਾ ਸੀ ਅਤੇ ਹੁਣ ਪੰਜਾਬ ਭਰ ਦੇ ਕਾਲਜਾਂ ਵਿੱਚ ਨਿਯੁਕਤ ਹੋਣ ਦੀ ਉਡੀਕ ਕਰ ਰਹੇ ਸਨ।
ਇਹਨਾਂ ਵਿੱਚੋਂ 35 ਲੈਕਚਰਾਰਾਂ ਦੀ ਨਿਯੁਕਤੀ ਤਾਂ ਆਪਸੀ ਆਮ ਸਹਿਮਤੀ ਦੁਆਰਾ ਸਹਿਜੇ ਹੀ ਹੋ ਗਈ, ਪਰ ਦੋ ਦਾ ਇਸ ਗੱਲ ਤੋਂ ਅੜਿਕਾ ਪੈ ਗਿਆ ਕਿ ਦੋਵੇਂ ਹੀ ਪਟਿਆਲਾ ਜਿਲੇ ਦੇ, ਇੱਕੋ ਹੀ ਕਾਲਜ ਵਿੱਚ ਨਿਯੁਕਤ ਹੋਣ ਦੇ ਚਾਹਵਾਨ ਸਨ।
ਤੇ ਇਸ ਮਸਲੇ ਦਾ ਹੱਲ ਕੱਢਣ ਲਈ ਮੰਤਰੀ ਸਾਹਿਬ ਨੇ ਦੋਵਾਂ ਉਮੀਦਵਾਰਾਂ ਕੋਲੋਂ ਰਜਾਮੰਦੀ ਲੈਂਦੇ ਹੋਏ ਇੱਕ ਸਿੱਕੇ ਨੂੰ ਉਛਾਲਦੇ ਹੋਏ ਫੈਸਲਾ ਕੀਤਾ ਅਤੇ ਕਿਹਾ ਕਿ ‘ਮੇਰੀ ਮਨਸ਼ਾ ਇਸ ਮਾਮਲੇ ਵਿੱਚ ਬਿਲਕੁੱਲ ਸਾਫ ਸੀ ਅਤੇ ਮੈਂ ਇਹਨਾਂ ਨਿਯੁਕਤੀਆਂ ਵਿੱਚ ਪਾਰਦਰਸ਼ਤਾ ਲਿਆਉਣੀ ਚਾਹੁੰਦਾ ਸੀ, ਜੋ ਕਿ ਪਿਛਲੀ ਅਕਾਲੀ-ਭਾਜਪਾ ਗੱਠਬੰਧਨ ਵਾਲੀ ਸਰਕਾਰ ਵਿੱਚ ਨਹੀਂ ਸੀ’।
ਸ਼੍ਰੀ ਚੰਨੀ ਨੇ ਇਹ ਵੀ ਕਿਹਾ ਕਿ ‘ਮੈਂ ਸਾਰੇ ਹੀ ਉਮੀਦਵਾਰਾਂ ਨੂੰ ਉਹਨਾਂ ਦੀ ਪਸੰਦ ਦਾ ਕਾਲਜ ਚੁਨਣ ਵਾਸਤੇ ਇਸ ਲਈ ਬੁਲਾਇਆ ਸੀ ਤਾਂ ਕਿ ਸਿੱਖਿਆ ਪਰਦਾਨ ਕਰਨ ਵਿੱਚ ਉਹਨਾਂ ਨੂੰ ਕੋਈ ਔਖਿਆਈ ਨਾ ਮਹਿਸੂਸ ਹੋਵੇ। 35 ਉਮੀਦਵਾਰਾਂ ਨੇ ਤਾਂ ਆਪਣੀ ਰਜਾਮੰਦੀ ਨਾਲ ਆਪਣੀ ਆਪਣੀ ਪਸੰਦ ਦੇ ਕਾਲਜ ਚੁਣ ਲਏ ਸਨ, ਪਰ ਦੋ ਉਮੀਦਵਾਰ ਜੋ ਕਿ ਪਟਿਆਲਾ ਅਤੇ ਨਾਭਾ ਨਾਲ ਸਬੰਧਤ ਸਨ, ਨੇ ਇੱਕੋ ਹੀ ਕਾਲਜ ਵਿੱਚ ਨਿਯੁਕਤ ਹੋਣ ਦੀ ਇੱਛਾ ਜਾਹਰ ਕੀਤੀ, ਅਤੇ ਇਸ ਮਸਲੇ ਦੇ ਹੱਲ ਲਈ ਬੇਨਤੀ ਕਰਦੇ ਹੋਏ, ਉਹਨਾਂ ਨੇ ਮੈਨੁੰ ਸਿੱਕਾ ਉਛਾਲਣ ਲਈ ਕਿਹਾ’।
ਪਰ ਵਿਰੋਧੀ ਅਕਾਲੀ-ਭਾਜਪਾ ਧਿਰ ਨੇ ਇਸ ਬਾਬਤ ਆਪਣਾ ਵਿਰੋਧ ਪਰਗਟ ਕੀਤਾ ਹੈ । ਭਾਜਪਾ ਦੇ ਰਾਜ ਸਕੱਤਰ ਵੀਨੀਤ ਜੋਸ਼ੀ ਨੇ ਤਾਂ ਮੰਤਰੀ ਨੂੰ ਅਹੁਦੇ ਤੋਂ ਕੱਢ ਦੇਣ ਦੀ ਸਿਫਾਰਸ਼ ਵੀ ਕਰ ਦਿੱਤੀ ਹੈ। ਇਹਨਾਂ ਨੇ ਕਿਹਾ ਕਿ ‘ਇੱਕ ਮੰਤਰੀ ਨੂੰ ਆਪਣੇ ਅਹੁਦੇ ਦੀ ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ। ਮੰਤਰੀ ਚੰਨੀ ਨੇ ਜਿਸ ਤਰਾਂ ਨਾਲ ਸਿੱਕਾ ਉਛਾਲ ਕੇ ਸਰਕਾਰੀ ਫੈਸਲਾ ਕੀਤਾ ਹੈ, ਇਹ ਪਰੇਸ਼ਾਨੀ ਪੈਦਾ ਕਰਨ ਵਾਲਾ ਹੈ’।
ਇਸੇ ਤਰਾਂ ਸ਼ਰੋਮਣੀ ਅਕਾਲੀ ਦੱਲ ਦੇ ਵਕਤਾ ਅਤੇ ਭੂਤਪੂਰਵ ਮੰਤਰੀ ਦਲਜੀਤ ਸਿੰਘ ਚੀਮਾਂ ਨੇ ਵੀ ਕਿਹਾ ਹੈ ਕਿ ਮੰਤਰੀ ਵਲੋਂ ਸਿੱਕਾ ਉਛਾਲ ਕੇ ਫੈਸਲਾ ਕਰਨ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਪੰਜਾਬ ਵਿੱਚ ਕਿੰਨੀ ਕੂ ਕਾਰਗਰ ਹੈ। ਉਹਨਾਂ ਇਹ ਵੀ ਕਿਹਾ ‘ਲਗਦਾ ਹੈ ਕਿ ਮੰਤਰੀ ਟਾਈਮ ਪਾਸ ਕਰ ਰਹੇ ਹਨ ਅਤੇ ਆਪਣੇ ਅਹੁਦਿਆਂ ਦਾ ਦੁਰਉਪਯੋਗ ਕਰ ਰਹੇ ਨੇ’।
ਕਾਫੀ ਸਮਾਂ ਪਹਿਲਾਂ ਬਾਲੀਵੁੱਡ ਦੀ ਇੱਕ ਮਸ਼ਹੂਰ ਫਿਲਮ ‘ਸ਼ੋਲੇ’ ਵਿੱਚ ਧਰਮਿੰਦਰ ਅਤੇ ਅਮੀਤਾਬ ਬੱਚਨ ਜਦੋਂ ਕਿਸੇ ਮਸਲੇ ਵਿੱਚ ਆਪਣੇ ਆਪਣੇ ਸਟੈਂਡ ਤੇ ਅੜ ਜਾਂਦੇ ਸਨ ਤਾਂ, ਉਹ ਆਪਣਾ ਨਿਰਣਾ ਸਿੱਕਾ ਉਛਾਲ ਕੇ ਲੈਂਦੇ ਸਨ। ਪਰ ਫਿਲਮ ਦੇ ਅੰਤ ਵਿੱਚ ਪਤਾ ਚਲਦਾ ਹੈ ਕਿ ਉਸ ਸਿੱਕੇ ਦੇ ਦੋਹਾਂ ਪਾਸਿਆਂ ਤੇ ਸਿਰਫ ਚਿੱਤ ਹੀ ਯਾਨਿ ਕਿ ਪੱਟ ਤਾਂ ਹੈ ਹੀ ਨਹੀਂ ਸੀ। ਹੁਣ ਸਮਝ ਨਹੀਂ ਆ ਰਹੀ ਕਿ, ਇਸ ਸਮੇਂ ਮੰਤਰੀ ਚੰਨੀ ਵਲੋਂ ਸਿੱਕਾ ਉਛਾਲ ਕੇ ਲੈਕਚਰਾਰਾਂ ਦੀ ਨਿਯੁਕਤੀ ਵਾਸਤੇ ਕੀਤੇ ਗਏ ਫੈਸਲੇ ਉਤੇ ਇਤਰਾਜ਼ ਕਿਸ ਗੱਲ ਉੱਤੇ ਹੋਣਾ ਚਾਹੀਦਾ ਹੈ? ਸਿੱਕਾ ਉਛਾਲਣ ਉੱਤੇ ਜਾਂ ਸਿੱਕੇ ਦੇ ਦੋਵੇਂ ਪਾਸਿਆਂ ਨੂੰ ਨਾਂ ਜਾਂਚਣ ਉੱਤੇ??
