ਪੰਜਾਬੀ ਲੇਖਕ ਅਜੀਤ ਰਾਹੀ 84-ਸਾਲਾਂ ਦੀ ਉਮਰ ਵਿੱਚ ਜਿਗਰ ਦੇ ਕੈਂਸਰ ਦੀ ਸੰਖੇਪ ਬਿਮਾਰੀ ਪਿੱਛੋਂ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ।
ਉਹ ਇੱਕ ਵਧੀਆ ਸਾਹਿਤਕਾਰ ਅਤੇ ਮਿਲਣਸਾਰ ਸ਼ਖਸ਼ੀਅਤ ਸਨ ਜਿਨਾਂ ਤਕਰੀਬਨ 35 ਦੇ ਕਰੀਬ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ।
1970ਵਿਆਂ ਵਿੱਚ ਨਕਸਲੀ ਲਹਿਰ ਦੌਰਾਨ ਸਰਗਰਮ ਹੋਣ ਵੇਲ਼ੇ ਉਹ ਕਪੂਰਥਲੇ ਸ਼ਹਿਰ ਵਿੱਚ ਸਕੂਲ ਅਧਿਆਪਕ ਸਨ।
ਪੁਲਿਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਅੰਨ੍ਹਾ ਤਸ਼ੱਦਦ ਝੱਲਦਿਆਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਔਖੇ ਸਮੇਂ ਵਿੱਚੋਂ ਲੰਘਣਾ ਪਿਆ।
ਉਪਰੰਤ ਉਨ੍ਹਾਂ ਆਸਟ੍ਰੇਲੀਆ ਨੂੰ ਆਪਣਾ ਰੈਣ ਬਸੇਰਾ ਬਣਾ ਲਿਆ ਅਤੇ ਪਿਛਲੇ ਲੰਬੇ ਸਮੇਂ ਤੋਂ ਉਹ ਨਿਊ ਸਾਊਥ ਵੇਲਜ ਦੇ ਸ਼ਹਿਰ ਗ੍ਰਿਫਿਥ ਵਿੱਚ ਰਹਿ ਰਹੇ ਸਨ।
ਸਿਡਨੀ ਨਿਵਾਸੀ ਅਤੇ ਉਨ੍ਹਾਂ ਦੇ 40 ਸਾਲ ਤੋਂ ਜਾਣੂ ਰਣਜੀਤ ਖੇੜਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇੱਕ 'ਨੇਕ ਰੂਹ' ਅਤੇ 'ਬਹੁਪੱਖੀ ਸ਼ਖਸ਼ੀਅਤ' ਵਜੋਂ ਯਾਦ ਕੀਤਾ ਹੈ।

ਅਜੀਤ ਰਾਹੀ ਦੇ ਸਨੇਹੀ 15 ਮਈ ਨੂੰ ਉਨ੍ਹਾਂ ਦੇ ਗ੍ਰਿਫ਼ਿਥ ਸਥਿੱਤ ਘਰ ਵਿੱਚ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ।
ਸ਼੍ਰੀ ਖੈੜਾ ਨੇ ਦੱਸਿਆ ਕਿ ਉਹ ਇੱਕ ‘ਜ਼ਿੰਦਾਦਿਲ’ ਸ਼ਖਸ਼ੀਅਤ ਸਨ ਜਿਨਾਂ ਆਪਣੀਆਂ ਲਿਖਤਾਂ ਜ਼ਰੀਏ ਪਾਠਕਾਂ ਦੀ ਸੋਚ ਨੂੰ ਪ੍ਰਭਾਵਿਤ ਕੀਤਾ।
"ਪਰਵਾਸ ਦੀ ਜ਼ਿੰਦਗੀ ਦੌਰਾਨ ਵੀ ਉਨ੍ਹਾਂ ਪੰਜਾਬ ਨੂੰ ਰੂਹ ਤੱਕ ਜੀਵਿਆ ਅਤੇ ਹਮੇਸ਼ਾਂ ਆਪਣੀ ਕਲਮ ਨਾਲ਼ ਪੰਜਾਬ ਦੀ ਜ਼ਮੀਨੀ ਹਕੀਕਤ ਬਿਆਨ ਕੀਤੀ। ਉਨ੍ਹਾਂ ਦੀ ਲਿਖਤ ਵਿੱਚੋਂ ਜਿਥੇ 1984 ਦੇ ਸਿੱਖ ਕਤਲੇਆਮ ਦੀ ਚੀਸ ਮਹਿਸੂਸ ਹੁੰਦੀ ਹੈ ਉਥੇ ਸਮੇਂ ਦਾ ਕੌੜਾ ਸੱਚ ਵੀ ਸਾਮਣੇ ਆਓਂਦਾ ਹੈ," ਉਨ੍ਹਾਂ ਕਿਹਾ।
ਨਾਦਰ ਸ਼ਾਹ ਦੀ ਵਾਪਸੀ, ਤੀਜਾ ਘੱਲੂਘਾਰਾ (1984), ਅੱਧੀ ਸਦੀ ਦਾ ਸਫਰ, ਸਤਲੁਜ ਗਵਾਹ ਹੈ, ਸੁਲੱਘਦਾ ਸੱਚ ਉਨ੍ਹਾਂ ਵੱਲ੍ਹੋਂ ਲਿਖੀਆਂ ਕੁਝ ਪ੍ਰਮੁੱਖ ਕਿਤਾਬਾਂ ਹਨ।

ਆਸਟ੍ਰੇਲੀਅਨ ਪੰਜਾਬੀ ਲੇਖਕ ਅਜੀਤ ਰਾਹੀ ਅਤੇ ਉਨ੍ਹਾਂ ਦੁਆਰਾ ਲਿਖੀਆਂ ਕਿਤਾਬਾਂ Source: ਐਮ ਆਸਿਫ਼ ਰਜ਼ਾ
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।