10 ਜੂਨ ਨੂੰ ਇਸ ਯੋਜਨਾ ਦੀ ਘੋਸ਼ਣਾ ਕਰਦਿਆਂ ਨਿਊ ਸਾਊਥ ਵੇਲਜ਼ ਦੇ ਖਜ਼ਾਨਚੀ ਡੋਮਿਨਿਕ ਪੈਰੋਟੇਟ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵਿਦੇਸ਼ਾਂ ਤੋਂ ਹਰ ਪੰਦਰਾਂ ਦਿਨੀਂ 250 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਿਡਨੀ ਵਾਪਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਹ ਸੰਖਿਆ ਸਾਲ ਦੇ ਅੰਤ ਤੱਕ ਵਧ ਕੇ 500 ਹੋ ਜਾਣ ਦੀ ਸੰਭਾਵਨਾ ਹੈ।
ਫ਼ੈਡਰਲ ਸਰਕਾਰ ਵਲੋਂ ਇਸ ਯੋਜਨਾ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਹਿਲਾ ਸਮੂਹ ਨੂੰ ਰਾਜ ਵਿੱਚ ਵਾਪਸ ਪਰਤਦੇ ਅੱਠ ਹਫ਼ਤੇ ਦਾ ਸਮਾਂ ਲਗ ਸਕਦਾ ਹੈ।
ਇਸ ਸਮੇਂ ਨਿਊ ਸਾਊਥ ਵੇਲਜ਼ ਵਿੱਚ 50,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ਦਾਖ਼ਲ ਹਨ ਜੋ ਕਿ ਇਸ ਵੇਲ਼ੇ ਮੁਲਕ ਤੋਂ ਬਾਹਰ ਫ਼ਸੇ ਹੋਏ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ।
ਇਹ ਪੁੱਛੇ ਜਾਣ 'ਤੇ ਕਿ ਭਾਰਤ ਵਿਦਿਆਰਥੀਆਂ ਨੂੰ ਇਸ ਵਾਪਸੀ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ, ਨਿਊ ਸਾਊਥ ਵੇਲਜ਼ ਸਰਕਾਰ ਦੇ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਨ੍ਹਾ ਸਰੋਤ ਦੇਸ਼ਾਂ ਤੋਂ ਵਾਪਸ ਲਿਆਇਆ ਜਾਵੇਗਾ ਉਨ੍ਹਾਂ ਦੇਸ਼ਾਂ ਦੀ ਪਛਾਣ ਅਜੇ ਕਰਣੀ ਬਾਕੀ ਹੈ।
ਪਰ ਇੱਕ ਪ੍ਰਾਈਵੇਟ ਸਿਖਿਆ ਪ੍ਰਦਾਤਾ, ਕੈਪਲੈਣ ਬਿਜ਼ਨਸ ਸਕੂਲ ਦੀ ਵੈਬਸਾਈਟ ਤੇ ਇਹ ਜ਼ਿਕਰ ਕੀਤਾ ਗਿਆ ਹੈ ਕਿ ਪਹਿਲਾਂ ਚੀਨ, ਹਾਂਗ ਕਾਂਗ, ਮਲੇਸ਼ੀਆ, ਸਿੰਗਾਪੁਰ, ਦੱਖਣੀ ਕੋਰੀਆ ਅਤੇ ਵੀਅਤਨਾਮ ਦੇ ਪਾਸਪੋਰਟ ਧਾਰਕ ਹੀ ਨਿਊ ਸਾਊਥ ਵੇਲਜ਼ ਸਰਕਾਰ ਵਲੋਂ ਉਸਾਰੀ ਗਈ ਵਿਦਿਆਰਥੀ ਆਗਮਨ ਯੋਜਨਾ ਵਿੱਚ ਸ਼ਾਮਲ ਕੀਤੇ ਜਾਣਗੇ ਅਤੇ ਕੋਵਿਡ ਹਲਾਤਾਂ ਵਿੱਚ ਸੁਧਾਰ ਆਉਣ ਤੋਂ ਬਾਅਦ ਹੀ ਭਾਰਤ, ਨੇਪਾਲ ਅਤੇ ਹੋਰ ਦੇਸ਼ਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।