ਪੰਜਾਬ ਤੋਂ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰਨਾਂ ਦੱਖਣ-ਪੂਰਬੀ ਏਸ਼ੀਆ ਦੇ ਮੁਲਕਾਂ ਨੂੰ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਨਾਲ਼ ਜੁੜ੍ਹੀ ਇੱਕ ਹੋਰ ਸਹੂਲਤ ਮਿਲਣ ਜਾ ਰਹੀ ਹੈ।
ਮਾਰਚ 2020 ਤੋਂ ਕੋਵਿਡ-19 ਕਾਰਨ ਬੰਦ ਹੋਈਆਂ ਮਲੇਸ਼ੀਆਂ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਏਅਰ ਏਸ਼ੀਆ ਐਕਸ ਦੀਆਂ ਕੁਆਲਾਲੰਪੁਰ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਹੁਣ 3 ਸਤੰਬਰ ਤੋਂ ਮੁੜ ਸ਼ੁਰੂ ਹੋ ਰਹੀਆਂ ਹਨ।
ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਏਅਰ ਏਸ਼ੀਆ ਐਕਸ ਦੀ ਉਡਾਣ ਹੁਣ ਮੁੜ ਹਫਤੇ ਵਿੱਚ 4 ਦਿਨ ਮਲੇਸ਼ੀਆ ਦੇ ਕੁਆਲਾਲੰਪੁਰ ਹਵਾਈ ਅੱਡੇ ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣਾਂ ਦਾ ਸੰਚਾਲਨ ਕਰੇਗੀ।
"ਆਸਟ੍ਰੇਲੀਆ ਦੇ ਕਈ ਸ਼ਹਿਰ ਮੈਲਬੌਰਨ, ਸਿਡਨੀ, ਪਰਥ ਅਤੇ ਗੋਲਡ ਕੋਸਟ ਇਹਨਾਂ ਨਵੀਆਂ ਹਵਾਈ ਉਡਾਣਾਂ ਦੇ ਸ਼ੁਰੂ ਹੋਣ ਸਦਕਾ ਅੰਮ੍ਰਿਤਸਰ ਹਵਾਈ ਅੱਡੇ ਨਾਲ ਮੁੜ ਜੋੜੇ ਜਾ ਰਹੇ ਹਨ ਜਿਸਦੇ ਚਲਦਿਆਂ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ," ਉਨ੍ਹਾਂ ਕਿਹਾ।
"ਦਿੱਲੀ ਰਾਹੀਂ ਜਾਣ ਦੇ ਮੁਕਾਬਲੇ ਬਹੁਤ ਹੀ ਘੱਟ ਸਮਾਂ ਲੱਗੇਗਾ ਅਤੇ ਕਿਰਾਇਆ ਵੀ ਘੱਟ ਹੋਵੇਗਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਆਕਲੈਂਡ ਤੇ ਹੋਰ ਦੱਖਣ-ਪੂਰਬੀ ਏਸ਼ੀਆ ਵਾਲੇ ਮੁਲਕਾਂ ਲਈ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ, ਜਿੱਥੇ ਕਿ ਪੰਜਾਬੀ ਵੱਡੀ ਗਿਣਤੀ ਵਿੱਚ ਸਿੱਖਿਆ, ਕੰਮ ਅਤੇ ਮਨੋਰੰਜਨ ਲਈ ਵੱਧ ਤੋਂ ਵੱਧ ਸਫ਼ਰ ਕਰਦੇ ਹਨ।"

ਉਨ੍ਹਾਂ ਦੱਸਿਆ ਕਿ ਸੋਮਵਾਰ ਅਤੇ ਐਤਵਾਰ ਵਾਲੇ ਦਿਨ ਇਹ ਉਡਾਣ ਕੁਆਲਾਲੰਪੁਰ ਤੋਂ ਸਵੇਰੇ 7:35 ਵਜੇ ਉਡਾਣ ਭਰ ਕੇ 11:00 ਵਜੇ ਅੰਮ੍ਰਿਤਸਰ ਪੁੱਜੇਗੀ ਅਤੇ ਫਿਰ ਦੁਪਹਿਰ 12:30 ਵਜੇ ਇੱਥੋਂ ਰਵਾਨਾ ਹੋ ਕੇ ਸ਼ਾਮ ਨੂੰ 8:55 ਵਜੇ ਵਾਪਸ ਕੁਆਲਾਲੰਪੂਰ ਪਹੁੰਚ ਜਾਵੇਗੀ।
ਬੁੱਧਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਇਹ ਉਡਾਣ ਮਲੇਸ਼ੀਆ ਦੇ ਸਮੇਂ ਅਨੁਸਾਰ ਸ਼ਾਮ ਨੂੰ 8:25 ਤੇ ਰਵਾਨਾ ਹੋ ਕੇ ਰਾਤ 11:50 ਵਜੇ ਅੰਮ੍ਰਿਤਸਰ ਪੁੱਜੇਗੀ ਅਤੇ ਫਿਰ 1 ਘੰਟੇ 10 ਮਿੰਟ ਬਾਦ ਅਗਲੇ ਦਿਨ ਅੱਧੀ ਰਾਤ ਵੀਰਵਾਰ ਅਤੇ ਸ਼ਨੀਵਾਰ ਨੂੰ 1:00 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 9:25 ਵਜੇ ਮਲੇਸ਼ੀਆ ਪੁੱਜੇਗੀ।
ਉਨ੍ਹਾਂ ਦੇ ਦੱਸਣ ਮੁਤਾਬਿਕ ਏਅਰਲਾਈਨ ਵਲੋਂ ਇਸ ਲਈ ਆਪਣੇ 377 ਸੀਟਾਂ ਵਾਲੇ ਏਅਰਬੱਸ ਏ-330 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ ਜਿਸ ਵਿੱਚ 12 ਬਿਜ਼ਨਜ਼ ਕਲਾਸ ਸੀਟਾਂ ਵੀ ਹੁੰਦੀਆਂ ਹਨ।
"ਕੁਆਲਾਲੰਪੂਰ ਤੋਂ ਸਿਰਫ 2 ਤੋਂ 4 ਘੰਟੇ ਦੇ ਵਕਫੇ ਤੋਂ ਬਾਦ ਯਾਤਰੀ ਮੈਲਬੌਰਨ, ਸਿਡਨੀ, ਪਰਥ, ਗੋਲਡ ਕੋਸਟ ਅਤੇ ਹੋਰਨਾਂ ਮੁਲਕਾਂ ਲਈ ਉਡਾਣ ਲੈ ਸਕਣਗੇ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਹੁਣ ਪੰਜਾਬ ਅਤੇ ਆਸਟ੍ਰੇਲੀਆ ਦੇ ਇਹਨਾਂ ਸ਼ਹਿਰਾਂ ਵਿਚਾਲੇ ਸਿਰਫ 16 ਤੋਂ 18 ਘੰਟੇ ਦਾ ਸਮਾਂ ਲੱਗੇਗਾ," ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ।
"ਯਾਤਰੀ ਬੈਂਕਾਕ, ਹਾਂਗਕਾਂਗ, ਬਾਲੀ ਤੇ ਹੋਰਨਾਂ ਟੁਰਿਸਟ ਸ਼ਹਿਰਾਂ ਵਾਸਤੇ ਵੀ ਬਹੁਤ ਹੀ ਥੋੜੇ ਸਮੇਂ ਵਿਚ ਕੁਆਲਾਲੰਪੁਰ ਰਾਹੀਂ ਏਅਰ-ਏਸ਼ੀਆ ਦੀਆਂ ਉਡਾਣਾਂ ਲੈ ਸਕਣਗੇ। ਇਹਨਾਂ ਉਡਾਣਾਂ ਦੀ ਬੁਕਿੰਗ ਏਅਰ ਏਸ਼ੀਆ ਦੀ ਵੈਬਸਾਈਟ 'ਤੇ ਵੀ ਉਪਲੱਬਧ ਹੈ।"

ਇਸ ਦੌਰਾਨ ਮਲੇਸ਼ੀਆ ਦੀ ਇਕ ਹੋਰ ਏਅਰਲਾਈਨ ਬੈਟਿਕ ਏਅਰ ਵਲੋਂ ਵੀ ਅੰਮ੍ਰਿਤਸਰ ਤੋਂ ਕੁਆਲਾਲੰਪੂਰ ਲਈ ਹਫਤੇ ਵਿੱਚ 4 ਦਿਨ ਅਤੇ ਸਿੰਗਾਪੁਰ ਦੀ ਸਕੂਟ ਵਲੋਂ ਹਫਤੇ ਵਿੱਚ 5 ਦਿਨ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਹਨਾਂ ਉਡਾਣਾਂ ਰਾਹੀਂ ਵੀ ਯਾਤਰੀ ਆਸਟ੍ਰੇਲੀਆ ਅਤੇ ਹੋਰਨਾਂ ਮੁਲਕਾਂ ਨੂੰ ਜਾ ਸਕਦੇ ਹਨ।
ਇਨੀਸ਼ਿਏਟਿਵ ਆਗੂ ਨੇ ਦੱਸਿਆ ਕਿ ਕੋਵਿਡ ਤੋਂ ਬਾਦ ਵੱਡੀ ਗਿਣਤੀ ਵਿੱਚ ਆਸਟਰੇਲੀਆਂ ਦੇ ਪੰਜਾਬੀ ਭਾਈਚਾਰੇ ਵਲੋਂ ਏਅਰ ਏਸ਼ੀਆ ਦੀ ਅੰਮ੍ਰਿਤਸਰ ਲਈ ਉਡਾਣਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਸੁਨੇਹੇ ਆ ਰਹੇ ਸਨ।
ਕੋਵਿਡ ਤੋਂ ਪਹਿਲਾਂ ਚੱਲ ਰਹੀਆਂ ਇਹਨਾਂ ਉਡਾਣਾਂ ਨੂੰ ਮਿਲੇ ਚੰਗੇ ਹੁਲਾਰੇ ਨੂੰ ਦੇਖਦੇ ਹੋਏ, ਜਿਸ ਵਿੱਚ ਵੱਡੀ ਗਿਣਤੀ ਵਿੱਚ ਆਸਟਰੇਲੀਆਂ ਤੋਂ ਪੰਜਾਬੀ ਭਾਈਚਾਰਾ ਯਾਤਰਾ ਕਰ ਰਿਹਾ ਸੀ ਨੂੰ ਹੁਣ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਗੁਮਟਾਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਵਲੋਂ 2017 ਤੋਂ ਏਅਰਪੋਰਟ ਦੇ ਅੰਕੜਿਆਂ ਅਤੇ ਹੋਰ ਜਾਣਕਾਰੀ ਨਾਲ ਦੁਨੀਆਂ ਭਰ ਦੀਆਂ ਹਵਾਈ ਕੰਪਨੀਆਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਅਗਸਤ 2018 ਵਿੱਚ ਸ਼ੁਰੂ ਹੋਈ ਇਹ ਉਡਾਣ ਇਸ ਮੁਹਿੰਮ ਦਾ ਸਿੱਧਾ ਨਤੀਜਾ ਸੀ।
ਏਅਰ ਏਸ਼ੀਆ ਦੀ ਮੁੜ ਵਾਪਸੀ ਨਾਲ ਪੰਜਾਬੀਆਂ ਨੂੰ ਹੋਰ ਵਧੇਰੇ ਵਿਕਲਪ ਮਿਲਣਗੇ ਅਤੇ ਜਿਆਦਾ ਉਡਾਣਾਂ ਹੋਣ ਨਾਲ ਕਿਰਾਇਆ ਵੀ ਘਟੇਗਾ। ਇਸ ਨਾਲ ਨਾ ਸਿਰਫ ਪੰਜਾਬੀ ਭਾਈਚਾਰੇ ਨੂੰ ਯਾਤਰਾ ਵਿੱਚ ਆਸਾਨੀ ਹੋਵੇਗੀ, ਅੰਮ੍ਰਿਤਸਰ ਦੇ ਸੈਰ ਸਪਾਟਾ ਉਦਯੋਗ ਨੂੰ ਵੀ ਬਹੁਤ ਫਾਇਦਾ ਪਹੁੰਚੇਗਾ।ਸਮੀਪ ਸਿੰਘ ਗੁਮਟਾਲਾ
ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਧੇਰੇ ਗਿਣਤੀ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਨੂੰ ਵਰਤੋਂ ਵਿੱਚ ਲਿਆਉਣ ਤਾਂ ਜੋ ਵੱਧ ਤੋਂ ਵੱਧ ਏਅਰਲਾਈਨਜ਼ ਇਸ ਖਿੱਤੇ ਨੂੰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਨਾਲ ਜੋੜ ਸਕਣ।
"ਪਰ ਸਾਨੂੰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਪਰ ਹਰ ਹਫਤੇ ਅੰਮ੍ਰਿਤਸਰ ਤੋਂ 400 ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੀ ਰਵਾਨਗੀ ਅਤੇ ਆਮਦ ਹੋਣ ਦੇ ਬਾਵਜੂਦ ਪੰਜਾਬ ਦੀਆਂ ਪਿਛਲੀਆਂ ਅਤੇ ਮੌਜੂਦਾ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ," ਉਨ੍ਹਾਂ ਕਿਹਾ।

ਉਨ੍ਹਾਂ ਦੱਸਿਆ ਕਿ ਸਾਂਝੇ ਯਤਨਾਂ ਸਦਕਾ ਹੁਣ ਅੰਮ੍ਰਿਤਸਰ ਦੁਨੀਆ ਭਰ ਦੇ 10 ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਲੰਡਨ, ਬਰਮਿੰਘਮ, ਰੋਮ, ਮਿਲਾਨ, ਦੋਹਾ, ਦੁਬਈ, ਸ਼ਾਰਜਾਹ, ਸਿੰਗਾਪੁਰ ਵੀ ਸ਼ਾਮਲ ਹਨ।
ਹੋਰ ਵੇਰਵੇ ਲਈ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨਾਲ਼ ਇੰਟਰਵਿਊ ਸੁਣੋ....



