ਭਾਰਤ ਵਿੱਚ 10,000 ਤੋਂ ਵੱਧ ਕੋਵਿਡ ਕੇਸਾਂ ਦੇ ਜੀਨੋਮ ਕ੍ਰਮ ਦੇ ਨਮੂਨਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਮਾਹਰਾਂ ਨੇ ਦਸਿਆ ਕਿ ਦੋ ਨਵੇਂ ਕਰੋਨਾਵਾਇਰਸ ਰੂਪਾਂ ਉੱਤੇ ਮਨੁੱਖੀ ਰੋਗ-ਪ੍ਰਤੀਰੋਧ ਪ੍ਰਣਾਲੀ ਕਾਬੂ ਨਹੀਂ ਪਾ ਸਕਦੀ।
ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਇਕੱਠੇ ਕੀਤੇ ਨਮੂਨਿਆਂ ਵਿਚੋਂ 15 ਤੋਂ 20 ਫ਼ੀਸਦ ਵਿੱਚ ਦੋ ਨਵੇਂ ਪਰਿਵਰਤਿਤ ਰੂਪ E484Q ਅਤੇ L452R ਪਾਏ ਗਏ ਹਨ।
ਹਾਲਾਂਕਿ ਭਾਰਤ ਸਰਕਾਰ ਨੇ ਕਿਹਾ ਹੈ ਕਿ ਭਾਰਤ ਵਿੱਚ ਨਵੇਂ ਰੂਪਾਂ ਉੱਤੇ ਅੰਕੜੇ ਕਾਫ਼ੀ ਨਹੀਂ ਹਨ ਪਰ ਸੰਭਾਵਨਾ ਇਸ ਵੱਲ ਇਸ਼ਾਰਾ ਕਰ ਰਹੀ ਹੈ ਕਿ ਕੇਸਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਇਨ੍ਹਾਂ ਨਵੇਂ ਰੂਪਾਂ ਕਰਕੇ ਹੀ ਹੈ।
ਇਨ੍ਹਾਂ ਘਟਨਾਵਾਂ ਦੇ ਪ੍ਰਭਾਵ ਨਾ ਸਿਰਫ ਭਾਰਤ ਲਈ ਬਲਕਿ ਬਾਕੀ ਵਿਸ਼ਵ ਲਈ ਵੀ ਬਹੁਤ ਚਿੰਤਾਜਨਕ ਹਨ।
ਇੱਕ ਅਨੁਮਾਨ ਮੁਤਾਬਕ ਵਾਇਰਸ ਦੇ ਇਨ੍ਹਾਂ ਪਰਿਵਰਤਨਸ਼ੀਲ ਨਵੇਂ ਰੂਪਾਂ ਦੇ ਨਤੀਜੇ ਵਜੋਂ ਹਸਪਤਾਲ ਵਿੱਚ 20 ਪ੍ਰਤੀਸ਼ਤ ਵਧੇਰੇ ਮੌਤਾਂ ਹੋ ਸਕਦੀਆਂ ਹਨ ਜਿਵੇਂ ਕਿ ਦੱਖਣੀ ਅਫਰੀਕਾ ਵਿੱਚ ਆਈ ਦੂਜੀ ਲਹਿਰ ਦੌਰਾਨ ਦੇਖਿਆ ਗਿਆ ਸੀ।
ਇਨ੍ਹਾਂ ਪਰਿਵਰਤਨਸ਼ੀਲ ਰੂਪਾਂ ਵਿੱਚ ਤੇਜ਼ੀ ਨਾਲ ਫੈਲਣ ਦੀ ਸਮਰੱਥਾ ਹੁੰਦੀ ਹੈ ਨਤੀਜੇ ਵਜੋਂ ਕੇਸਾਂ ਵਿੱਚ ਅਚਾਨਕ ਵਾਧੇ ਹੁੰਦੇ ਹਨ।
ਕਰੋਨਾਵਾਇਰਸ ਦੇ ਕੁਝ ਨਵੇਂ ਰੂਪਾਂ ਉੱਤੇ ਕੁਦਰਤੀ ਤੌਰ ਤੇ ਵੈਕਸੀਨ ਪੂਰੀ ਪ੍ਰਭਾਵਸ਼ਾਲੀ ਨਹੀਂ ਹੋਵੇਗੀ ਜਿਸ ਕਰਕੇ ਭਾਰਤ ਵਿੱਚ ਵੈਕਸੀਨ ਨਿਰਮਾਤਾਵਾਂ ਨੂੰ ਇਨ੍ਹਾਂ ਨਵੇਂ ਰੂਪਾਂ ਨੂੰ ਧਿਆਨ ਵਿੱਚ ਰੱਖਕੇ ਬਿਹਤਰ ਟੀਕੇ ਵਿਕਸਿਤ ਕਰਨ ਦੀ ਜ਼ਰੂਰਤ ਹੋਏਗੀ।
ਨਵੇਂ ਰੂਪਾਂ ਤੋਂ ਪੈਦਾ ਹੋਏ ਸੰਕਟ ਨੂੰ ਰੋਕਣ ਲਈ ਨਿਰੰਤਰ ਨਿਗਰਾਨੀ ਅਤੇ ਰੋਕਥਾਮ ਦੇ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਵੀ ਲੋੜ ਹੋਵੇਗੀ।
ਦੁਨੀਆ ਭਰ ਵਿੱਚ ਇਸ ਵੇਲੇ ਮਨਜ਼ੂਰਸ਼ੁਦਾ ਵੈਕਸੀਨ ਇਨ੍ਹਾਂ ਪਰਿਵਰਤਨਸ਼ੀਲ ਰੂਪਾਂ ਦੇ ਵਿਰੁੱਧ ਕੁਝ ਹੱਦ ਤਕ ਹੀ ਅਸਰਦਾਰ ਹੈ ਪਰ ਭਾਰਤ ਵਿੱਚ ਵੈਕਸੀਨੇਸ਼ਨ ਦੀ ਪ੍ਰਭਾਵਸ਼ੀਲਤਾ ਬਾਰੇ ਅਜੇ ਤੱਕ ਕੋਈ ਟਰਾਇਲ ਨਹੀਂ ਕੀਤੇ ਗਏ ਹਨ ਜਿਸ ਕਰਕੇ ਅੰਕੜਿਆਂ ਦਾ ਪੂਰੀ ਤਰ੍ਹਾਂ ਅੰਦਾਜ਼ਾ ਲਾਉਣਾ ਔਖਾ ਹੈ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।