ਮੈਲਬੌਰਨ ਦੇ ਬੋਰੋਨੀਆ ਨਿਵਾਸੀ ਡਾ. ਮਲਹੋਤਰਾ ਦਾ ਇਹ ਦੂਜਾ ਸਾਲ ਹੈ ਜਦੋਂ ਉਹ ਬ੍ਰੈਸਟ ਕੈਂਸਰ ਕੇਅਰ ਦੀਆਂ ਨਰਸਾਂ ਦੇ ਪੂਲ ਨੂੰ ਵਧਾਉਣ ਲਈ ਫੰਡ ਇਕੱਠਾ ਕਰਨ ਵਾਸਤੇ ਇਸ ਕਠਿਨ ਯਾਤਰਾ 'ਤੇ ਨਿਕਲੇ ਹਨ।
40 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਮੈਲਬੌਰਨ ਰਹਿ ਰਹੇ ਰਿਟਾਇਰਡ ਅਕਾਦਮਿਕ ਡਾਕਟਰ ਮਲਹੋਤਰਾ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਜਿਹੇ ਦੇਸ਼ ਨੇ ਉਹਨਾਂ ਨੂੰ ਸਭ ਕੁੱਝ ਦਿੱਤਾ ਹੈ ਤੇ ਹੁਣ ਉਹ ਵੀ ਇਸ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਸਨ।
ਪੰਜਾਬ ਵਿੱਚ ਜਲੰਧਰ ਨੇੜੇ ਪੈਂਦੇ ਸ਼ਾਹਕੋਟ ਦੇ ਜੰਮੇ ਪਲੇ ਸ਼੍ਰੀ ਮਲਹੋਤਰਾ ਨੇ ਐਸ ਬੀ ਐਸ ਪੰਜਾਬੀ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਮੈਕਗ੍ਰਾਥ ਫਾਊਂਡੇਸ਼ਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਆਪਣੀ ਇਹ ਖਵਾਇਸ਼ ਪੂਰੀ ਹੁੰਦੀ ਨਜ਼ਰ ਆਈ।
ਜ਼ਿਕਰਯੋਗ ਹੈ ਕਿ ਡਾ. ਮਲਹੋਤਰਾ ਨੇ 2022 ਵਿੱਚ ਮੈਕਗ੍ਰਾ ਫਾਊਂਡੇਸ਼ਨ ਲਈ ਰੋਜ਼ 25-30 ਕਿਲੋਮੀਟਰ ਲਗਾਤਾਰ 52 ਦਿਨ ਪੈਦਲ ਤੁਰਕੇ 1111 ਕਿਲੋਮੀਟਰਾਂ ਦਾ ਪੈਂਡਾ ਸਰ ਕੀਤਾ ਸੀ ਅਤੇ $73,000 ਇਕੱਠੇ ਕੀਤੇ ਸੀ ਅਤੇ ਇਸ ਸਾਲ ਉਨ੍ਹਾਂ ਦਾ ਟੀਚਾ 30-34 ਕਿਲੋਮੀਟਰ ਤੁਰਕੇ ਸਮੁੰਦਰੀ ਤੱਟ ਵਾਲੇ ਪਾਸਿਓਂ 1325 ਕਿਲੋਮੀਟਰਾਂ ਦਾ ਸਫ਼ਰ ਕਰ ਕੇ ਕੈਂਸਰ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ $100,000 ਦੇ ਫ਼ੰਡ ਇਕੱਠੇ ਕਰਨ ਦਾ ਹੈ।
ਡਾ. ਮਲਹੋਤਰਾ ਨੇ 29 ਅਕਤੂਬਰ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ ਤੋਂ ਆਪਣਾ 1325 ਕਿਲੋਮੀਟਰ ਦਾ ਸਫ਼ਰ ਸ਼ੁਰੂ ਕੀਤਾ ਅਤੇ ਇਸ ਸਾਲ ਉਹ ਫਰੈਂਕਸਟਨ, ਕਵੀਨਸਕਲਿਫ, ਬੈਂਡਿਗੋ , ਈਚੂਕਾ ਵਰਗੇ ਕਸਬਿਆਂ ਤੋਂ ਲੰਘਦੇ ਹੋਏ ਜਨਵਰੀ 2024 ਦੇ ਪਹਿਲੇ ਹਫਤੇ ਆਸਟਰੇਲੀਆ ਅਤੇ ਪਾਕਿਸਤਾਨ ਦੀਆਂ ਕ੍ਰਿਕੇਟ ਟੀਮਾਂ ਵਿੱਚਕਾਰ ਪਿੰਕ ਟੈਸਟ ਮੈਚ ਲਈ ਸਿਡਨੀ ਕ੍ਰਿਕੇਟ ਗਰਾਉਂਡ ਪਹੁੰਚਣਗੇ।
ਸ਼੍ਰੀ ਮਲਹੋਤਰਾ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ 'ਚੋਂ ਵੀ ਇਸ ਖਾਸ ਸੈਰ ਰਾਹੀਂ ਉਹਨਾਂ ਨੇ ਲੰਘਣਾ ਹੈ, ਉਹਨਾਂ ਰਾਜਾਂ (ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਕੈਨਬਰਾ ) 'ਚ ਆਉਂਦੀਆਂ ਸਾਰੀਆਂ ਕਾਉਂਸਿਲਾਂ ਤੋਂ ਖਾਸ ਇਜਾਜ਼ਤ ਲੈਣੀ ਪਈ ਅਤੇ ਨਾਲ ਹੀ ਸੜਕਾਂ ਦੇ ਮਹਿਕਮੇ ਅਤੇ ਪੁਲਿਸ ਤੋਂ ਵੀ ਇਜਾਜ਼ਤਾਂ ਲੈਣੀਆਂ ਪਈਆਂ ਸਨ।
ਸੈਰ ਕਰਨ ਦੇ ਸ਼ੌਕੀਨ ਡਾ ਪ੍ਰਬੋਧ ਪਿਛਲੇ 30-35 ਸਾਲਾਂ ਤੋਂ ਇੱਕ ਵਰਜਿਸ਼ ਦੇ ਤੌਰ ਤੇ ਪੈਦਲ ਚੱਲਦੇ ਸਨ ਪਰ ਹੁਣ ਉਹ ਇੱਕ ਮਕਸਦ ਤਹਿਤ ਚੱਲ ਰਹੇ ਹਨ।
ਸਾਬਕਾ ਆਸਟ੍ਰੇਲੀਅਨ ਕ੍ਰਿਕੇਟਰ ਗਲੈਨ ਮੈਕਗ੍ਰਾਥ ਦੀ ਪਤਨੀ ਜੇਨ ਮੈਕਗ੍ਰਾਥ ਦੇ ਕੈਂਸਰ ਨਾਲ ਪੀੜਿਤ ਹੋਣ ਤੋਂ ਬਾਅਦ ਹੋਂਦ 'ਚ ਆਈ ਇਹ ਸੰਸਥਾ ਇਸ ਸਮੇਂ 185 ਨਰਸਾਂ ਨੂੰ ਫੰਡ ਦੇ ਰਹੀ ਹੈ ਜੋ ਛਾਤੀ ਦੇ ਕੈਂਸਰ ਦਾ ਅਨੁਭਵ ਕਰ ਰਹੇ ਕਿਸੇ ਵੀ ਵਿਅਕਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਫ਼ਤ ਜ਼ਰੂਰੀ ਸਰੀਰਕ ਅਤੇ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਦੀਆਂ ਹਨ ਅਤੇ ਮੈਕਗ੍ਰਾਥ ਫਾਊਂਡੇਸ਼ਨ ਦਾ ਉਦੇਸ਼ 2025 ਤੱਕ 250 ਨਰਸਾਂ ਨੂੰ ਫੰਡ ਦੇਣਾ ਹੈ।

At 72, full of energy Dr Prabodh Malhotra has taken up the challenge of walking for around 1300 km to raise funds for the McGrath Foundation. Credit: Supplied by Dr Malhotra.
ਅੱਪਡੇਟ: 'ਸਫ਼ਰ ਸਫਲਤਾਪੂਰਕ ਮੁਕੰਮਲ': 72-ਸਾਲਾ ਰਿਟਾਇਰਡ ਅਰਥ ਸ਼ਾਸਤਰੀ ਡਾਕਟਰ ਪ੍ਰਬੋਧ ਮਲਹੋਤਰਾ ਨੇ ਕੈਂਸਰ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਦੇ ਮਕਸਦ ਤਹਿਤ ਤਕਰੀਬਨ 1.5 ਮਹੀਨਾ ਪੈਦਲ ਤੁਰਕੇ 1325 km ਦਾ ਲੰਮਾ ਪੈਂਡਾ ਸਰ ਕਰ ਲਿਆ ਹੈ। ਡਾ. ਮਲਹੋਤਰਾ ਦਾ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਓਨ੍ਹਾਂ ਨੇ ਬ੍ਰੈਸਟ ਕੈਂਸਰ ਤੋਂ ਪ੍ਰਭਾਵਿਤ ਹਜ਼ਾਰਾਂ ਪਰਿਵਾਰਾਂ ਦੀ ਮਦਦ ਕਰਨ ਵਾਲੀ ਮੈਕਗ੍ਰਾਥ ਫਾਊਂਡੇਸ਼ਨ ਲਈ 1 ਮਿਲੀਅਨ ਡਾਲਰ ਦਾ ਫੰਡ ਇਕੱਠਾ ਕਰਨ ਦੇ ਮਕਸਦ ਦੇ ਨਾਲ ਇਹ ਯਾਤਰਾ ਮੁਕੰਮਲ ਕੀਤੀ। ਸਫ਼ਰ ਪੂਰਾ ਹੋਣ ਮਗਰੋਂ ਮੈਕਗ੍ਰਾਥ ਫਾਊਂਡੇਸ਼ਨ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
71 ਸਾਲ ਦੀ ਉਮਰ ਵਿੱਚ ਇਸ ਲੰਬੀ ਸੈਰ ਲਈ ਸ਼੍ਰੀ ਮਲਹੋਤਰਾ ਨੇ ਖੁੱਦ ਨੂੰ ਕਿਵੇਂ ਤਿਆਰ ਕੀਤਾ ਅਤੇ ਇਸ ਯਾਤਰਾ ਨੂੰ ਸਿਰੇ ਚੜਾਉਣ ਪਿੱਛੇ ਉਹਨਾਂ ਦੇ ਯਤਨਾਂ ਬਾਰੇ ਵਿਸਥਾਰ ਵਿੱਚ ਸੁਨਣ ਲਈ ਪੌਡਕਾਸਟ ਲਿੰਕ ਤੇ ਕਲਿੱਕ ਕਰੋ: