ਆਸਟ੍ਰੇਲੀਆ ਦੇ ਏਜਡ ਪੇਰੈਂਟ ਵੀਜ਼ਾ ਦੇ ਬਿਨੈਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੰਮੇ ਇੰਤਜ਼ਾਰ ਤੋਂ ਬਾਅਦ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਕਈ ਬਜ਼ੁਰਗ ਮਾਪਿਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋਣ ਦੇ ਮਾਮਲੇ ਉਜਾਗਰ ਹੋਏ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਕੋਲ ਰਹਿਣ ਲਈ ਸਾਲਾਂ ਤੱਕ ਉਡੀਕ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦੇ ਜੀਵਨ ਸਾਥੀ ਜੋ ਕਿ ਵੀਜ਼ਾ ਅਰਜ਼ੀ ਦੇ ਮੁੱਢਲੇ ਬਿਨੈਕਾਰ ਸਨ, ਰੱਬ ਨੂੰ ਪਿਆਰੇ ਹੋ ਗਏ। ਇਨ੍ਹਾਂ ਮਾਮਲਿਆਂ ਵਿੱਚ ਡਿਪਾਰਟਮੈਂਟ ਆਫ਼ ਹੋਮ ਅਫੇਅਰਜ਼ ਨੇ ਵੀਜ਼ਾ ਰੱਦ ਕਰਨ ਦਾ ਕਾਰਨ ਇਹ ਦੱਸਿਆ ਕਿ ਅਰਜ਼ੀ ਦੇਣ ਸਮੇਂ ਬਿਨੈਕਾਰ ਪੈਨਸ਼ਨ ਯੋਗ ਉਮਰ ਦੇ ਨਹੀਂ ਸਨ, ਭਾਵੇਂ ਹੁਣ ਉਹ ਇਸ ਸ਼ਰਤ ਨੂੰ ਪੂਰਾ ਕਰਦੇ ਹਨ।
ਸਾਲ 2014 'ਚ ਭਾਰਤ ਤੋਂ ਆਸਟ੍ਰੇਲੀਆ ਆਏ ਅਤੇ ਮੌਜੂਦਾ ਸਮੇਂ ਨਿਊ ਸਾਊਥ ਵੇਲਜ਼ ਦੇ ਸਿਟੀ ਵੂਲਨਗੌਂਗ ਵਿੱਚ ਡਾਕਟਰ ਵਜੋਂ ਸੇਵਾਵਾਂ ਨਿਭਾਅ ਰਹੀ ਡਾ. ਰੌਲੀ ਵਤਸ ਨੇ ਆਪ ਬੀਤੀ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਜਨਵਰੀ 2021 ਵਿੱਚ ਆਪਣੇ ਮਾਤਾ-ਪਿਤਾ ਦਾ ਏਜਡ ਪੈਰੇਂਟ ਵੀਜ਼ਾ ਅਪਲਾਈ ਕੀਤਾ ਸੀ।
ਉਸ ਵਕਤ ਉਨ੍ਹਾਂ ਦੇ ਪਿਤਾ ਦੀ ਉਮਰ ਕਰੀਬ 70 ਸਾਲ ਸੀ ਜਦਕਿ ਮਾਤਾ ਦੀ ਉਮਰ 10 ਸਾਲ ਘੱਟ ਲਗਭਗ 60 ਸਾਲ ਸੀ। ਇਸ ਕਾਰਨ ਵੀਜ਼ਾ ਅਰਜੀ ਵਿੱਚ ਉਨ੍ਹਾਂ ਦੇ ਪਿਤਾ ਜੀ ਮੁੱਢਲੇ ਬਿਨੈਕਾਰ ਸਨ। ਅਕਤੂਬਰ 2023 ਵਿੱਚ ਉਨ੍ਹਾਂ ਦੇ ਪਿਤਾ ਜੀ (ਮੁੱਢਲੇ ਬਿਨੈਕਾਰ) ਦੀ ਮੌਤ ਹੋ ਗਈ।
ਡਾ. ਵਤਸ ਨੇ ਦੱਸਿਆ ਕਿ ਪਰਿਵਾਰ ਵਲੋਂ ਹੁਣ ਮਾਤਾ ਦੇ ਵੀਜ਼ਾ ਦੀ ਉਡੀਕ ਕੀਤੀ ਜਾ ਰਹੀ ਸੀ ਪਰ 15 ਮਈ 2026 ਨੁੰ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਨੂ ਮਾਤਾ ਦੇ ਵੀਜ਼ਾ ਰਿਫਿਊਜ਼ਲ ਦੀ ਜਾਣਕਾਰੀ ਭੇਜ ਦਿੱਤੀ ਗਈ। ਛਾਣਬੀਣ ਕਰਨ ’ਤੇ ਪਤਾ ਲੱਗਾ ਕਿ ਇਮੀਗ੍ਰੇਸ਼ਨ ਵਿਭਾਗ ਵਲੋਂ ਪੇਰੈਂਟ ਵੀਜ਼ਾ ਦੇ ਨਿਯਮਾਂ ਵਿੱਚ ਲੰਘੇ ਸਾਲਾਂ ਦੌਰਾਨ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਦੇ ਚੱਲਦੇ ਉਨ੍ਹਾਂ ਦੀ ਮਾਤਾ (ਜੋ ਕਿ ਦੂਸਰੇ ਬਿਨੈਕਾਰ ਹਨ) ਵਲੋਂ ਵੀਜ਼ਾ ਅਰਜ਼ੀ ਦੇਣ ਮੌਕੇ ਉਮਰ ਹੱਦ ਪੂਰੀ ਨਾ ਕਰਨ ਕਾਰਨ ਅਰਜ਼ੀ ਰੱਦ ਕਰ ਦਿੱਤੀ ਗਈ ਹੈ।
ਅਸੀਂ ਹੈਰਾਨ-ਪ੍ਰੇਸ਼ਾਨ ਸੀ ਕਿ ਸਾਡੇ ਪਰਿਵਾਰ ਨੂੰ ਵਿਭਾਗ ਵਲੋਂ ਨਿਯਮਾਂ ਦੀ ਤਬਦੀਲੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਭੇਜੀ ਗਈ ਬਲਕਿ ਵੀਜ਼ਾ ਰਿਫਿਊਜ਼ ਕਰਨ ਸਬੰਧੀ ਹੀ ਪੱਤਰ ਭੇਜਿਆ ਗਿਆ।ਡਾ. ਰੌਲੀ ਵਤਸ
ਡਾ. ਰੋਲੀ ਵਤਸ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦੀ ਵੀਜ਼ਾ ਅਰਜ਼ੀ ਰੱਦ ਹੋਣ ਦੀ ਖਬਰ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਕੰਮ-ਕਾਜ ਵੀ ਪ੍ਰਭਾਵਿਤ ਹੋਇਆ ਅਤੇ ਉਹ ਕਈ ਰਾਤਾਂ ਢੰਗ ਨਾਲ ਸੌਂ ਵੀ ਨਹੀਂ ਸਕੇ। ਡਾ. ਵਤਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਇਮੀਗ੍ਰੇਸ਼ਨ ਵਿਭਾਗ ਦਾ ਇਹ ਫੈਸਲਾ ਕਿਸੇ ਸਦਮੇ ਤੋਂ ਘੱਟ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਬਾਰੇ ਅਜੇ ਤੱਕ ਆਪਣੇ ਮਾਤਾ ਨੂੰ ਵੀ ਜਾਣੂ ਨਹੀਂ ਕਰਵਾਇਆ।
ਉਨ੍ਹਾਂ ਇਮੀਗ੍ਰੇਸ਼ਨ ਵਿਭਾਗ ਦੀ ਕਾਰਜ ਪ੍ਰਣਾਲੀ ਉਤੇ ਸਵਾਲ ਚੁੱਕਦਿਆਂ ਕਿਹਾ ਕਿ ਵਿਭਾਗ ਵਲੋਂ ਪੇਰੈਂਟ ਵੀਜ਼ਾ ਪਾਉਣ ਵਾਲੇ ਕੁਝ ਪਰਿਵਾਰਾਂ ਨੂੰ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਬਾਰੇ ਜਾਣੂ ਕਰਵਾ ਕੇ ਚੌਕਸ ਕੀਤਾ ਗਿਆ ਹੈ ਪਰ ਉਨ੍ਹਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ। ਉਹ ਵੀਜ਼ਾ ਉਡੀਕ ਰਹੇ ਸਨ ਪਰ ਮਿਲੀ ਰਿਫਿਊਜ਼ਲ।
ਭਾਰਤ ਵਿੱਚ ਮੇਰੇ ਮਾਤਾ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੈ, ਜੇਕਰ ਉਨ੍ਹਾਂ ਵਲੋਂ ਪਾਈ ਗਈ ਏਆਰਟੀ ਦਾ ਕੋਈ ਸਕਾਰਾਤਮਕ ਨਤੀਜਾ ਨਾ ਆਇਆ ਤੇ ਮਾਤਾ ਨੂੰ ਆਸਟ੍ਰੇਲੀਆ ਛੱਡ ਕੇ ਜਾਣਾ ਪਿਆ ਤਾਂ ਸਾਡਾ ਪਰਿਵਾਰ ਵੀ ਆਸਟ੍ਰੇਲੀਆ ਛੱਡਣ ਤੋਂ ਗੁਰੇਜ਼ ਨਹੀਂ ਕਰੇਗਾਡਾ. ਰੌਲੀ ਵਤਸ
ਦੂਜੇ ਪਾਸੇ, ਪੇਰੈਂਟ ਐਂਡ ਫੈਮਿਲੀ ਵੀਜ਼ਾ, ਪਾਰਟਨਰ ਵੀਜ਼ਾ ਦੇ ਮਾਹਿਰ ਸ. ਰਾਜਵੰਤ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਪਹਿਲਾਂ ਹੀ ਇਸ ਸਮੱਸਿਆ ਨੂੰ ਮੰਨ ਚੁੱਕਾ ਸੀ। ਉਨ੍ਹਾਂ ਅਨੁਸਾਰ ਕੁਝ ਪ੍ਰਭਾਵਿਤ ਬਿਨੈਕਾਰਾਂ ਨੂੰ ਆਪਣੀ ਅਰਜ਼ੀ ਵਾਪਸ ਲੈ ਕੇ ਨਵੀਂ ਅਰਜ਼ੀ ਦੇਣ ਅਤੇ ਪੁਰਾਣੀ ਕਿਊ ਡੇਟ ਬਰਕਰਾਰ ਰੱਖਣ ਦੀ ਸਹੂਲਤ ਵੀ ਦਿੱਤੀ ਗਈ ਸੀ।
ਹਾਲਾਂਕਿ, ਇਹੋ ਜਿਹਾ ਵਿਕਲਪ ਹਰ ਪ੍ਰਭਾਵਿਤ ਪਰਿਵਾਰ ਨੂੰ ਨਹੀਂ ਦਿੱਤਾ ਗਿਆ, ਜਿਸ ਕਾਰਨ ਇੱਕੋ ਜਿਹੇ ਹਾਲਾਤਾਂ ਵਿੱਚ ਵੱਖ-ਵੱਖ ਫ਼ੈਸਲੇ ਸਾਹਮਣੇ ਆਏ ਹਨ।

ਇਸ ਮੁੱਦੇ ਨੂੰ ਲੈ ਕੇ ਮਾਈਗ੍ਰੇਸ਼ਨ ਇੰਸਟੀਚਿਊਟ ਆਫ ਆਸਟ੍ਰੇਲੀਆ ਨੇ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਨੂੰ ਪੱਤਰ ਲਿਖ ਕੇ ਨੀਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਸੰਸਥਾ ਨੇ ਪੁੱਛਿਆ ਹੈ ਕਿ ਕੀ ਅਰਜ਼ੀ ਵਾਪਸ ਲੈ ਕੇ ਮੁੜ ਦੇਣ ਅਤੇ ਪੁਰਾਣੀ ਕਿਊ ਡੇਟ ਬਰਕਰਾਰ ਰੱਖਣ ਵਾਲੀ ਪ੍ਰਕਿਰਿਆ ਅਜੇ ਵੀ ਲਾਗੂ ਹੈ ਅਤੇ ਜਿਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਇਹ ਵਿਕਲਪ ਦਿੱਤੇ ਬਿਨਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਲਈ ਕੀ ਕੋਈ ਸਮੀਖਿਆ ਦਾ ਰਾਹ ਉਪਲਬਧ ਹੈ।
ਅਜਿਹੇ ਮਾਮਲਿਆਂ ਵਿੱਚ ਇਕਸਾਰ, ਨਿਰਪੱਖ ਅਤੇ ਮਨੁੱਖੀ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ, ਜਦੋਂ ਇੱਕੋ ਜਿਹੇ ਹਾਲਾਤਾਂ ਵਾਲੇ ਕੁਝ ਬਿਨੈਕਾਰਾਂ ਨੂੰ ਰਾਹਤ ਦਿੱਤੀ ਗਈ ਹੈ, ਤਾਂ ਹੋਰਨਾਂ ਨਾਲ ਵੀ ਉਹੀ ਵਿਹਾਰ ਹੋਣਾ ਚਾਹੀਦਾ ਹੈਸ. ਰਾਜਵੰਤ ਸਿੰਘ
ਮਾਹਿਰਾਂ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਨੀਤੀ ਸਪੱਸ਼ਟ ਹੋਣ ਤੱਕ ਅਜਿਹੀਆਂ ਵੀਜ਼ਾ ਰੱਦੀਆਂ 'ਤੇ ਰੋਕ ਲਗਾਈ ਜਾਵੇ, ਪ੍ਰਭਾਵਿਤ ਬਿਨੈਕਾਰਾਂ ਨਾਲ ਮੁੜ ਸੰਪਰਕ ਕੀਤਾ ਜਾਵੇ ਅਤੇ ਵਿਦਡਰਾਅ ਅਤੇ ਰੀ-ਲੌਜ ਪ੍ਰਕਿਰਆ ਬਾਰੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ, ਤਾਂ ਜੋ ਸਾਲਾਂ ਤੋਂ ਉਡੀਕ ਕਰ ਰਹੇ ਬਜ਼ੁਰਗ ਮਾਪਿਆਂ ਨਾਲ ਨਿਰਪੱਖ ਅਤੇ ਬਰਾਬਰੀ ਵਾਲਾ ਸਲੂਕ ਯਕੀਨੀ ਬਣਾਇਆ ਜਾ ਸਕੇ।
ਓਧਰ ਇਸ ਬਾਰੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਦੇ ਬੁਲਾਰੇ ਦਾ ਕਹਿਣਾ ਹੈ ਕਿ
- ਮਾਈਗ੍ਰੇਸ਼ਨ ਐਕਟ 1994 ਅਨੁਸਾਰ, ਹਰ ਵੀਜ਼ਾ ਬਿਨੈਕਾਰ ਨੂੰ ਅਰਜ਼ੀ ਦੇਣ ਸਮੇਂ ਅਤੇ ਫੈਸਲਾ ਕੀਤੇ ਜਾਣ ਸਮੇਂ ਵੀਜ਼ਾ ਲਈ ਲਾਗੂ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ।
- ਨਿਯਮਾਂ ਮੁਤਾਬਕ, ਜੇਕਰ ਪਰਿਵਾਰ ਦੇ ਮੈਂਬਰ ਮਿਲ ਕੇ ਏਜਡ ਪੈਰੇਂਟ ਵੀਜ਼ਾ (ਸਬਕਲਾਸ 804) ਲਈ ਸਾਂਝੀ ਅਰਜ਼ੀ ਦਿੰਦੇ ਹਨ, ਤਾਂ ਘੱਟੋ-ਘੱਟ ਇੱਕ ਬਿਨੈਕਾਰ ਨੂੰ ਵੀਜ਼ਾ ਦੀਆਂ ਮੁੱਖ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ। ਇਸ ਵਿੱਚ ਇਹ ਸ਼ਰਤ ਵੀ ਸ਼ਾਮਲ ਹੈ ਕਿ ਉਹ ਅਰਜ਼ੀ ਦੇਣ ਵੇਲੇ "ਏਜਡ ਪੈਰੇਂਟ" ਹੋਵੇ। ਮਤਲਬ ਕਿ ਅਰਜ਼ੀ ਦੇਣ ਸਮੇਂ ਉਹ ਵਿਅਕਤੀ ਆਸਟ੍ਰੇਲੀਆ ਦੇ ਸੋਸ਼ਲ ਸਕਿਉਰਿਟੀ ਐਕਟ 1991 ਅਨੁਸਾਰ ਉਮਰ ਪੈਨਸ਼ਨ ਲਈ ਯੋਗ ਉਮਰ ਦਾ ਹੋਣਾ ਚਾਹੀਦਾ ਸੀ। ਇਸ ਵੇਲੇ ਇਹ ਉਮਰ 67 ਸਾਲ ਹੈ, ਹਾਲਾਂਕਿ ਬਿਨੈਕਾਰ ਦੀ ਜਨਮ ਮਿਤੀ ਦੇ ਆਧਾਰ 'ਤੇ ਇਹ ਉਮਰ ਕੁਝ ਘੱਟ ਵੀ ਹੋ ਸਕਦੀ ਹੈ।

ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਦਾ ਕਹਿਣਾ ਹੈ ਕਿ ਹਰ ਵੀਜ਼ਾ ਬਿਨੈਕਾਰ ਨੂੰ ਅਰਜ਼ੀ ਦੇਣ ਸਮੇਂ ਅਤੇ ਫੈਸਲਾ ਕੀਤੇ ਜਾਣ ਸਮੇਂ ਵੀਜ਼ਾ ਲਈ ਲਾਗੂ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ। - ਜੇਕਰ ਅਰਜ਼ੀ 'ਤੇ ਫੈਸਲਾ ਹੋਣ ਤੋਂ ਪਹਿਲਾਂ ਮੁੱਖ ਬਿਨੈਕਾਰ ਦੀ ਮੌਤ ਹੋ ਜਾਂਦੀ ਹੈ, ਤਾਂ ਉਨ੍ਹਾਂ ਦਾ ਜੀਵਨ ਸਾਥੀ, ਜੋ ਪਹਿਲਾਂ ਦੂਜਾ ਬਿਨੈਕਾਰ ਸੀ, ਹੁਣ ਸੈਕੰਡਰੀ ਸ਼ਰਤਾਂ ਪੂਰੀਆਂ ਨਹੀਂ ਕਰ ਸਕਦਾ। ਇਸ ਲਈ ਉਸ ਨੂੰ ਹੁਣ ਮੁੱਖ ਬਿਨੈਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ, ਜਿਸ ਵਿੱਚ ਅਰਜ਼ੀ ਦੇਣ ਸਮੇਂ "ਏਜਡ ਪੈਰੇਂਟ" ਹੋਣਾ ਵੀ ਸ਼ਾਮਲ ਹੈ।
- ਜੇਕਰ ਦੂਜਾ ਬਿਨੈਕਾਰ ਅਰਜ਼ੀ ਦੇਣ ਵੇਲੇ ਏਜਡ ਨਹੀਂ ਸੀ, ਤਾਂ ਉਹ "ਏਜਡ ਪੈਰੇਂਟ" ਵੀਜ਼ਾ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਸਕਦਾ, ਭਾਵੇਂ ਹੁਣ ਉਸ ਦੀ ਉਮਰ ਯੋਗ ਹੋ ਚੁੱਕੀ ਹੋਵੇ। ਇਸ ਦਾ ਕਾਰਨ ਇਹ ਹੈ ਕਿ "ਏਜਡ" ਹੋਣ ਦੀ ਸ਼ਰਤ ਅਰਜ਼ੀ ਦੇਣ ਸਮੇਂ ਦੀ ਹੈ।
- ਜਦੋਂ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਨੂੰ ਅਜਿਹੇ ਕਿਸੇ ਮਾਮਲੇ ਦੀ ਜਾਣਕਾਰੀ ਮਿਲਦੀ ਹੈ, ਤਾਂ ਵਿਭਾਗ ਦਾ ਅਧਿਕਾਰੀ ਬਿਨੈਕਾਰ ਨਾਲ ਸੰਪਰਕ ਕਰਦਾ ਹੈ ਅਤੇ ਉਸ ਦੀਆਂ ਨਿੱਜੀ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਲਬਧ ਵਿਕਲਪਾਂ ਬਾਰੇ ਗੱਲਬਾਤ ਕਰਦਾ ਹੈ।
- ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਹਰ ਅਰਜ਼ੀ ਦਾ ਫੈਸਲਾ ਹਰੇਕ ਮਾਮਲੇ ਨੂੰ ਵੱਖ-ਵੱਖ ਤੌਰ 'ਤੇ ਅਤੇ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਕਾਨੂੰਨਾਂ ਵਿੱਚ ਦਰਜ ਕਾਨੂੰਨੀ ਸ਼ਰਤਾਂ ਅਨੁਸਾਰ ਕਰਦਾ ਹੈ। ਇਸ ਵਿੱਚ ਸਿਹਤ, ਚਰਿੱਤਰ ਅਤੇ ਸੁਰੱਖਿਆ ਨਾਲ ਸੰਬੰਧਤ ਮਾਪਦੰਡ ਵੀ ਸ਼ਾਮਲ ਹਨ।
🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





