ਗੋਲਡ ਕੋਸਟ ਵਿੱਚ ਈਸਟਰ ਵੀਕਐਂਡ ਦੌਰਾਨ ਹੋਣ ਜਾ ਰਹੀਆਂ 35ਵੀਆਂ ਆਸਟ੍ਰੇਲੀਆ ਸਿੱਖ ਖੇਡਾਂ ਲਈ ਪ੍ਰਬੰਧਕੀ ਕਮੇਟੀਆਂ, ਸਥਾਨਕ ਗੁਰੂ ਘਰ, ਭਾਈਚਾਰੇ ਦੇ ਕਲੱਬ ਤੇ ਸੇਵਾਦਾਰ ਖੇਡ ਤੇ ਲੰਗਰ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦੇ ਰਹੇ ਹਨ।
ਦੱਸਣਯੋਗ ਹੈ ਕਿ ਇਨ੍ਹਾਂ ਖੇਡਾਂ ਵਿੱਚ ਹਰ ਸਾਲ ਦੀ ਤਰ੍ਹਾਂ ਵੱਖ-ਵੱਖ ਖੇਡ ਵੰਨਗੀਆਂ ‘ਚ ਕੌਮੀ ਅਤੇ ਅੰਤਰਾਸ਼ਟਰੀ ਪੱਧਰ ਦੇ ਖਿਡਾਰੀ ਹਿੱਸਾ ਲੈਣਗੇ।

ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਖੇਡਾਂ ਦੀ ਕਾਰਜਕਾਰੀ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਨੁਮਾਇੰਦੇ ਰਣਦੀਪ ਸਿੰਘ ਜੌਹਲ ਨੇ ਜਿਥੇ ਖੇਡਾਂ ਵਿੱਚ ਸਹਿਯੋਗ ਲਈ ਜਿਥੇ ਸਥਾਨਕ ਸਰਕਾਰ ਅਤੇ ਕੌਂਸਲ ਦਾ ਧੰਨਵਾਦ ਕੀਤਾ ਉਥੇ ਇਹ ਵੀ ਭਰੋਸਾ ਦਿਵਾਇਆ ਕਿ ਇਹ ਖੇਡਾਂ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਿਤ ਹੋਣਗੀਆਂ।
"ਇਹਨਾਂ ਖੇਡਾਂ ਨੂੰ ਲੈਕੇ ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਵਿੱਚ ਬਹੁਤ ਉਤਸ਼ਾਹ ਹੈ। ਸਾਨੂੰ ਉਮੀਦ ਹੈ ਇਸ ਵਾਰ ਦਾ ਇਕੱਠ ਇੱਕ ਲੱਖ ਤੋਂ ਵੀ ਵੱਧ ਜਾਵੇਗਾ। ਹੁਣ ਤੱਕ ਅਸੀਂ 6000 ਦੇ ਕਰੀਬ ਖਿਡਾਰੀਆਂ ਨੂੰ ਸ਼ਮੂਲੀਅਤ ਲਈ ਰਜਿਸਟਰ ਕਰ ਚੁੱਕੇ ਹਾਂ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ," ਉਨ੍ਹਾਂ ਦੱਸਿਆ।
"ਸਾਨੂੰ ਦਰਸ਼ਕਾਂ ਦੀ ਵੱਡੀ ਗਿਣਤੀ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧਾਂ ਲਈ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਤੋਂ ਪੂਰਨ ਸਹਿਯੋਗ ਦੀ ਮਿਲ ਰਿਹਾ ਹੈ ਜਿਸ ਲਈ ਅਸੀਂ ਉਨ੍ਹਾਂ ਦੀ ਬਹੁਤ ਧੰਨਵਾਦੀ ਹਾਂ।
"ਖੇਡ ਪ੍ਰਬੰਧਾਂ ਤੇ ਲੰਗਰ ਸੇਵਾ ਲਈ ਸੇਵਾਦਾਰਾਂ ਦੀ ਕਾਫੀ ਲੋੜ ਹੈ, ਸੋ ਉਸ ਲਈ ਅਸੀਂ ਸਥਾਨਿਕ ਭਾਈਚਾਰੇ ਨੂੰ ਇਸ ਸਾਂਝੇ ਉੱਦਮ ਨੂੰ ਨੇਪਰੇ ਚੜ੍ਹਾਉਣ ਵਿੱਚ ਮਦਦ ਲਈ ਅਪੀਲ ਵੀ ਕਰਦੇ ਹਾਂ।"

ਦੱਸਣਯੋਗ ਹੈ ਕਿ ਇਹ ਖੇਡਾਂ ਹਰ ਸਾਲ ਆਸਟ੍ਰੇਲੀਆ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ ਵਲੰਟੀਅਰਜ਼ ਅਤੇ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਕਰਾਈਆਂ ਜਾਂਦੀਆਂ ਹਨ।
ਸ਼੍ਰੀ ਜੌਹਲ ਨੇ ਦੱਸਿਆ ਕਿ ਅਗਾਮੀ ਖੇਡਾਂ ਲਈ ਘੱਟੋ-ਘੱਟ ਸੱਤ ਲੱਖ ਡਾਲਰ ਦਾ ਖਰਚਾ ਆਉਣ ਦਾ ਅਨੁਮਾਨ ਹੈ ਜਿਸਦੇ ਚਲਦਿਆਂ ਦਰਸ਼ਕਾਂ ਲਈ ਤਿੰਨੇ ਦਿਨ ਮੁਫ਼ਤ ਭੋਜਨ/ਲੰਗਰ ਮੁਹਈਆ ਕਰਾਉਣ ਦਾ ਉਪਰਾਲਾ ਵੀ ਕੀਤਾ ਜਾਣਾ ਹੈ।
ਖੇਡਾਂ ਦੌਰਾਨ ਸਿੱਖ ਫੋਰਮ, ਸੋਹਣੀ ਦਸਤਾਰ ਮੁਕਾਬਲੇ ਤੇ ਪੰਜਾਬੀ ਸੱਭਿਅਚਾਰ ਤੇ ਵਿਰਸੇ-ਵਿਰਾਸਤ ਨੂੰ ਰੂਪਮਾਨ ਕਰਦੀਆਂ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ।
ਪੂਰੀ ਗੱਲਬਾਤ ਸੁਣਨ ਲਈ ਹੇਠ ਦਿੱਤੇ ਆਡੀਓ ਲਿੰਕ ‘ਤੇ ਕਲਿੱਕ ਕਰੋ….
ਐਸ ਬੀ ਐਸ ਪੰਜਾਬੀ ਵੱਲੋਂ ਪ੍ਰੀਤਇੰਦਰ ਗਰੇਵਾਲ ਇਹਨਾਂ ਖੇਡਾਂ ਦੀ ਕਵਰੇਜ ਲਈ 8 ਤੇ 9 ਅਪ੍ਰੈਲ ਨੂੰ ਖੇਡ ਮੈਦਾਨਾਂ ਵਿੱਚ ਹਾਜ਼ਿਰ ਰਹਿਣਗੇ।




