ਸਾਲ 2021 ਤੋਂ ਜਿਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪਹਿਲੀ ਵਾਰ ਗ੍ਰਾੰਟ ਹੋਏ ਟੈਮਪਰਰੀ ਗ੍ਰੈਜੂਏਟ ਵੀਜ਼ੇ (ਟੀ ਜੀ ਵੀ) ਅਧੀਨ ਖ਼ੇਤਰੀ ਵਿਦਿਅਕ ਸੰਸਥਾਵਾਂ ਤੋਂ ਡਿਗਰੀਆਂ ਉੱਥੇ ਰਹਿ ਕੇ ਪ੍ਰਾਪਤ ਕੀਤੀਆਂ ਹਨ, ਉਹ ਹੁਣ ਦੂਜੀ ਵਾਰੀ ਇਸ ਵੀਜ਼ੇ ਨੂੰ ਲੈਣ ਦੇ ਯੋਗ ਹੋਣਗੇ।
ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਸਬਕਲਾਸ 485 ਅਧੀਨ ਲਿਆਂਦੇ ਜਾ ਰਹੇ ਇਸ ਨੀਤੀਗਤ ਬਦਲਾਵ ਸਦਕਾ ਕੋਵੀਡ-19 ਮਹਾਂਮਾਰੀ ਦੇ ਕਾਰਣ ਵਿੱਤੀ ਦਬਾਅ ਨਾਲ਼ ਸੰਘਰਸ਼ ਕਰ ਰਹੀਆਂ ਖ਼ੇਤਰੀ ਯੂਨੀਵਰਸਿਟੀਆਂ ਨੂੰ ਲੋੜੀਂਦੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਉਹ ਵਿਦਿਆਰਥੀ ਜਿਨ੍ਹਾਂ ਨੇ ਦੂਜੀ ਸ਼੍ਰੇਣੀ ਅਧੀਨ ਆਉਂਦੇ ਇਲਾਕਿਆਂ ਵਿੱਚ ਰਹਿ ਕੇ ਗ੍ਰੈਜੂਏਸ਼ਨ ਪੂਰੀ ਕੀਤੀ ਹੈ, ਦੂਜੀ ਵਾਰੀ ਗ੍ਰਾੰਟ ਅਸਥਾਈ ਗ੍ਰੈਜੂਏਟ ਵੀਜ਼ੇ 'ਤੇ ਆਸਟ੍ਰੇਲੀਆ ਵਿੱਚ ਇੱਕ ਸਾਲ ਅਤਿਰਿਕਤ ਰਹਿਣ ਦੇ ਯੋਗ ਹੋਣਗੇ ਅਤੇ ਤੀਜੀ ਸ਼੍ਰੇਣੀ ਅਧੀਨ ਆਉਂਦੇ ਇਲਾਕਿਆਂ ਵਿੱਚ ਰਹਿ ਕੇ ਗ੍ਰੈਜੂਏਸ਼ਨ ਖ਼ਤਮ ਕਰਣ ਵਾਲ਼ੇ ਵਿਦਿਆਰਥੀ ਆਸਟ੍ਰੇਲੀਆ ਵਿੱਚ ਦੋ ਸਾਲ ਹੋਰ ਰਹਿਣ ਦੇ ਯੋਗ ਹੋਣਗੇ।
ਵਿਭਾਗ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਪਰਥ, ਐਡੀਲੇਡ, ਗੋਲਡ ਕੋਸਟ, ਸਨਸ਼ਾਈਨ ਕੋਸਟ, ਕੈਨਬਰਾ, ਨਿਊ ਕਾਸਲ / ਲੇਕ ਮੈਕੁਏਰੀ, ਵੋਲੋਂਗੋਂਗ / ਇਲਾਲਾਵਾੜਾ, ਗ੍ਰੇਟਰ ਜੀਲੋਂਗ ਅਤੇ ਹੋਬਾਰਟ ਦੂਜੀ ਸ਼੍ਰੇਣੀ ਦੇ ਖ਼ੇਤਰੀ ਇਲਾਕਿਆਂ ਅਧੀਨ ਆਉਂਦੇ ਹਨ ਅਤੇ ਬਾਕੀ ਸਾਰੇ ਇਲਾਕ਼ੇ ਤੀਜੀ ਸ਼੍ਰੇਣੀ ਅਧੀਨ ਦਰਜ ਹਨ।

ਪਿਛਲੇ ਸਾਲ ਡੀਕਿਨ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ, ਪੋਸਟ-ਸਟੱਡੀ ਵਰਕ ਵੀਜ਼ਾ, ਜੋ ਅੰਤਰਰਾਸ਼ਟਰੀ ਗ੍ਰੈਜੂਏਟਾਂ ਨੂੰ ਦੇਸ਼ ਵਿੱਚ ਅਸਥਾਈ ਤੌਰ 'ਤੇ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ, ਆਸਟ੍ਰੇਲੀਆ ਵੱਲ ਵਿਦੇਸ਼ੀ ਵਿਦਿਆਰਥੀਆਂ ਦੀ ਖਿੱਚ ਦਾ ਇੱਕ ਪ੍ਰਮੁੱਖ ਕਾਰਣ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
