ਹਾਲ ਹੀ ਵਿੱਚ ਹੋਏ ਨਿਯਮਾਂ ਦੇ ਬਦਲਾਵ ਦੇ ਅਨੁਸਾਰ, ਪੀਸੀਸੀ ਦੇ ਜਾਰੀ ਕਰਨ ਵਿੱਚ ਹੋ ਰਹੀ ਇੱਕ ਵੱਡੀ ਦੇਰੀ ਦੇ ਚਲਦਿਆਂ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਜ਼ਰੂਰਤ ਤੋਂ ਕੁਝ ਸਮਾਂ ਪਹਿਲਾਂ ਹੀ ਭਾਰਤੀ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਲਈ ਅਰਜ਼ੀ ਜਮ੍ਹਾਂ ਕਰਾਉਣ ਦੀ ਸਲਾਹ ਦਿੱਤੀ ਗਈ ਹੈ।
ਮੁੱਖ ਗੱਲਾਂ:
- ਭਾਰਤੀ ਪੀਸੀਸੀ ਪ੍ਰਾਪਤ ਕਰਨ ਵਿਚ ਇੱਕ ਮਹੱਤਵਪੂਰਣ ਦੇਰੀ ਦੇ ਚਲਦਿਆਂ ਆਸਟ੍ਰੇਲੀਆਈ ਬਿਨੈਕਾਰਾਂ ਵਿੱਚ ਭਾਰੀ ਤਣਾਅ।
- ਮੈਲਬੌਰਨ ਵਿਚ ਭਾਰਤੀ ਕੌਂਸਲੇਟ ਦੁਆਰਾ ਜਾਰੀ ਕੀਤੀ ਇਕ ਐਡਵਾਇਜ਼ਰੀ ਅਨੁਸਾਰ ਪੀਸੀਸੀ ਜਾਰੀ ਕਰਨ ਵਿਚ ਦੋ ਤੋਂ ਤਿੰਨ ਮਹੀਨਿਆਂ ਤਕ ਦਾ ਸਮਾਂ ਲੱਗ ਸਕਦਾ ਹੈ।
- ਨਵੇਂ ਨਿਯਮਾਂ ਦੇ ਅਨੁਸਾਰ ਭਾਰਤ ਤੋਂ ਪੁਲਿਸ ਵੈਰੀਫਿਕੇਸ਼ਨ ਰਿਪੋਰਟ ਮਿਲਣ ਤੋਂ ਬਾਅਦ ਹੀ ਪੀਸੀਸੀ ਜਾਰੀ ਕੀਤੀ ਜਾ ਸਕਦੀ ਹੈ।
ਟਾਰਨੇਟ ਨਿਵਾਸੀ ਸ਼੍ਰੀਮਤੀ ਸ਼ਰਮਾ, ਜੋ ਸਿਰਫ ਉਨ੍ਹਾਂ ਦੇ ਅਖੀਰਲੇ ਨਾਮ ਨਾਲ ਜਾਣਿਆ ਜਾਣਾ ਚਾਹੁੰਦੀ ਹਨ, ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਨੇ ਲਗਭਗ ਡੇੜ੍ਹ ਮਹੀਨੇ ਪਹਿਲਾਂ ਪੁਲਿਸ ਕਲੀਅਰੈਂਸ ਲਈ ਅਰਜ਼ੀ ਦਿੱਤੀ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਜਵਾਬ ਨਹੀਂ ਮਿਲਿਆ।
“ ਮੈਨੂੰ ਇਮੀਗ੍ਰੇਸ਼ਨ ਤੋਂ ਸਤੰਬਰ ਦੇ ਪਹਿਲੇ ਹਫ਼ਤੇ ਇੱਕ ਈਮੇਲ ਮਿਲੀ ਜਿਸ ਵਿੱਚ ਮੈਨੂੰ ਮੇਰੇ ਵੀਜ਼ੇ ਲਈ 28 ਦਿਨਾਂ ਦੀ ਮਿਆਦ ਦੇ ਅੰਦਰ-ਅੰਦਰ ਭਾਰਤੀ ਪੀਸੀਸੀ ਜਮ੍ਹਾਂ ਕਰਵਾਉਣ ਨੂੰ ਕਿਹਾ।"
“ਤੁਰੰਤ ਕਾਰਵਾਈ ਕਰਦਿਆਂ, ਅਗਲੇ ਹੀ ਦਿਨ ਮੈਂ ਆਪਣੇ ਪੀਸੀਸੀ ਲਈ ਦਰਖਾਸਤ ਦਿੱਤੀ। ਹਾਲਾਂਕਿ, ਇਸ ਨੂੰ ਡੇੜ੍ਹ ਮਹੀਨਾ ਹੋ ਚੁੱਕਾ ਹੈ, ਅਤੇ ਮੈਨੂੰ ਅਜੇ ਤੱਕ ਕੁਝ ਨਹੀਂ ਮਿਲਿਆ।"

Ms Sharma received an email from the immigration to provide the Indian PCC within 28 days Source: Supplied
“ਮੈਂ ਵੀਐਫਐਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਫ਼ੋਨ ਦਾ ਜਵਾਬ ਨਹੀਂ ਦਿੱਤਾ। ਇਸ ਲਈ ਮੈਨੂੰ ਇਮੀਗ੍ਰੇਸ਼ਨ ਵਿਭਾਗ ਵਿੱਚ ਪੀ ਸੀ ਸੀ ਜਮ੍ਹਾਂ ਕਰਾਉਣ ਲਈ ਹੋਰ ਸਮੇਂ ਦੀ ਮੰਗ ਕਰਨ ਲਈ ਅਰਜ਼ੀ ਦੇਣੀ ਪਈ।"
ਮੈਨੂੰ ਆਪਣੀ ਪੀਸੀਸੀ ਪ੍ਰਾਪਤ ਕਰਨ ਲਈ ਦੋ ਮਹੀਨਿਆਂ ਤੋਂ ਵੱਧ ਦਾ ਇੰਤਜ਼ਾਰ ਕਰਨਾ ਪਿਆ।
ਮੈਲਬਰਨ ਵਿੱਚ ਰਹਿਣ ਵਾਲੇ ਸ਼੍ਰੀਮਾਨ ਸਿੰਘ ਜੋ ਕਿ ਸਿਰਫ ਉਨ੍ਹਾਂ ਦੇ ਆਖਰੀ ਨਾਮ ਨਾਲ ਹੀ ਪਛਾਣਿਆ ਜਾਣਾ ਚਾਹੁੰਦੇ ਹਨ, ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਆਪਣਾ ਟੂਰਿਸਟ ਵੀਜ਼ਾ ਵਧਾਉਣ ਲਈ ਆਪਣੀ ਭਾਰਤੀ ਪੀਸੀਸੀ ਪ੍ਰਾਪਤ ਕੀਤੀ ਸੀ, ਅਤੇ ਇਸ ਨੂੰ ਹਾਸਿਲ ਕਰਨ ਦੀ ਸਮੁੱਚੀ ਪ੍ਰਕਿਰਿਆ ਵਿੱਚ ਲਗਭਗ ਦੋ ਮਹੀਨਿਆਂ ਦਾ ਸਮਾਂ ਲੱਗਾ ਕਿਉਂਕਿ ਨਵੀਂ ਵਿਧੀ ਵਿੱਚ ਇੱਕ ਪੁਲਿਸ ਤਸਦੀਕ ਵੀ ਸ਼ਾਮਲ ਸੀ ਜੋ ਕਿ ਉਨ੍ਹਾਂ ਦੇ ਭਾਰਤੀ ਰਿਹਾਇਸ਼ੀ ਪਤੇ ਤੇ ਕੀਤੀ ਗਈ ਸੀ।
ਮੈਲਬੌਰਨ ਵਿਚਲੇ ਭਾਰਤ ਦੇ ਕੌਂਸਲੇਟ ਜਨਰਲ ਨੇ ਵੀ ਇਸ ਮਾਮਲੇ ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਪੀਸੀਸੀ ਜਾਰੀ ਕਰਨ ਵਿਚ ਦੇਰੀ ਬਾਰੇ ਆਪਣੀ ਐਡਵਾਇਜ਼ਰੀ ਵੱਲ ਇਸ਼ਾਰਾ ਕੀਤਾ ਹੈ।
ਐਡਵਾਇਜ਼ਰੀ ਅਨੁਸਾਰ, “ਭਾਰਤ ਦੇ ਕੌਂਸਲੇਟ ਜਨਰਲ ਦੇ ਅਨੁਸਾਰ, ਮੈਲਬੌਰਨ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ.ਸੀ.ਸੀ.) ਜਾਰੀ ਕਰਨ ਸੰਬੰਧੀ ਕਈ ਫੋਨ ਕਾਲਾਂ ਅਤੇ ਈਮੇਲਾਂ ਮਿਲ ਰਹੀਆਂ ਹਨ।"

An advisory issued by the Indian Consulate in Melbourne Source: cgimelbourne.gov.in
"ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਭਾਰਤ ਤੋਂ ਪੁਲਿਸ ਵੈਰੀਫਿਕੇਸ਼ਨ ਰਿਪੋਰਟ ਮਿਲਣ ਤੋਂ ਬਾਅਦ ਹੀ ਜਾਰੀ ਕੀਤਾ ਜਾ ਸਕਦਾ ਹੈ। ਇਹ ਵਿਚ ਦੋ ਤੋਂ ਤਿੰਨ ਮਹੀਨਿਆਂ ਤਕ ਦਾ ਸਮਾਂ ਲੱਗ ਸਕਦਾ ਹੈ”
ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਕੋਵਿਡ -19 ਮਹਾਂਮਾਰੀ ਕਾਰਨ ਪੈਦਾ ਹੋਈ ਮੁਸ਼ਕਲ ਸਥਿਤੀ ਕਾਰਨ, ਮੈਲਬਰਨ ਨਿਵਾਸੀ ਬਿਨੈਕਾਰ ਆਪਣੀ ਪੀਸੀਸੀ ਬਿਨੈ ਪੱਤਰ, ਵੀਐਫਐਸ ਨੂੰ ਡਾਕ ਰਾਹੀਂ ਭੇਜਣ।
ਆਸਟਰੇਲੀਆ ਦੇ ਦੂਸਰੇ ਰਾਜਾਂ ਵਿਚ ਵੀਜ਼ਾ ਨਾਲ ਸਬੰਧਤ ਸੇਵਾਵਾਂ ਲਈ ਵੀਐਫਐਸ ਦੇ ਦਫਤਰ ਜਾਇਆ ਜਾ ਸਕਦਾ ਹੈ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
Share





