ਇਕ ਪਾਸੇ ਸਾਡੇ ਵਿਚੋਂ ਹੀ ਕਈ ਲੋਕ ਆਪਣੀ ਮਾਂ ਬੋਲੀ ਤੋਂ ਬਹੁਤ ਕਿਨਾਰਾ ਕਰ ਲੈਂਦੇ ਹਨ, ਪਰ ਕੁਝ ਅਜਿਹੇ ਵੀ ਹਨ ਜੋ ਕਿ ਆਪਣੀ ਮਾਂ ਬੋਲੀ ਦੀ ਨਾਲ ਪੂਰਾ ਪਿਆਰ ਪਾਲਦੇ ਹੋਏ, ਦੂਜੀਆਂ ਬੋਲੀਆਂ ਨੂੰ ਵੀ, ਮਾਸੀ / ਚਾਚੀ ਵਰਗਾ ਹੀ ਮਾਣ ਸਤਿਕਾਰ ਦਿੰਦੇ ਨੇ।
ਤੇ ਅਜਿਹੀ ਹੀ ਹੈ ਕੂਆਲਾਲੰਪੁਰ ਦੀ ਸਿਖਿਆਰਥੀ ਕਰਿਸਟਲ ਲਿਮ। ਇਸ ਨੂੰ ਹਾਈ ਸਕੂਲ ਵਿਚ ਪੜਦਿਆਂ ਹੀ ਆਪਣੀ ਮਾਂ ਬੋਲੀ ਬਹਾਸਾ ਤੋਂ ਬਾਦ ਦੂਜੀਆਂ ਹੋਰ ਕਈ ਬੋਲੀਆਂ ਦੇ ਕੁਝ ਕੂ ਚੋਣਵੇਂ ਲਫਜ, ਜਿਵੇਂ ‘ਸਤਿ ਸ੍ਰੀ ਅਕਾਲ’ ਆਦਿ ਸਿਖਣ ਦਾ ਸ਼ੋਂਕ ਪੈਦਾ ਹੋਇਆ, ਜੋ ਕਿ ਬਾਦ ਵਿਚ ਇਕ ਜਨੂੰਨ ਵਿਚ ਬਦਲ ਗਿਆ ਅਤੇ ਇਸ ਨੇ ਇੰਗਲਿਸ਼, ਕੈਂਟੋਨੀਸ, ਮੈਂਡਰੀਨ, ਹਿੰਦੀ, ਪੰਜਾਬੀ ਦੇ ਨਾਲ ਨਾਲ ਜਪਾਨੀ, ਸਪੈਨਿਸ਼ ਅਤੇ ਫਰੈਂਚ ਬੋਲੀਆਂ ਵੀ ਸਿਖ ਲਈਆਂ। ਤੇ ਇਸੇ ਤਰਾਂ ਇਕ ਵਾਰ ਜਦੋਂ ਇਸ ਨੇ 43 ਸਾਲਾ, ਰਿਸ਼ੀਵੰਤ ਸਿੰਘ ਰੰਧਾਵਾ ਨੂੰ ਅਚਾਨਕ ਪੰਦਾਨ ਪਿਰਦਾਨਾ ਵਿਚ ਦੇਖਿਆ ਤਾਂ ਜੋਸ਼ ਨਾਲ ਫਤਿਹ ਗਜਾ ਦਿਤੀ। ਰਿਸ਼ੀਵੰਤ ਇਸ ਦੇ ਉਚਾਰਣ ਤੋਂ ਇੰਨਾਂ ਹੈਰਾਨ ਨਹੀਂ ਹੋਏ ਜਿੰਨਾ ਇਸ ਦੀ ਸਪਸ਼ਟਾ ਤੋਂ ਖੁਸ਼ ਹੋਏ, ਤੇ ਉਹਨਾਂ ਨੇ ਇਸ ਗਲਬਾਤ ਨੂੰ ਹੋਰ ਵੀ ਅੱਗੇ ਵਧਾ ਕਿ ਦੇਖਦੇ ਹੋਏ ਜਾਨਣ ਦੀ ਕੋਸ਼ਿਸ਼ ਕੀਤੀ ਕਿ ਇਸ ਕੁੜੀ ਨੂੰ ਦੋ ਚਾਰ ਚੋਣਵੇਂ ਸ਼ਬਦ ਹੀ ਯਾਦ ਨੇ ਜਾਂ ਹੋਰ ਵੀ ਬਹੁਤ ਕੁਝ? ਪਰ ਰਿਸ਼ੀਵੰਤ ਨੂੰ ਕਰਿਸਟਲ ਲਿਮ ਨੇ ਆਪਣੀ ਪੰਜਾਬੀ ਵਿਚ ਹੋਈ ਗਲਬਾਤ, ਜਿਸ ਵਿਚ ਉਸ ਨੇ ਮੋਗਾ, ਜੀਜਾ ਅਤੇ ਕਈ ਹੋਰ ਠੇਠ ਪੰਜਾਬੀ ਦੇ ਉਚਾਰਣਾਂ ਨਾਲ ਕੀਲ ਕੇ ਰਖ ਦਿਤਾ। ਰਿਸ਼ੀਵੰਤ ਨੇ ਕਰਿਸਟਲ ਨਾਲ ਹੋਈ ਗਲਬਾਤ ਦੀ ਵੀਡੀਓ ਬਣਾ ਲਈ ਤੇ ਸੋਸ਼ਲ ਮੀਡੀਆ ਉਤੇ ਪਾ ਦਿਤੀ। ਬਸ, ਰਾਤੋ ਰਾਤ ਇਹ ਵੀਡੀਉ ਪੰਜਾਬੀਆਂ ਅਤੇ ਹੋਰਨਾਂ ਵਲੋਂ ਇੰਨੀ ਜਿਆਦਾ ਪਸੰਦ ਕੀਤੀ ਗਈ ਕਿ ਕਰਿਸਟਲ ਇਕ ਸੇਲੇਬਰਿਟੀ ਬਣ ਗਈ। ਕਰਿਸਟਲ ਕਹਿੰਦੀ ਹੈ ਕਿ,’ਦੂਜਿਆਂ ਦੀਆਂ ਬੋਲੀਆਂ ਸਿਖਣ, ਉਹਨਾਂ ਦੇ ਸਭਿਆਚਾਰ ਨੂੰ ਜਾਨਣ ਨਾਲ ਸਾਡਾ ਜਿੰਦਗੀ ਦਾ ਦ੍ਰਿਸ਼ਟੀਕੋਣ ਹੋਰ ਵੀ ਚੋੜਾ ਹੋ ਜਾਂਦਾ ਹੈ।‘
ਸਤੀਸ਼ ਵਰਮਾਂ ਜੋ ਕਿ ਪੰਜਾਬੀ ਯੂਨਿਵਰਸਿਟੀ ਵਿਚ ਪੰਜਾਬੀ ਵਿਭਾਗ ਦੇ ਭੂਤਪੂਰਵ ਮੁਖੀ ਵੀ ਰਹ ਚੁਕੇ ਨੇ ਅਕਸਰ ਆਪਣੀ ਗਲਬਾਤ ਇਸ ਗਲ ਤੋਂ ਸ਼ੁਰੂ ਕਰਦੇ ਸੀ, “ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਅੰਤਾਂ ਦੀ ਸਤਿਕਾਰ ਦੀ ਪਾਤਰ ਹੈ। ਬਾਕੀ ਦੀਆਂ ਸਾਰੀਆਂ ਦੂਜੀਆਂ ਭਾਸ਼ਾਵਾਂ ਜਿਵੇਂ ਕਿ ਹਿੰਦੀ, ਬੰਗਲਾ, ਮਰਾਠੀ, ਮਲਿਆਲਮ ਆਦਿ ਸਾਡੀਆਂ ਮਾਸੀਆਂ ਹਨ ਤੇ ਇਸ ਰਿਸ਼ਤੇ ਨਾਲ ਬਰਾਬਰ ਦੇ ਸਤਿਕਾਰ ਦੀਆਂ ਹਕਦਾਰ ਹਨ। ਇੰਗਲਿਸ਼ ਕਿਉਂਕਿ ਬਾਹਰੋਂ ਆਈ ਹੈ, ਇਸ ਹਿਸਾਬ ਨਾਲ ਚਾਚੀ ਹੈ। ਤੇ ਸਤਿਕਾਰ ਤਾਂ ਮਾਸੀਆਂ ਚਾਚੀਆਂ ਦਾ ਬਰਾਬਰ ਦਾ ਹੀ ਬਣਦਾ ਹੈ।“
ਕਰਿਸਟਲ ਲਿੰਮ ਨੂੰ ਜਿਥੇ ਇੰਨਾ ਮਾਣ ਸਤਿਕਾਰ ਮਿਲ ਰਿਹਾ ਹੈ ਉਥੇ ਨਾਲ ਹੀ ਉਸ ਇਸ ਗਲ ਦਾ ਮਲਾਲ ਵੀ ਹੈ ਕਿ ਕਈਆਂ ਵਲੋਂ ਉਸ ਨੂੰ ਪੰਜਾਬੀਆਂ ਦੀ ਗੋਦ ਲਈ ਹੋਈ ਸੰਤਾਨ ਮੰਨਿਆ ਜਾ ਰਿਹਾ ਹੈ ਅਤੇ ਕਈ ਤਾਂ ਉਸ ਨੂੰ ਅਸਾਮੀ ਮੂਲ ਦੀ ਭਾਰਤੀ ਕਹ ਰਹੇ ਨੇ। ਕਰਿਸਟਲ ਨੇ ਅਜਿਹੇ ਲੋਕਾਂ ਨੂੰ ਸੁਨੇਹਾ ਦਿਤਾ ਹੈ ਕਿ, ‘ਕਦੀ ਵੀ ਬਿਨਾਂ ਸੋਚੇ ਸਮਝੇ ਸਿੱਟੇ ਨਾਂ ਕੱਢੋ’।