ਏ ਐਫ ਐਲ ਮਲਟੀਕਲਚਰਲ ਟੂਰਨਾਂਮੈਂਟ, ਜੋ ਕਿ ਵਿਆਪਕ ਭਾਈਚਾਰਿਆਂ ਨੂੰ ਇਸ ਖੇਡ ਨਾਲ ਜੋੜਨ ਹਿਤ ਕਰਵਾਇਆ ਜਾ ਰਿਹਾ ਹੈ, ਇਸ ਸਮੇਂ ਸਿਡਨੀ ਦੇ ਬਲੈਕਟਾਊਨ ਇਲਾਕੇ ਵਿੱਚ ਖੇਡਿਆ ਜਾ ਰਿਹਾ ਹੈ ਅਤੇ ਇਸ ਵਿੱਚ ਆਸਟ੍ਰੇਲੀਆ ਦੇ ਸਾਰੇ ਰਾਜਾਂ ਅਤੇ ਟੈਰੀਟੋਰੀਆਂ ਤੋਂ ਟੀਮਾਂ ਭਾਗ ਲੈ ਰਹੀਆਂ ਹਨ।
ਰੋਜ਼ਾਨਾਂ ਤਿੰਨ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਨਾਂ ਵਿੱਚ ਭਾਗ ਲੈਣ ਵਾਲੇ ਜਿਆਦਾਤਰ ਖਿਡਾਰੀ ਜਾਂ ਤਾਂ ਵਿਦੇਸ਼ਾਂ ਵਿੱਚ ਹੀ ਜਨਮੇ ਹੋਏ ਹਨ ਜਾਂ ਫੇਰ ਉਹਨਾਂ ਦੇ ਮਾਪਿਆਂ ਵਿੱਚੋਂ ਕੋਈ ਇੱਕ ਵਿਦੇਸ਼ ਵਿੱਚ ਜਨਮਿਆ ਸੀ ਅਤੇ ਬਾਅਦ ਵਿੱਚ ਪ੍ਰਵਾਸ ਕਰ ਕੇ ਉਹ ਆਸਟ੍ਰੇਲੀਆ ਦੀ ਧਰਤੀ ਤੇ ਆਏ ਸਨ।
ਅਮਨਦੀਪ ਸਿੰਘ ਜੋ ਕਿ ਨਿਊ ਸਾਊਥ ਵੇਲਜ਼ ਅਤੇ ਏਸੀਟੀ ਦੀ ਟੀਮ ਦੇ ਮੁੱਖ ਕੋਚ ਹਨ, ਇਸ ਸਮੇਂ ਆਪਣੀ ਟੀਮ ਦੇ ਨਾਲ ਇਸ ਟੂਰਨਾਮੈਂਟ ਵਿੱਚ ਪੁਰੇ ਜੋਸ਼ ਨਾਲ ਭਾਗ ਲੈ ਰਹੇ ਹਨ ਅਤੇ ਨਾਲ ਹੀ ਪੰਜਾਬੀ ਅਤੇ ਭਾਰਤੀ ਖਿੱਤੇ ਨਾਲ ਸਬੰਧ ਰੱਖਣ ਵਾਲੇ ਸਾਰੇ ਹੀ ਲੋਕਾਂ ਨੂੰ ਇਸ ਟੂਰਨਾਮੈਂਟ ਨੂੰ ਆ ਕੇ ਦੇਖਣ ਦੀ ਅਪੀਲ ਵੀ ਕਰਦੇ ਹਨ।
ਏ ਐਫ ਐਲ ਬੇਸ਼ਕ ਪੂਰੀ ਤਰਾਂ ਨਾਲ ਆਸਟ੍ਰੇਲੀਅਨ ਖੇਡ ਹੈ ਅਤੇ ਪ੍ਰਵਾਸੀਆਂ ਵਾਸਤੇ ਇੱਕ ਨਵੀਂ ਕਿਸਮ ਦੀ ਖੇਡ ਵਜੋਂ ਖਾਸ ਆਕਰਸ਼ਣ ਰਖਦੀ ਹੈ, ਪਰ ਇਸ ਮਲਟੀਕਲਚਰਲ ਟੂਰਨਾਮੈਂਟ ਦੀ ਬਦੋਲਤ ਇਹ ਵਿਆਪਕ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਵਿੱਚ ਖਾਸ ਤੋਰ ਤੇ ਸਹਾਈ ਸਿੱਧ ਹੋ ਰਹੀ ਹੈ।

says Amandeep Singh head coach Source: Amandeep
ਅਮਨਦੀਪ ਸਿੰਘ ਜੋ ਕਿ ਇਸ ਸਮੇ ਆਪਣੀ ਟੀਮ ਦੀ ਕਾਰਜਕੁਸ਼ਲਤਾ ਨਾਲ ਸੰਤੁਸ਼ਟ ਨਜ਼ਰ ਆ ਰਹੇ ਹਨ, ਆਖਦੇ ਹਨ, ‘ਇਹ ਖੇਡ ਕਬੱਡੀ ਅਤੇ ਕੁਸ਼ਤੀ ਦਾ ਬਹੁਤ ਵਧੀਆ ਸੁਮੇਲ ਹੈ ਅਤੇ ਇਹ ਦੋਵੇਂ ਹੀ ਖੇਡਾਂ ਭਾਰਤੀ ਖਿੱਤੇ ਵਿੱਚ ਵਿਸ਼ੇਸ਼ ਸਥਾਨ ਰਖਦੀਆਂ ਹਨ। ਇਸੇ ਲਈ ਜਿਥੇ ਇਹ ਖੇਡ ਬਾਕੀ ਦੇ ਹੋਰਨਾਂ ਪ੍ਰਵਾਸੀਆਂ ਲਈ ਮਜੇਦਾਰ ਸਿੱਧ ਹੋ ਰਹੀ ਹੈ ਉੱਥੇ ਭਾਰਤੀ ਮੂਲ ਦੇ ਲੋਕਾਂ ਵਾਸਤੇ ਤਾਂ ਵਿਸ਼ੇਸ਼ ਤੋਰ ਤੇ ਰੋਚਕ ਬਣ ਰਹੀ ਹੈ। ਭਾਰਤੀ ਮੂਲ ਦੇ ਨੋਜਵਾਨਾਂ ਵਲੋਂ ਇਸ ਖੇਡ ਨੂੰ ਕਰਿਕਟ ਵਾਂਗ ਹੀ ਗਲੀਆਂ ਅਤੇ ਹੋਰ ਮੈਦਾਨਾਂ ਵਿੱਚ ਇੱਥੇ ਵੀ ਖੇਡਦੇ ਦੇਖਿਆ ਜਾ ਸਕਦਾ ਹੈ’।
ਏ ਐਫ ਐਲ ਦਾ ਮਲਟੀਕਲਚਰਲ ਟੂਰਨਾਂਮੈਂਟ 15 ਅਪ੍ਰੈਲ ਤੋਂ ਸ਼ੁਰੂ ਹੋ ਕਿ 19 ਅਪ੍ਰੈਲ ਤੱਕ ਖੇਡਿਆ ਜਾ ਰਿਹਾ ਹੈ।