4 ਅਗਸਤ, 1948 ਨੂੰ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪੈਦਾ ਹੋਏ ਗਿੱਲ ਸੁਰਜੀਤ ਨੇ ਪਟਿਆਲਾ ਸ਼ਹਿਰ ਨੂੰ ਆਪਣੀ ਪੱਕੀ ਰਿਹਾਇਸ਼ ਬਣਾ ਲਿਆ ਸੀ ਜਿਥੇ ਉਨ੍ਹਾਂ 24 ਅਪ੍ਰੈਲ 2021 ਨੂੰ ਆਖਰੀ ਸਾਹ ਲਏ।
ਮੈਲਬੌਰਨ ਰਹਿੰਦੇ ਉਨ੍ਹਾਂ ਦੇ ਸਪੁੱਤਰ ਗੇਵਿਨ ਗਿੱਲ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਪਰਕਿਨਸਨ ਦੀ ਬਿਮਾਰੀ ਤੋਂ ਪੀੜ੍ਹਤ ਸਨ ਅਤੇ ਉਨ੍ਹਾਂ ਦੀ ਸਿਹਤ ਵਿੱਚ ਦਿਨ-ਪ੍ਰਤੀਦਿਨ ਨਿਘਾਰ ਆ ਰਿਹਾ ਸੀ।
ਐਸ ਬੀ ਐਸ ਪੰਜਾਬੀ ਨਾਲ਼ 2014 ਵਿੱਚ ਮੈਲਬੌਰਨ ਸਟੂਡੀਓ ਵਿੱਚ ਰਿਕਾਰਡ ਕੀਤੀ ਇੱਕ ਇੰਟਰਵਿਊ ਦੌਰਾਨ ਗਿੱਲ ਸੁਰਜੀਤ ਨੇ ਦੱਸਿਆ ਸੀ ਕਿ ਭਾਵੇਂ ਉਨ੍ਹਾਂ ਨੇ ਅਨੇਕਾਂ ਗੀਤ ਲਿਖੇ ਪਰ ਗਾਇਕ ਹਰਦੀਪ ਵੱਲੋਂ ਗਾਇਆ ਉਨ੍ਹਾਂ ਦਾ ਗੀਤ ‘ਸ਼ਹਿਰ ਪਟਿਆਲੇ ਦੇ, ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ’ ਸਭ ਤੋਂ ਵੱਧ ਮਕਬੂਲ ਹੋਇਆ।

Gill Surjit at SBS Studios, Melbourne (File photo from 2014). Source: Photo Preetinder Grewal
"ਸ਼ਹਿਰ ਪਟਿਆਲੇ ਦੇ" 1989 ਵਿੱਚ ਆਉਟਡੋਰ ਸ਼ੂਟਿੰਗ ਦੌਰਾਨ ਫਿਲਮਾਇਆ ਪਹਿਲਾ ਗੀਤ ਸੀ ਜਿਸਨੇ ਸਾਡਾ ਨਾਂ ਅੰਤਰਾਸ਼ਟਰੀ ਪੱਧਰ ਉੱਤੇ ਪਹੁੰਚ ਦਿੱਤਾ। ਇਸਤੋਂ ਬਾਅਦ ਮੇਰੇ ਲਿਖੇ ਗੀਤ ਕਈ ਪ੍ਰਸਿੱਧ ਗਾਇਕਾਂ ਨੇ ਗਾਏ," ਉਨ੍ਹਾਂ ਕਿਹਾ।
ਮੈਨੂੰ ਇਸ ਗੱਲ ਉੱਤੇ ਮਾਣ ਹੈ ਕਿ ਮੈਨੂੰ ਮੇਰੇ ਲਿਖੇ ਸਾਫ-ਸੁਥਰੇ, ਪਰਿਵਾਰ ਵਿੱਚ ਸੁਣੇ ਜਾ-ਸਕਣ ਵਾਲ਼ੇ ਸੱਭਿਆਚਾਰਕ ਗੀਤਾਂ ਲਈ ਯਾਦ ਕੀਤਾ ਜਾਵੇਗਾ।
ਉਨ੍ਹਾਂ ਤਮਾਮ ਉਮਰ ਪੰਜਾਬੀ ਗੀਤਾਂ ਅਤੇ ਲੋਕ ਨਾਚਾਂ ਨੂੰ ਸਮਰਪਿਤ ਕਰਦਿਆਂ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਸਤਿਕਾਰ ਦਿੰਦਿਆਂ ਆਪਣਾ ਬਣਦਾ ਯੋਗਦਾਨ ਪਾਇਆ।
ਗਿੱਲ ਸੁਰਜੀਤ ਸਿਵਲ ਡਿਫੈਂਸ ਅਧਿਕਾਰੀ ਵਜੋਂ ਕਈ ਸਾਲ ਲੁਧਿਆਣਾ ਰਹੇ ਤੇ ਕਰੀਬ ਤੀਹ ਸਾਲ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਗਿੱਧਾ ਤੇ ਭੰਗੜਾ ਸਿਖਾਉਂਦੇ ਰਹੇ।
ਉਨ੍ਹਾਂ ਵੱਲੋਂ ਲਿਖੇ ਗੀਤ ਸੁਰਿੰਦਰ ਕੌਰ, ਸੁਰਿੰਦਰ ਛਿੰਦਾ, ਗਿੱਲ ਹਰਦੀਪ, ਮਲਕੀਤ ਗੋਲਡਨ ਸਟਾਰ, ਚੰਨੀ, ਜਸਪਿੰਦਰ ਨਰੂਲਾ, ਗੁਰਮੀਤ ਬਾਵਾ, ਅਮਰ ਨੂਰੀ, ਰੰਜਨਾ, ਮਹਿੰਦਰ ਕਪੂਰ, ਸੁਰੇਸ਼ ਵਾਡੇਕਰ ਅਤੇ ਪੰਮੀ ਬਾਈ ਆਦਿ ਨੇ ਗਾਏ।

Gill Surjit with Punjabi singer Gurdas Mann and Hans Raj Hans. Source: Supplied
‘ਮੇਲਾ ਮੁੰਡੇ ਕੁੜੀਆਂ ਦਾ’, ‘ਵੰਗਾਂ ਦੀ ਛਣਕਾਰ’, ‘ਝਾਂਜਰ ਦਾ ਛਣਕਾਟਾ’, ‘ਚੇਤੇ ਕਰ ਬਚਪਨ ਨੂੰ’ ਉਨ੍ਹਾਂ ਦੀਆਂ ਪ੍ਰਸਿੱਧ ਗੀਤ ਪੁਸਤਕਾਂ ਹਨ।
ਗਿੱਲ ਸੁਰਜੀਤ ਦੇ ਜਹਾਨੋਂ ਰੁਖਸਤ ਹੋ ਜਾਣ ਨਾਲ਼ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਹੈ। ਉਹ ਆਪਣੀ ਮਿਆਰੀ ਲੇਖਣੀ ਦੇ ਸਦਕੇ ਲੋਕ-ਮਨਾਂ ਵਿੱਚ ਹਮੇਸ਼ਾਂ 'ਸੁਰਜੀਤ' ਰਹਿਣਗੇ।
ਗਿੱਲ ਸੁਰਜੀਤ ਨਾਲ਼ 2014 ਵਿੱਚ ਰਿਕਾਰਡ ਕੀਤੀ ਇੰਟਰਵਿਊ ਸੁਣਨ ਲਈ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।