ਭਾਈਚਾਰੇ ਦੇ ਮੈਂਬਰਾਂ ਨੇ ਖਾਲਿਸਤਾਨ-ਪੱਖੀ ਆਗੂ ਅਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਉਤੇ ਹੋਈ ਪੁਲਿਸ ਕਾਰਵਾਈ, ਸੈਂਕੜੇ ਲੋਕਾਂ ਦੀ ਗ੍ਰਿਫਤਾਰੀ, ਇੰਟਰਨੇਟ ਸੇਵਾਵਾਂ ਨੂੰ ਬੰਦ ਰੱਖਣ ਅਤੇ ਕੁਝ ਸਿੱਖ ਆਗੂਆਂ ਤੇ ਪੱਤਰਕਾਰਾਂ ਦੇ ਸੋਸ਼ਲ ਮੀਡਿਆ ਖਾਤੇ ਬੈਨ ਕਰਨ ਵਿਰੁੱਧ ਪਾਰਲੀਮੈਂਟ ਹਾਊਸ ਕੈਨਬਰਾ ਅਤੇ ਇੰਡੀਅਨ ਕੌਂਸੁਲੇਟ ਦੇ ਮੈਲਬੌਰਨ ਦਫਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ।
ਇਸ ਰੋਸ ਮੁਜ਼ਾਹਰੇ ਦੌਰਾਨ ਏ ਸੀ ਟੀ ਸੈਨੇਟਰ ਡੇਵਿਡ ਪਕੋਕ ਅਤੇ ਗ੍ਰੀਨਜ਼ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਪੰਜਾਬ ਵਿਚਲੇ ਹਾਲਾਤਾਂ 'ਤੇ ਚਿੰਤਾ ਪ੍ਰਗਟਾਉਂਦਿਆਂ 'ਮਨੁੱਖੀ ਹੱਕ-ਹਕੂਕਾਂ' ਅਤੇ 'ਵਿਚਾਰਾਂ ਦੀ ਆਜ਼ਾਦੀ' ਲਈ ਹਾਮੀ ਭਰਦਿਆਂ ਆਸਟ੍ਰੇਲੀਅਨ ਸਰਕਾਰ ਤੋਂ ਇਸ ਸਬੰਧੀ ਆਪਣਾ ਰੁੱਖ ਸਪਸ਼ਟ ਕਰਨ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਸਥਾਨਿਕ ਸਰਕਾਰਾਂ ਖਾਲਿਸਤਾਨ ਜਾਂ ਆਜ਼ਾਦ ਸਿੱਖ ਰਾਜ ਦੀ ਮੰਗ ਨੂੰ 'ਵੱਖਵਾਦੀ' ਨਜ਼ਰੀਏ ਨਾਲ਼ ਵੇਖਦਿਆਂ ਇਸਨੂੰ ਭਾਰਤ ਦੀ 'ਏਕਤਾ ਅਤੇ ਅਖੰਡਤਾ' ਲਈ ਇੱਕ ਖਤਰੇ ਵਜੋਂ ਮੰਨਦੀਆਂ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਮੀਡੀਆ ਚੈਨਲ ਨੂੰ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਖਾਲਿਸਤਾਨ ਨਾਲ ਜੁੜੀ ਲਹਿਰ ਨੂੰ ਸਿਰ ਨਹੀਂ ਚੁੱਕਣ ਦੇਵੇਗੀ।
ਜ਼ਿਕਰਯੋਗ ਹੈ ਕਿ ਅਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਨੇ 18 ਮਾਰਚ ਨੂੰ ਕਾਰਵਾਈ ਸ਼ੁਰੂ ਕੀਤੀ ਸੀ ਜਿਸ ਪਿੱਛੋਂ ਉਹ ਤੇ ਉਸਦਾ ਕਰੀਬੀ ਸਾਥੀ ਪਪਲਪ੍ਰੀਤ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ।
ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਨਾਲ ਜੁੜੇ 7 ਲੋਕਾਂ ਉਪਰ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਲਗਾ ਕੇ ਉਹਨਾਂ ਨੂੰ ਅਸਾਮ ਦੇ ਡਿਬਰੂਗੜ੍ਹ ਸ਼ਹਿਰ ਵਿੱਚ ਸਥਿਤ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਆਪਣੇ ਖਾਲਿਸਤਾਨ-ਪੱਖੀ 'ਭੜਕਾਊ’ ਭਾਸ਼ਣਾ ਅਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆਏ ਅਮ੍ਰਿਤਪਾਲ ਸਿੰਘ ਉੱਤੇ ਪੁਲਿਸ ਤੇ ਪ੍ਰਸ਼ਾਸ਼ਨ ਪਿਛਲੇ ਕੁਝ ਮਹੀਨਿਆਂ ਤੋਂ ਨਜ਼ਰ ਰੱਖ ਰਿਹਾ ਸੀ।

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ 353 ਲੋਕਾਂ ਵਿੱਚੋਂ 200 ਦੇ ਕਰੀਬ ਐਤਵਾਰ ਤੱਕ ਰਿਹਾਅ ਕਰ ਦਿੱਤੇ ਗਏ ਸਨ।
ਡੀਜੀਪੀ ਨੇ ਕਿਹਾ ਕਿ ਪੁਲਿਸ ਵੱਲੋਂ 18 ਮਾਰਚ, 2023 ਤੋਂ ਅਮਨ-ਕਾਨੂੰਨ ਦੀ ਉਲੰਘਣਾ ਅਤੇ ਕਾਨੂੰਨ ਵਿੱਚ ਵਿਘਨ ਪੈਣ ਦੇ ਖਦਸ਼ੇ ਕਾਰਨ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਰਿਹਾਅ ਕੀਤਾ ਜਾ ਰਿਹਾ ਜਿਨ੍ਹਾਂ ਤੋਂ ਕਿਸੇ ਕਿਸਮ ਦੀ ਸ਼ਾਂਤੀ ਭੰਗ ਹੋਣ ਦਾ ਹੁਣ ਖਦਸ਼ਾ ਨਹੀਂ ਹੈ।

ਅਮ੍ਰਿਤਪਾਲ ਸਿੰਘ ਅਤੇ ਉਸਦੇ ਸਹਿਯੋਗੀਆਂ ਉੱਤੇ ਹੋਈ ਇਸ ਕਾਰਵਾਈ ਪਿਛਲੇ ਕਾਰਣ, ਪ੍ਰਸ਼ਾਸ਼ਨ ਵੱਲੋਂ ਚਲਾਏ ਜਾ ਰਹੇ 'ਸਰਚ ਓਪਰੇਸ਼ਨ', ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਸਿਰਮੌਰ ਸਿੱਖ ਸੰਸਥਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਸਬੰਧੀ ਦਿੱਤੇ ਬਿਆਨ ਜਾਨਣ ਲਈ ਸਾਡੀ ਵਿਸਥਾਰਤ ਆਡੀਓ ਰਿਪੋਰਟ ਸੁਣੋ....





