ਪੰਜਾਬੀ ਰਹਿਤਲ ਤੇ ਖੇਤੀਬਾੜੀ ਦੇ ਕੰਮਕਾਜ ਨਾਲ ਜੁੜੇ ਲੋਕ ਟਰੈਕਟਰਾਂ ਦੀ ਅਹਿਮੀਅਤ ਤੋਂ ਭਲੀ-ਭਾਂਤ ਵਾਕਫ਼ ਹਨ।
ਟਰੈਕਟਰਾਂ ਵਿੱਚ ਫੋਰਡ ਬਰਾਂਡ ਦਾ ਖਾਸ ਨਾਂ ਹੈ ਜਿਸ ਦਾ ਜ਼ਿਕਰ ਪੰਜਾਬੀ ਗੀਤਾਂ ਵਿੱਚ ਵੀ ਅਕਸਰ ਸੁਣਨ ਨੂੰ ਮਿਲਦੀ ਹੈ - "ਕਾਰ ਮਾਰੂਤੀ ਰੀਸ ਕਰੂ ਕੀ ਫੋਰਡ ਟਰੈਕਟਰ ਦੀ" ਅਤੇ ਪੰਜਾਬੀ ਬਜ਼ੁਰਗ ਵੀ ਅਕਸਰ ਸਿਫਤ ਵਿੱਚ ਕਹਿੰਦੇ ਸੁਣੇ ਜਾ ਸਕਦੇ ਹਨ ਕਿ 'ਫੋਰਡ, ਫੋਰਡ ਈ ਆ'।
ਡੈਂਡੀਨੋਂਗ ਲਾਗੇ ਡਵਟਨ ਵਿੱਚ ਰਹਿੰਦੇ ਜਸਕਰਣ ਬਰਾੜ ਦਾ ਪਿਛੋਕੜ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਦਾ ਹੈ।
ਕਿਸਾਨੀ ਦੇ ਧੰਦੇ ਨਾਲ ਜੁੜੇ ਬਰਾੜ ਪਰਿਵਾਰ ਕੋਲ ਪਿੰਡ ਖੇਤੀ ਲਈ ਪਿਛਲੇ ਲੰਬੇ ਸਮੇ ਤੋਂ ਫੋਰਡ ਟਰੈਕਟਰ ਰੱਖਿਆ ਹੋਇਆ ਹੈ।

ਸ੍ਰੀ ਬਰਾੜ ਜੋ ਮੈਲਬੌਰਨ ਵਿੱਚ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਹਨ, ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸਦਾ ਇਸ ਟਰੈਕਟਰ ਬ੍ਰਾਂਡ ਨਾਲ ਖਾਸ ਲਗਾਅ ਹੈ ਤੇ ਇਸੇ ਗੱਲ ਦੇ ਚਲਦਿਆਂ ਉਸ ਨੇ ਆਪਣੇ ਘਰ ਤੋਂ 400 ਕਿਲੋਮੀਟਰ ਦੂਰ ਇੱਕ ਕਿਸਾਨ ਤੋਂ ਇੰਗਲੈਂਡ ਦਾ ਬਣਿਆ ਸੰਨ 1970 ਮਾਡਲ ਪੁਰਾਣਾ ਫੋਰਡ ਟਰੈਕਟਰ ਖਰੀਦਿਆ ਸੀ।
“ਇਸ ਟਰੈਕਟਰ ਦੀ ਹਾਲਤ ਬਹੁਤ ਖਸਤਾ ਸੀ ਮੈਂ ਉਸ ਨੂੰ ਆਪਣੇ ਸ਼ੌਕ ਦੇ ਚੱਲਦਿਆਂ ਨਵੀਂ ਰੰਗਤ ਦਿੱਤੀ ਹੈ। ਨਵੇਂ ਸਿਰਿਓਂ ਇਸਨੂੰ ਦੁਬਾਰਾ ਜੋੜਿਆ ਹੈ। ਬਹੁਤ ਸਾਰੇ ਸਪੇਅਰ ਪਾਰਟਸ ਪੰਜਾਬ ਦੇ ਨਕੋਦਰ ਕਸਬੇ ਤੋਂ ਤੇ ਮੈਲਬੌਰਨ ਤੋਂ ਖ਼ਰੀਦੇ ਹਨ।
“ਇਸ ਪ੍ਰਾਜੈਕਟ ਤੇ ਹੁਣ ਤੱਕ ਪੰਦਰਾਂ ਤੋਂ ਵੀਹ ਹਜ਼ਾਰ ਡਾਲਰ ਦਾ ਖਰਚਾ ਆਇਆ ਹੈ ਪਰ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ।
ਮੇਰੇ ਘਰਦਿਆਂ ਖ਼ਾਸਕਰ ਮੇਰੇ ਪਿਤਾ ਜੀ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਹੁਣ ਸਾਡੇ ਆਸਟ੍ਰੇਲੀਆ ਵਾਲ਼ੇ ਘਰ ਵਿੱਚ ਵੀ ਨੀਲਾ ਫੋਰਡ ਖੜ੍ਹਾ ਹੈ।
"ਇਸ ਟਰੈਕਟਰ ਤੋਂ ਇਲਾਵਾ ਮੈਂ ਇੱਕ 'ਅੱਠ ਦਾ ਇੰਜਣ' ਵੀ ਖਰੀਦਿਆ ਹੈ। ਹੁਣ ਇਹ ਦੋਨੋਂ ਮੇਰੀਆਂ ਅੱਖਾਂ ਸਾਹਵੇਂ ਰਹਿੰਦੇ ਨੇ ਤੇ ਮੈਨੂੰ ਮੇਰੇ ਪਿੰਡ ਤੋਂ ਦੂਰ ਨਹੀਂ ਹੋਣ ਦਿੰਦੇ," ਉਨ੍ਹਾਂ ਕਿਹਾ।
1970 ਮਾਡਲ ਦੇ ਇਸ ਟਰੈਕਟਰ 'ਤੇ 10 ਮਹੀਨੇ ਮਿਹਨਤ ਕਰਨ ਪਿੱਛੋਂ ਕਰੋਨਾਵਾਇਰਸ ਲਾਕਡਾਊਨ ਵਿੱਚ ਇਸ ਨੂੰ ਨਵੀਂ ਰੰਗਤ ਦਿੰਦਿਆਂ ਹੁਣ ਬਰਾੜ ਦਾ ਇਰਾਦਾ ਇਸ ਨੂੰ ਆਸਟ੍ਰੇਲੀਆ ਵਿਚਲੇ ਕਿਸਾਨ ਮੇਲਿਆਂ ਵਿੱਚ ਨੁਮਾਇਸ਼ ਵਜੋਂ ਲਿਜਾਣ ਦਾ ਹੈ।

ਸ੍ਰੀ ਬਰਾੜ ਨੇ ਪੰਜਾਬ ਰਹਿੰਦਿਆਂ ਐਗਰੀਕਲਚਰ ਮਸ਼ੀਨਰੀ ਨਾਲ ਸਬੰਧਤ ਮਕੈਨੀਕਲ ਦਾ ਆਈ ਟੀ ਆਈ ਦਾ ਕੋਰਸ ਵੀ ਕੀਤਾ ਹੋਇਆ ਹੈ।
“ਲੋਕਾਂ ਲਈ ਇਹ ਇੱਕ ਟਰੈਕਟਰ ਮਾਤਰ ਹੈ ਪਰ ਸਾਡੇ ਲਈ ਇਹ ਕਿਰਤ ਕਰਨ ਦਾ ਸੁਨੇਹਾ ਹੈ," ਉਨ੍ਹਾਂ ਕਿਹਾ।
ਸਾਨੂੰ ਜ਼ਿੰਦਗੀ ਦੇ ਇਸ ਮੁਕਾਮ 'ਤੇ ਪਹੁੰਚਾਉਣ ਵਿੱਚ ਫੋਰਡ ਦਾ ਖਾਸ ਯੋਗਦਾਨ ਹੈ। ਇਹੀ ਕਾਰਨ ਹੈ ਕਿ ਮੈਂ ਇਹਨੂੰ ਆਪਣੇ ਪਰਿਵਾਰ ਦਾ ਇੱਕ ਅਟੁੱਟ ਅੰਗ ਮੰਨਦਾ ਹਾਂ।"
ਉਹ 2008 ਵਿੱਚ ਭਾਰਤ ਤੋਂ ਪਰਥ ਆਏ ਸਨ ਤੇ ਉਸ ਤੋਂ ਬਾਅਦ ਸੰਨ 2016 ਤੋਂ ਉਹ ਮੈਲਬੌਰਨ ਦੇ ਨਿਵਾਸੀ ਹਨ।
ਟਰੈਕਟਰ ਨੂੰ ਮੁੜ ਨਵੀਂ ਪਛਾਣ ਦੇਣ ਵਿੱਚ ਸਹਿਯੋਗ ਲਈ ਉਨ੍ਹਾਂ ਨੇ ਆਪਣੇ ਪਿੰਡ ਵਾਲੇ ਚਰਨ ਮਿਸਤਰੀ, ਦਲਜੀਤ ਫੋਰਮੈਨ ਅਤੇ ਸਪੇਅਰ ਪਾਰਟਸ ਲਈ ਜੱਸ ਟਰੈਕਟਰਜ਼ ਨਕੋਦਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ







