ਕੁਲਵੰਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਪਤਨੀ ਮਹਿੰਦਰ ਕੌਰ 1969 ਵਿੱਚ ਮਲੇਸ਼ੀਆ ਤੋਂ ਆਸਟ੍ਰੇਲੀਆ ਪਰਵਾਸ ਕਰਕੇ ਆ ਗਏ ਸਨ।
ਭਾਰਤੀ-ਮਲੇਸ਼ਿਆਈ ਜੋੜਾ ਜੋ ਸਕੂਲ ਅਧਿਆਪਕਾਂ ਵਜੋਂ ਸੇਵਾਮੁਕਤ ਹੋਏ ਹਨ, ਪਿਛਲੇ ਲੰਬੇ ਸਮੇਂ ਤੋਂ ਤਸਮਾਨੀਅਨ ਸ਼ਹਿਰ ਲੌਂਸੈਸਟਨ ਵਿੱਚ ਰਹਿ ਰਹੇ ਹਨ।
"ਸਾਨੂੰ ਸਥਾਨਕ ਲੋਕਾਂ ਤੋਂ ਮਿਲਿਆ ਪਿਆਰ-ਸਤਿਕਾਰ ਕਿਸੇ ਬਖਸ਼ਿਸ਼ ਵਰਗਾ ਲੱਗਦਾ ਹੈ। ਅਸੀਂ ਉਨ੍ਹਾਂ ਦੇ ਪਿਆਰ ਅਤੇ ਮਦਦ ਨਾਲ਼ ਇਸ ਖਿੱਤੇ ਵਿੱਚ ਇੱਕ ਚੰਗੀ ਜ਼ਿੰਦਗੀ ਬਤੀਤ ਕੀਤੀ ਹੈ," ਸ਼੍ਰੀ ਢਿੱਲੋਂ ਨੇ ਕਿਹਾ।
ਤਸਮਾਨੀਆ ਨਾਲ਼ ਸਭ ਤੋਂ ਪਹਿਲਾ ਨਾਤਾ ਮਹਿੰਦਰ ਕੌਰ ਹੁਣਾਂ ਦਾ ਜੁੜਿਆ ਜੋ 1963 ਵਿਚ ਲੌਨਸੈਸਟਨ ਟੀਚਰਜ਼ ਕਾਲਜ ਵਿੱਚ ਸਿਖਲਾਈ ਲਈ ਆਏ ਸਨ।

1964 ਵਿੱਚ ਉਹ ਮਲੇਸ਼ੀਆ ਵਿਚਲੇ ਆਪਣੇ ਗ੍ਰਹਿ ਸ਼ਹਿਰ ਇਪੋਹ ਵਾਪਿਸ ਪਰਤ ਗਏ, ਜਿਥੇ ਉਨ੍ਹਾਂ ਇੱਕ ਸਥਾਨਕ ਸਕੂਲ ਵਿੱਚ ਅਧਿਆਪਨ ਵਿਚਲੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
ਇਥੇ ਹੀ ਉਨ੍ਹਾਂ ਦੀ ਮੁਲਾਕਾਤ ਸ਼੍ਰੀ ਢਿੱਲੋਂ ਨਾਲ਼ ਹੋਈ ਜੋ ਉਸ ਵੇਲ਼ੇ ਇੰਗਲੈਂਡ ਤੋਂ ਇੱਕ ਵਜ਼ੀਫੇ-ਅਧਾਰਤ ਪ੍ਰੋਗਰਾਮ ਤਹਿਤ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਾਪਸ ਆਏ ਸਨ। ਸੰਨ 1965 ਵਿੱਚ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਏ।
ਸ੍ਰੀਮਤੀ ਢਿੱਲੋਂ ਨੇ ਕਿਹਾ ਕਿ 1969 ਵਿਚ ਮਲੇਸ਼ੀਆ ਵਿੱਚ ਹੋਈ ‘ਰਾਜਨੀਤਿਕ ਗੜਬੜੀ’ ਕਾਰਨ ਉਨ੍ਹਾਂ ਦੇਸ਼ ਤੋਂ ਬਾਹਰ ਜਾਣ ਦਾ ਫੈਸਲਾ ਲਿਆ।
“ਸਾਡੇ ਕੋਲ ਪਹਿਲਾਂ ਕਨੇਡਾ ਲਈ ਮਨਜ਼ੂਰੀ ਸੀ ਜਿੱਥੇ ਵੀਜ਼ਾ ਪ੍ਰਬੰਧਾਂ ਅਨੁਸਾਰ ਅਸੀਂ ਵਿਨੀਪੈਗ ਵਿੱਚ ਕੰਮ ਕਰਨਾ ਸੀ। ਪਰ ਜਦੋਂ ਮੈਂ ਇਹ ਖ਼ਬਰ ਆਪਣੇ ਤਸਮਾਨੀਆ ਰਹਿੰਦੇ ਪਾਲਣ-ਪੋਸ਼ਣ ਵਾਲੇ ਮਾਪਿਆਂ [ਫੋਸਟਰ ਪੇਰੇਂਟਸ] ਚਾਰਲਸ ਅਤੇ ਮੌਲੀ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਸਾਨੂੰ ਆਸਟ੍ਰੇਲੀਆ ਆਉਣ ਦੀ ਸਲਾਹ ਦਿੱਤੀ।"
ਸ੍ਰੀਮਤੀ ਢਿੱਲੋਂ ਨੇ ਕਿਹਾ ਕਿ ਉਸ ਸਮੇਂ ਲਾਗੂ 'ਵ੍ਹਾਈਟ ਆਸਟ੍ਰੇਲੀਆ ਨੀਤੀ' ਵੀਜ਼ਾ ਪ੍ਰਵਾਨਗੀ ਲਈ ਇੱਕ ਔਖਾ ਕੰਮ ਸੀ।
“ਮੇਰੇ ਫੋਸਟਰ ਮਾਪਿਆਂ ਦੀ ਵੀਜ਼ਾ ਸਪਾਂਸਰਸ਼ਿਪ ਤੋਂ ਬਗੈਰ ਸ਼ਾਇਦ ਇਹ ਕੰਮ ਨਾ ਹੁੰਦਾ। ਉਨ੍ਹਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਲਈ ਜੋ-ਜੋ ਮਦਦ ਕੀਤੀ ਮੈਂ ਉਸ ਸਭ ਲਈ ਉਨ੍ਹਾਂ ਦੀ ਬਹੁਤ ਧੰਨਵਾਦੀ ਹਾਂ।"

ਸ੍ਰੀਮਾਨ ਅਤੇ ਸ੍ਰੀਮਤੀ ਢਿੱਲੋਂ ਨੇ ਦੱਸਿਆ ਕਿ ਉਹ ਤਸਮਾਨੀਆ ਵਿੱਚ ਵਸਣ ਵਾਲੇ ‘ਪਹਿਲੇ ਸਿੱਖ ਪਤੀ-ਪਤਨੀ’ ਹਨ।“
“ਉਸ ਸਮੇਂ ਮੈਂ ਇਸ ਇਲਾਕੇ ਵਿੱਚ ਇਕਲੌਤਾ ਪੱਗ ਬੰਨਣ ਵਾਲੇ ਸਿੱਖ ਵਿਅਕਤੀ ਸੀ। ਪਰ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਇਹ ਇਕ ਵੱਖਰੀ ਦੁਨੀਆ ਹੈ, ਇਥੋਂ ਦੇ ਲੋਕਾਂ ਦੀ ਅਪਣੱਤ ਨੇ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ,” ਸ੍ਰੀ ਢਿੱਲੋਂ ਨੇ ਕਿਹਾ।
“ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਸਮਝ ਨੇ ਸਾਡੀ ਜ਼ਿੰਦਗੀ ਨੂੰ ਸੌਖਿਆਂ ਬਣਾ ਦਿੱਤਾ। ਮਨੁੱਖ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਅਤੇ ਹਮਦਰਦੀ ਦੀ ਲੋੜ ਹੈ ਅਤੇ ਇਹੀ ਚੀਜ਼ਾਂ ਹਨ ਜੋ ਲੋਕਾਂ ਨੂੰ ਇਕੱਠਿਆਂ ਕਰਦੀਆਂ ਹਨ, ਜੋੜਦੀਆਂ ਹਨ।"
ਸ੍ਰੀਮਤੀ ਢਿੱਲੋਂ, ਜਿੰਨਾ ਅਧਿਆਪਨ ਖੇਤਰ ਵਿੱਚ ਤਕਰੀਬਨ 50 ਸਾਲ ਪਹਿਲਾਂ ਹੋਬਰਟ ਦੇ ਰੋਜ਼ ਬੇ ਹਾਈ ਸਕੂਲ ਵਿੱਚੋਂ ਕੰਮ ਸ਼ੁਰੂ ਕੀਤਾ ਸੀ, ਹੁਣ ਰਿਟਾਇਰਮੈਂਟ ਪਿੱਛੋਂ ਜ਼ਿੰਦਗੀ ਵਿਚਲੀ 'ਸਹਿਜਤਾ' ਦਾ ਆਨੰਦ ਲੈ ਰਹੇ ਹਨ।
“ਰਿਟਾਇਰਮੈਂਟ ਤੋਂ ਬਾਅਦ ਜ਼ਿੰਦਗੀ ਕੁਝ ਹੌਲੀ ਅਤੇ ਸਥਿਰ ਹੋ ਗਈ। ਹੁਣ ਮੈਂ ਆਪਣਾ ਵਕਤ ਸੇਵਾ-ਸਿਮਰਨ ਵਿੱਚ ਬਿਤਾਉਣਾ ਚਾਹੁੰਦੀ ਹਾਂ,” ਸ੍ਰੀਮਤੀ ਢਿੱਲੋਂ ਨੇ ਕਿਹਾ।"
ਇਸ ਸਿੱਖ ਪਰਿਵਾਰ ਨੇ ਆਪਣਾ ਤਸਮਾਨੀਆ ਵਿਚਲਾ ਘਰ ਹੁਣ ਇੱਕ ਸਿਮਰਨ-ਕੇਂਦਰ ਵਜੋਂ ਵਿਕਸਤ ਕਰ ਲਿਆ ਹੈ ਜਿਥੇ ਹਰ ਹਫਤੇ ਤਕਰੀਬਨ 40 ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕ ਆਪਣੀਆਂ ਧਾਰਮਿਕ ਅਤੇ ਰੂਹਾਨੀਅਤ ਲੋੜਾਂ ਲਈ ਸਾਂਝ ਪਾਉਂਦੇ ਹਨ।
ਆਪਣੇ 55 ਸਾਲਾਂ ਦੇ ਵਿਆਹੁਤਾ ਜੀਵਨ ਬਾਰੇ ਬੋਲਦਿਆਂ ਸ਼੍ਰੀਮਤੀ ਢਿੱਲੋਂ ਨੇ ਕਿਹਾ ਕਿ ਸਫਲ ਵਿਆਹ ਦਾ ਮੰਤਰ ‘ਵਿਸ਼ਵਾਸ ਅਤੇ ਸਮਝ’ ਉੱਤੇ ਅਧਾਰਤ ਹੈ।
"ਆਪਸੀ ਪਿਆਰ, ਨਿਮਰਤਾ, ਪ੍ਰਵਾਨਗੀ ਅਤੇ ਸਹਿਣਸ਼ੀਲਤਾ ਕੁਝ ਮਹੱਤਵਪੂਰਣ ਚੀਜ਼ਾਂ ਹਨ ਜੋ ਕਿਸੇ ਵੀ ਰਿਸ਼ਤੇ ਦੀ ਸਫਲਤਾ ਨੂੰ ਨਿਰਧਾਰਤ ਕਰਦੇ ਹਨ, ਅਤੇ ਇਸ ਵਿੱਚ ਵਿਆਹੁਤਾ ਜ਼ਿੰਦਗੀ ਵੀ ਸ਼ਾਮਿਲ ਹੈ।"

ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਪਲੇਅਰ ਉੱਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।










