ਆਸਟ੍ਰੇਲੀਆ ਨੇ ਭਾਰਤ ਵਿੱਚ ਫ਼ਸੇ ਆਪਣੇ ਵਸਨੀਕਾਂ ਨੂੰ ਵਾਪਸ ਲਿਆਉਣ ਲਈ ਉਡਾਣਾਂ ਦੁਬਾਰਾ ਸ਼ੁਰੂ ਕਰਣ ਦਾ ਫ਼ੈਸਲਾ ਕੀਤਾ ਹੈ।
ਇਸ ਪ੍ਰੋਗਰਾਮ ਅਧੀਨ ਇਹ ਯਕੀਨੀ ਬਣਾਇਆ ਜਾਵੇਗਾ ਕਿ 'ਕਮਜ਼ੋਰ ਅਤੇ ਨਿਤਾਣੇ' ਨਾਗਰਿਕਾਂ ਅਤੇ ਸਥਾਈ ਵਸਨੀਕਾਂ ਨੂੰ ਵਾਪਸ ਲਿਆਉਣ ਵਿੱਚ ਤਰਜੀਹ ਦਿੱਤੀ ਜਾਵੇ।
ਨੈਸ਼ਨਲ ਕੈਬਨਿਟ ਦੀ ਬੈਠਕ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਐਲਾਨ ਕੀਤਾ ਕਿ ਭਾਰਤ ਤੋਂ ਵਾਪਸੀ ਦੀਆਂ ਉਡਾਣਾਂ ਦੀ ਗਿਣਤੀ ਇਸ ਮਹੀਨੇ ਤਿੰਨ ਤੋਂ ਵਧਾਕੇ ਛੇ ਕਰ ਦਿੱਤੀ ਜਾਵੇਗੀ ਅਤੇ ਹਰੇਕ ਉਡਾਣ ਵਿੱਚ ਤਕਰੀਬਨ 150 ਵਿਅਕਤੀਆਂ ਨੂੰ ਵਾਪਸ ਲਿਆਇਆ ਜਾਵੇਗਾ।
ਉਨ੍ਹਾਂ ਕਿਹਾ ਕਿ, “ਇਹ ਚਾਰਟਰ ਉਡਾਣਾਂ ਰਾਹੀਂ ਉਨ੍ਹਾਂ ਆਸਟ੍ਰੇਲੀਅਨ ਨਾਗਰਿਕਾਂ, ਵਸਨੀਕਾਂ ਅਤੇ ਪਰਿਵਾਰਾਂ ਨੂੰ ਵਾਪਸ ਲਿਆਇਆ ਜਾਵੇਗਾ ਜਿਨ੍ਹਾਂ ਨੇ ਸਾਡੇ ਹਾਈ ਕਮਿਸ਼ਨ ਅਤੇ ਕੌਂਸਲਰ ਦਫਤਰਾਂ ਨਾਲ ਵਾਪਸ ਆਉਣ ਲਈ ਆਪਣੇ ਆਪ ਨੂੰ ਰਜਿਸਟਰ ਕਰਾਇਆ ਹੈ।"
ਉਨ੍ਹਾਂ ਕਿਹਾ ਕਿ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (ਡੀ.ਐਫ.ਏ.ਟੀ.) ਭਾਰਤ ਵਿੱਚ ਫ਼ਸੇ ਇਨ੍ਹਾਂ ਆਸਟ੍ਰੇਲੀਅਨ ਲੋਕਾਂ ਦੀਆਂ ਬੇਨਤੀਆਂ ਦੀ ਸਮੀਖਿਆ ਕਰੇਗਾ ਜੋ ਘਰ ਆਉਣਾ ਚਾਹੁੰਦੇ ਹਨ।
ਸ੍ਰੀ ਮੋਰਿਸਨ ਨੇ ਕਿਹਾ ਕਿ ਕੁਈਨਜ਼ਲੈਂਡ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਆਪਣੀ ਸਮਰਥਾ ਅਨੁਸਾਰ ਕੋਵਿਡ-19 ਪ੍ਰਭਾਵਿਤ ਭਾਰਤ ਤੋਂ ਹੋਰ ਉਡਾਣਾਂ ਦੀ ਇਜਾਜ਼ਤ ਦੇ ਸਕਦੇ ਹਨ।
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 414,188 ਨਵੇਂ ਕੇਸ ਅਤੇ 3,914 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।