ਸਿੰਗਪੋਰ ਵਿੱਚ ਇੱਕ ਭਾਰਤੀ ਯੋਗਾ ਟ੍ਰੇਨਰ ਨੂੰ ਕਲਾਸ ਦੌਰਾਨ ਇੱਕ ਔਰਤ ਨਾਲ ਸ਼ਰੀਰਿਕ ਛੇੜਖਾਨੀ ਦੇ ਜੁਰਮ ਵਿੱਚ ਦੋਸ਼ੀ ਸਾਬਿਤ ਹੋਣ ਤੇ 9 ਮਹੀਨੇ ਕੈਦ ਅਤੇ ਇੱਕ ਹਾਜ਼ਰ ਡਾਲਰ ਦਾ ਜ਼ੁਰਮਾਨਾ ਕੀਤਾ ਗਿਆ ਹੈ।
ਰਾਕੇਸ਼ ਕੁਮਾਰ ਪ੍ਰਸਾਦ ਨਾਂ ਦੇ ਇਸ ਯੋਗਾ ਟ੍ਰੇਨਰ ਨੂੰ ਉਸਦੀ ਅਪੀਲ ਤੇ ਸੁਣਵਾਈ ਹੋਣ ਤੱਕ 16 ਹਾਜ਼ਰ ਡਾਲਰ ਤੇ ਜ਼ਮਾਨਤ ਦਿੱਤੀ ਗਈ ਹੈ।
ਸਟ੍ਰੇਟ ਟਾਈਮਜ਼ ਦੀ ਖ਼ਬਰ ਮੁਤਾਬਿਕ, ਪ੍ਰਸਾਦ ਨੇ ਅਪ੍ਰੈਲ 2015 ਵਿੱਚ ਇੱਕ ਯੋਗਾ ਸਟੂਡੀਓ ਵਿੱਚ ਇੱਕ 25 ਸਾਲਾ ਔਰਤ ਨਾਲ ਛੇੜਖਾਨੀ ਕੀਤੀ ਸੀ।
ਅਦਾਲਤ ਵਿੱਚ ਜਮਾ ਕੀਤੇ ਦਸਤਾਵੇਜਾਂ ਮੁਤਾਬਿਕ, ਪ੍ਰਸਾਦ ਨੇ ਪੀੜਿਤ ਔਰਤ ਦੇ ਕੱਪੜਿਆਂ ਦੇ ਅੰਦਰ ਹੱਥ ਪਾ ਕੇ ਉਸਨੂੰ ਛੋਹਿਆ ਅਤੇ ਯੋਗਾ ਕਲਾਸ ਖਤਮ ਹੋਣ ਤੇ, ਪ੍ਰਸਾਦ ਨੇ ਪੀੜਿਤ ਔਰਤ ਇੱਕਲਿਆਂ ਵੇਖ ਕੇ ਉਸਨਾਲ ਜ਼ਬਰਦਸਤੀ ਕੀਤੀ ਅਤੇ ਉਸਨੂੰ ਗਰਦਨ ਤੋਂ ਜ਼ੋਰ ਨਾਲ ਫੜਿਆ।
ਡਿਪਟੀ ਪਬਲਿਕ ਪ੍ਰੋਸੀਕਿਊਟਰ ਜੇਮਸ ਚਊ ਨੇ ਅਦਾਲਤ ਨੂੰ ਦੱਸਿਆ ਕਿ ਪੀੜਿਤ ਔਰਤ ਸਦਮੇ ਕਾਰਣ ਇੱਕ ਦਮ ਕਲਾਸ ਤੋਂ ਬਾਹਰ ਨਾ ਜਾ ਸਕੀ ਅਤੇ ਨਾ ਹੀ ਮਦਦ ਮੰਗ ਸਕੀ।
"ਉਹ ਉਸ ਮਾਹਲ ਵਿੱਚ ਇਨ੍ਹਾਂ ਮਜਬੂਰ ਮਹਿਸੂਸ ਕਰ ਰਹੀ ਸੀ ਕਿ ਉਸਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਰੇ। "
"ਦੋਸ਼ੀ ਦੇ ਕੀਤੇ ਤੋਂ ਉਹ ਬੇਹੱਦ ਸ਼ਰਮਿੰਦਾ ਅਤੇ ਅਪਮਾਨਿਤ ਮਹਿਸੂਸ ਕਰ ਰਹੀ ਸੀ ਤੇ ਉਸਨੂੰ ਯਕੀਨ ਨਹੀਂ ਹੋਇਆ ਕਿ ਉਸ ਨਾਲ ਅਜਿਹਾ ਯੋਗਾ ਕਲਾਸ ਵਿੱਚ ਹੋ ਸਕਦਾ ਹੈ," ਚਊ ਨੇ ਅਦਾਲਤ ਨੂੰ ਦੱਸਿਆ।
ਉਸਨੇ ਅਦਾਲਤ ਤੋਂ ਪ੍ਰਸਾਦ ਖਿਲਾਫ ਘੱਟੋ ਘੱਟ ਇੱਕ ਸਾਲ ਦੀ ਕੈਦ ਅਤੇ ਤਿੰਨ ਬੈਂਤਾਂ ਦੀ ਸਜ਼ਾ ਦੀ ਮੰਗ ਕੀਤੀ।
ਉਸਨੇ ਕਿਹਾ: "ਦੋਸ਼ੀ ਨੇ ਆਪਣੇ ਯੋਗਾ ਟ੍ਰੇਨਰ ਦੇ ਅਹੁਦੇ ਦੀ ਦੁਰਵਤੋ ਕਰਦਿਆਂ ਪੀੜਿਤ ਔਰਤਾਂ ਨਾਲ ਕਲਾਸ ਦੌਰਾਨ ਵਾਰ ਵਾਰ ਜ਼ਬਰਦਸਤੀ ਕੀਤੀ।"
ਬਚਾਅ ਪੱਖ ਦੇ ਵਕੀਲ ਸਟੀਵਨ ਲੈਮ ਨੇ ਅਦਾਲਤ ਤੋਂ 9 ਮਹੀਨੇ ਦੀ ਸਜ਼ਾ ਦੀ ਦਰਖ਼ਾਸਤ ਕੀਤੀ ਅਤੇ ਕਿਹਾ ਕਿ ਦੋਸ਼ੀ ਵੱਲੋ ਔਰਤ ਨੂੰ ਛੋਹਣਾ ਮਿੱਥਵਾਂ ਨਹੀਂ ਸੀ।
ਸਾਲ 2016 ਵਿੱਚ ਸ਼ੁਰੂ ਹੋਏ ਇਸ ਅਦਾਲਤੀ ਮਾਮਲੇ ਦੇ 12 ਦਿਨ ਸੁਣਵਾਈ ਮਗਰੋਂ ਅਦਾਲਤ ਨੇ ਪ੍ਰਸਾਦ ਨੂੰ ਪੀੜਿਤ ਔਰਤ ਨਾਲ ਜ਼ਬਰਦਸਤੀ ਕਰਨ ਦਾ ਦੋਸ਼ੀ ਕਰਾਰ ਦਿੰਦਿਆਂ ਇੱਕ ਸਾਲ ਦੀ ਕੈਦ ਦੀ ਸਜ਼ਾ ਅਤੇ ਜ਼ੁਰਮਾਨਾ ਕੀਤਾ।