ਇਸ ਔਰਤ ਦੀ ਕਹਾਣੀ ਵੀ ਉਹਨਾਂ ਕਈ ਹਜਾਰਾਂ ਵਰਗੀ ਹੀ ਹੈ ਜਿਨਾਂ ਨੂੰ ਉਹਨਾਂ ਦੇ ਵਿਦੇਸ਼ੀ ਲਾੜੇ ਵਿਆਹ ਤੋਂ ਪਿੱਛੋਂ ਭਾਰਤ ਵਿੱਚ ਹੀ ਛੱਡ ਕੇ ਆਪ ਵਾਪਸ ਪਰਤ ਜਾਂਦੇ ਹਨ।
ਜੈ ਕੌਰ (ਬਦਲਵਾਂ ਨਾਮ) ਦੀ ਮੰਗਣੀ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਮੁੰਡੇ ਨਾਲ ਫਰਵਰੀ 2012 ਵਿੱਚ ਉਦੋਂ ਹੋਈ ਸੀ ਜਦੋਂ ਇਹ ਮੁੰਡਾ ਸਥਾਈ ਵਸਨੀਕ ਵੀ ਨਹੀਂ ਸੀ। ਇਸ ਲਈ ਉਸ ਨੇ ਜੈ ਨੂੰ ਕਿਹਾ ਕਿ ਉਹ ਵੀ ਆਈਲੈਟਸ ਦਾ ਇਮਤਿਹਾਨ ਪਾਸ ਕਰ ਲਵੇ ਤਾਂ ਕਿ ਦੋਨੋਂ ਜਾਣੇ ਆਸਟ੍ਰੇਲੀਆ ਵਿੱਚ ਸਥਾਪਤ ਹੋ ਕਿ ਆਪਣੀ ਜਿੰਦਗੀ ਉੱਜਲੀ ਕਰ ਸਕਣ।
ਜੈ ਕੌਰ, ਜੋ ਕਿ ਫਿਜਿਕਸ ਵਿੱਚ ਪੋਸਟ-ਗਰੈਜੂਏਟ ਸੀ, ਨੇ ਆਈਲੈਟਸ 6 ਬੈਂਡਾਂ ਨਾਲ ਪਾਸ ਕਰ ਲਿਆ।
ਇਹਨਾਂ ਦੀ ਮੰਗਣੀ ਵੀ ਆਮ ਪੰਜਾਬੀ ਪਰਿਵਾਰਾਂ ਵਾਂਗ ਚੰਗੇ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ ਸੀ ਜਿਸ ਵਿੱਚ ਹੀਰੇ ਦੀਆਂ ਅੰਗੂਠੀਆਂ ਆਦਿ ਤੋਹਫੇ ਵਜੋਂ ਦਿਤੀਆਂ ਗਈਆਂ ਸਨ।
ਜੈ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ, ‘ਮੇਰੇ ਪਤੀ ਨੂੰ ਅਖੀਰ ਮਈ 2013 ਵਿੱਚ ਪੀ ਆਰ ਮਿਲ ਹੀ ਗਈ ਤੇ ਉਸ ਨੇ ਭਾਰਤ ਵਾਪਸ ਆ ਕੇ ਅਕਤੂਬਰ 2013 ਵਿੱਚ ਵਿਆਹ ਰਚਾ ਲਿਆ। ਵਿਆਹ ਵਿੱਚ ਵੀ ਮੇਰੇ ਪਿਤਾ ਨੇ ਭਾਰੀ ਦਹੇਜ ਤੌਹਫੇ ਵਜੋਂ ਦਿੱਤਾ। ਅਸੀਂ 2-3 ਮਹੀਨੇ ਇਕੱਠੇ ਖੂਬ ਘੁੰਮੇ ਫਿਰੇ ਅਤੇ ਹਨੀਮੂਨ ਤੇ ਵੀ ਗਏ’।
ਉਸ ਸਮੇਂ ਜੈ ਨੂੰ ਲਗਿਆ ਕਿ ਉਸ ਵਰਗਾ ਖੁਸ਼ਹਾਲ ਅਤੇ ਕਿਸਮਤ ਵਾਲਾ ਕੋਈ ਹੋਰ ਹੋ ਹੀ ਨਹੀਂ ਸਕਦਾ।
‘ਮੇਰੇ ਪਤੀ ਦਸੰਬਰ 2013 ਵਿੱਚ ਵਾਪਸ ਆਸਟ੍ਰੇਲੀਆ ਇਹ ਵਾਅਦਾ ਕਰਦੇ ਹੋਏ ਪਰਤ ਗਏ ਕਿ ਉਹ ਜਲਦੀ ਹੀ ਮੈਨੂੰ ਵੀ ਉੱਥੇ ਬੁਲਾ ਲੈਣਗੇ। ਇਸ ਸਮੇਂ ਮੈ ਗਰਭਵਤੀ ਸੀ। ਮੇਰੇ ਪਤੀ ਨੇ ਮੈਨੂੰ ਦਸਿਆ ਕਿ ਉਸ ਦੇ ਆਸਟ੍ਰੇਲੀਆ ਵਿੱਚ ਲਾਇਸੈਂਸ ਨੂੰ ਲੈ ਕਿ ਕੋਈ ਸਮੱਸਿਆ ਸੀ ਇਸ ਲਈ ਮੈ ਆਪਣੇ ਪਿਤਾ ਨੂੰ ਹੀ ਆਪਣਾ ਪ੍ਰਵਾਸ ਵਾਲਾ ਕੇਸ ਦਾਖਲ ਕਰਨ ਲਈ ਕਹਾਂ। ਕਿਹਾ ਮੰਨਦੇ ਹੋਏ ਮੇਰੇ ਪਿਤਾ ਨੇ ਕੇਸ ਫਾਈਲ ਕਰਦੇ ਹੋਏ 2.5 ਲੱਖ ਰੁਪਏ ਹੋਰ ਵੀ ਖਰਚ ਦਿੱਤੇ’।
ਜੈ ਨੇ ਦਸਿਆ ਕਿ ਉਸ ਨੇ ਸਾਲ 2014 ਦੇ ਮੱਧ ਵਿੱਚ ਇੱਕ ਪਿਆਰੀ ਬੱਚੀ ਨੂੰ ਜਨਮ ਦਿੱਤਾ, ਪਰ ਉਸ ਦੇ ਨਾਲ ਹੀ ਸਭ ਕੁੱਝ ਬਦਲ ਗਿਆ।
‘ਮੈਨੂੰ ਰੀਤੀ ਰਿਵਾਜਾਂ ਦੀ ਦੁਹਾਈ ਦਿੰਦੇ ਹੋਏ ਮੇਰੇ ਮਾਪਿਆਂ ਦੇ ਘਰ ਵਿੱਚ ਹੀ ਬੱਚਾ ਜਨਮਣ ਲਈ ਮਜਬੂਰ ਕੀਤਾ ਗਿਆ ਸੀ। ਬਾਅਦ ਵਿੱਚ ਜਦੋਂ ਕਦੀ ਵੀ ਮੈ ਆਪਣੇ ਸਹੁਰਿਆਂ ਦੇ ਘਰ ਜਾਣ ਲਈ ਕਿਹਾ ਤਾਂ ਮੈਨੂੰ ਕੁੜੀ ਜੰਮਣ ਦੇ ਤਾਅਨੇ ਦਿੱਤੇ ਗਏ ਅਤੇ ਕਿਹਾ ਗਿਆ ਕਿ ਮੈਂ ਆਪਣੇ ਮਾਪਿਆਂ ਕੋਲੋਂ 40 ਲੱਖ ਹੋਰ ਲੈ ਕਿ ਆਵਾਂ’, ਭਰੇ ਮਨ ਨਾਲ ਜੈ ਨੇ ਦਸਿਆ।
‘ਇਸ ਤੋਂ ਬਾਅਦ ਅਚਾਨਕ ਹੀ ਇੱਕ ਦਿਨ ਬਿਸੇ ਕਿਸੇ ਇਤਲਾਹ ਦੇ ਮੇਰੇ ਪਤੀ ਭਾਰਤ ਆਏ। ਮੈਂ ਉਹਨਾਂ ਨੂੰ ਆਪਣੇ ਨਾਲ ਆਸਟ੍ਰੇਲੀਆ ਲਿਜਾਣ ਲਈ ਬੜੀਆਂ ਬੇਨਤੀਆਂ ਕੀਤੀਆਂ ਪਰ ਉਹ ਬਿਨਾਂ ਕੁੱਝ ਕੀਤਿਆਂ ਹੀ ਵਾਪਸ ਪਰਤ ਗਏ’।
ਮੇਰੇ ਸਾਰੇ ਸਰਟਿਫਿਕੇਟ ਅਤੇ ਹੋਰ ਕਾਗਜ ਮੇਰੇ ਸਹੁਰਿਆਂ ਨੇ ਆਪਣੇ ਕੋਲ ਰੱਖੇ ਹੋਏ ਸਨ। ਮੈਂ ਬੜੀਆਂ ਮੁਸ਼ਕਲਾਂ ਨਾਲ ਆਪਣੀ ਬੱਚੀ ਦਾ ਪਾਸਪੋਰਟ ਅਪਲਾਈ ਕੀਤਾ ਅਤੇ ਲੜਾਈਆਂ ਝਗੜਿਆਂ ਵਿੱਚ ਪੁਲਿਸ ਵੈਰੀਫਿਕੇਸ਼ਨ ਹੋ ਪਾਈ।
ਪਰ ਮੇਰੇ ਸਿਰ ਤੇ ਉਸ ਸਮੇਂ ਅਸਮਾਨ ਡਿੱਗ ਪਿਆ ਜਦੋਂ ਮੇਰੇ ਪਤੀ ਨੇ ਮੇਰਾ ਸੁਪਪੋਰਟ ਵਾਲਾ ਕੇਸ ਸਤੰਬਰ 2015 ਵਿੱਚ ਵਾਪਸ ਲੈ ਲਿਆ।
ਇਸ ਤੋਂ ਬਾਅਦ ਸ਼ੁਰੂ ਹੋਇਆ ਜੈ ਵਲੋਂ ਕੀਤੀਆਂ ਗਈਆਂ ਬੇਹਿਸਾਬ ਬੇਨਤੀਆਂ ਦਾ ਜਿਨਾਂ ਦਾ ਉਸ ਦੇ ਪਤੀ ਵਲੋਂ ਸਿਰਫ ਵਾਅਦਿਆਂ ਨਾਲ ਹੀ ਸਾਰਿਆ ਗਿਆ। ਉਸ ਦੀ ਅਤੇ ਉਹਨਾਂ ਦੀ ਬੇਟੀ ਦੀ ਪੀ ਆਰ ਦਾ ਕੇਸ ਕਦੇ ਵੀ ਦਾਖਲ ਨਹੀਂ ਹੋ ਸਕਿਆ।
ਅਤੇ ਫੇਰ ਅਚਾਨਕ ਹੀ ਜੈ ਕੌਰ ਦੇ ਪਤੀ ਨੇ ਉਸ ਨੂੰ ਆਪਣੇ ਸਾਰੇ ਸੰਪਰਕਾਂ ਵਿੱਚੋਂ ਬਲੌਕ ਕਰ ਦਿੱਤਾ।
‘ਹੁਣ ਮੈਂ ਆਸਟ੍ਰੇਲੀਆ ਖੁੱਦ ਆਈ ਹਾਂ ਤਾਂ ਕਿ ਆਪਣੇ ਪਤੀ ਕੋਲੋਂ ਪਿਛਲੇ ਸਾਲਾਂ ਦਾ ਹਿਸਾਬ ਮੰਗ ਸਕਾਂ। ਮੈਂ ਉਸ ਨੂੰ ਪੁਰਾਣੇ ਸਾਰੇ ਨੰਬਰਾਂ ਉੱਤੇ ਸੁਨੇਹੇ ਭੇਜੇ ਅਤੇ ਅੰਤ ਵਿੱਚ ਇੱਕ ਨਵੇਂ ਨੰਬਰ ਤੋਂ ਮੈਨੂੰ ਮੇਰੇ ਪਤੀ ਦਾ ਫੋਨ ਆਇਆ ਅਤੇ ਪੁੱਛਿਆ ਕਿ ਮੈਂ ਆਸਟ੍ਰੇਲੀਆ ਕਿਵੇਂ ਆਈ ਤੇ ਕੀ ਕਰ ਰਹੀ ਹਾਂ?’, ਜੈ ਜੋ ਕਿ ਇਸ ਸਮੇਂ ਇੱਕ ਸਜਾਜ ਸੇਵੀ ਸੰਸਥਾ ਨਾਲ ਰਹਿ ਰਹੀ ਹੈ ਨੇ ਦਸਿਆ।
‘ਮੇਰੇ ਪਤੀ ਨੇ ਮੇਰੇ ਕੋਲੋਂ ਮਾਫੀ ਮੰਗੀ ਹੈ ਅਤੇ ਨਾਲ ਹੀ ਇਹ ਵੀ ਵਾਅਦਾ ਕੀਤਾ ਹੈ ਕਿ ਉਹ ਸਾਡੀ ਬੇਟੀ ਦੇ ਪਾਸਪੋਰਟ ਵਾਸਤੇ ਅਪਲਾਈ ਕਰਨਗੇ’।
ਪਰ ਇੱਕ ਜਿਹੜੀ ਗਲ ਜੈ ਦੇ ਪਤੀ ਨੇ ਕਹੀ ਅਤੇ ਉਸ ਨੂੰ ਬਿਜਲੀ ਵਾਂਗ ਲੱਗੀ ਹੈ, ਉਹ ਉਸ ਦੇ ਪਤੀ ਵਲੋਂ ‘ਤੂੰ ਹੁਣ ਬਹੁਤ ਦੇਰ ਕਰ ਦਿੱਤੀ ਹੈ’ ਕਿਹਾ ਜਾਣਾ ਹੈ, ਜਿਸ ਦਾ ਮਤਲਬ ਅਜੇ ਤੱਕ ਜੈ ਨੂੰ ਸਮਝ ਨਹੀਂ ਆ ਰਿਹਾ।
* ਜੈ ਕੌਰ ਨਾਮ ਅਸਲੀ ਨਹੀਂ ਹੈ।
*Not her real name. The voice has been altered to protect her identity.
If you or someone you know needs help, call 1800RESPECT on 1800 737 732 or visit www.1800RESPECT.org.au. You can also call MensLine Australia on 1300 789 978 and Suicide Call Back Service on 1300 659 467. In an emergency, call 000.