ਕੀ ਸਾਰੀਆਂ ਗਾਵਾਂ ਅਤੇ ਮੱਝਾਂ ਇਕੋ ਜਿਹੀਆਂ ਨਹੀਂ ਲੱਗਦੀਆਂ, ਕਦੀ ਸੋਚਿਆ ਹੈ? ਪਰ ਪਰਥ ਦੇ ਸਮਾਜਿਕ ਉਦਯੋਗਪਤੀ ਪਰਮ ਸਿੰਘ ਤੁਹਾਨੂੰ ਸਮਝਾ ਸਕਦੇ ਨੇ ਕਿ ਉਹ ਇਸ ਸੋਚ ਨਾਲ ਅਸਹਿਮਤ ਕਿਉਂ ਨੇ।
“ਸਾਡੇ ਪਿੰਡਾਂ ਦੇ ਉੱਦਮੀਆਂ ਦੀ ਟੀਮ ਨੇ ਸ਼ੁਰੂਆਤ ਵਿਚ 8,000 ਪਸ਼ੂਆਂ ਦੀਆਂ ਤਸਵੀਰਾਂ ਇਕੱਤਰ ਕੀਤੀਆਂ ਅਤੇ ਇਹ ਡਾਟਾ ਸਾਡੀ ਆਈ. ਟੀ. ਟੀਮ ਕੋਲ ਲਿਆਂਦਾ ਜਿਸਨੇ ਇਸ ਉੱਤੇ ਕਮ ਕੀਤਾ। ਫਿਰ ਅਸੀਂ ਪਸ਼ੂਆਂ ਵਿਚ 300 ਵਿਲੱਖਣ ਵਿਸ਼ੇਸ਼ਤਾਵਾਂ ਦੀ ਪਛਾਣ ਕੀਤੀ ਅਤੇ ਇਸ ਲਈ ਸਾਡੀ ਮੂਫਾਰਮ ਐਪ ਵਿਕਸਿਤ ਬਣਾਈ, ਜੋ ਦੋ ਪਸ਼ੂਆਂ ਵਿਚਕਾਰ ਫਰਕ ਦੱਸਣ ਵਿਚ ਮਦਦ ਕਰਦੀ ਹੈ ," 37-ਸਾਲਾ ਸ੍ਰੀ ਸਿੰਘ ਕਹਿੰਦੇ ਨੇ।
ਆਪਣੇ ਸਹਿ-ਸੰਸਥਾਪਕ ਆਸ਼ਨਾ ਸਿੰਘ ਨਾਲ ਰੱਲ ਕੇ ਇਨ੍ਹਾਂ ਨੇ ਸਾਲ 2018 ਵਿੱਚ ਮੂਫਾਰਮ ਦੀ ਸਥਾਪਨਾ ਅਤੇ ਪੰਜੀਕਰਨ ਆਸਟ੍ਰੇਲੀਆ ਵਿਚ ਕੀਤਾ। ਇਸ ਕੰਪਨੀ ਦਾ ਮੁਖ ਦਫਤਰ ਹੁਣ ਭਾਰਤ ਦੀ ਰਾਜਧਾਨੀ, ਨਵੀਂ ਦਿੱਲੀ ਦੇ ਨੇੜਲੇ ਗੁਰੂਗ੍ਰਾਮ ਵਿੱਚ ਹੈ।
ਵਿਸ਼ਵ ਦੀ ਸਭ ਤੋਂ ਸਸਤੀ ਇੰਟਰਨੈਟ ਸੇਵਾ (20 ਸੈਂਟ ਪ੍ਰਤੀ ਜੀਬੀ ਡੇਟਾ) ਦੇ ਨਾਲ ਨਾਲ ਬਹੁਤ ਜ਼ਿਆਦਾ ਘਣਤਾ ਵਾਲੇ ਨੈਟਵਰਕ ਤੇ ਸਮਾਰਟਫੋਨ ਦੀ ਅਸਾਨ ਉਪਲਬਧਤਾ ਅਤੇ ਵਧੇਰੇ ਵਰਤੋਂ ਕਰਕੇ, ਅੱਜ ਦਾ ਭਾਰਤ ਮੂਫਾਰਮ ਵਰਗੇ ਕਾਰੋਬਾਰਾਂ ਲਈ ਇੱਕ ਬਹੁਤ ਹੀ ਸਹਾਈ ਵਾਤਾਵਰਣ ਪ੍ਰਦਾਨ ਕਰਦਾ।
ਇਸ ਨਾਲ ਖਾਸ ਤੌਰ ਤੇ ਭਾਰਤ ਦੇ ਆਰਥਿਕ ਵਿਸਥਾਰ ਵਿੱਚ ਹਾਸ਼ੀਏ ਤੇ ਆਏ ਖੇਤਰਾਂ ਨੂੰ ਆਪਣਿਆਂ ਤਕਨੀਕੀ ਕਮੀਆਂ ਦਾ ਹੱਲ ਵੀ ਪ੍ਰਾਪਤ ਹੋ ਸਕਦਾ ਹੈ।

ਖੱਬੇ ਹੱਥ ਤੋਂ: ਮੂਫਾਰਮ ਦੇ ਸੰਸਥਾਪਕ ਆਸ਼ਨਾ ਸਿੰਘ ਅਤੇ ਪਰਮ ਸਿੰਘ ਵਿਸ਼ਵ ਬੈਂਕ ਦੇ ਪ੍ਰਤੀਨਿਧੀ ਤੋਂ ਇਨਾਮ ਲੈਂਦੇ ਹੋਏ। Source: Supplied
ਸ਼੍ਰੀ ਸਿੰਘ ਸਮਝਾਉਂਦੇ ਨੇ ਕਿ ਉਹ ਤਕਨੀਕੀ ਹਲ ਆਰਟੀਫਿਸ਼ਿਯਲ ਇੰਟੈਲੀਜੈਂਸ ਰਾਹੀਂ ਪ੍ਰਦਾਨ ਕਰਦੇ ਨੇ।
“ਤਸਵੀਰਾਂ ਦਿਨ ਅਤੇ ਰਾਤ ਦੇ ਵੱਖੋ ਵੱਖਰੇ ਸਮੇਂ ਤੇ ਵੱਖੋ-ਵੱਖ ਕਿਸਮ ਦੀ ਰੌਸ਼ਨੀ ਵਿਚ 400 ਐਂਗਲਜ਼ ਤੋਂ ਲਈਆਂ ਜਾਂਦੀਆਂ ਹਨ। ਸਾਡੇ ਸਿਸਟਮ ਦੀ ਇਸ ਸਮੇਂ 92-95 ਪ੍ਰਤੀਸ਼ਤ ਸ਼ੁੱਧਤਾ ਹੈ ਅਤੇ ਅਸੀਂ ਇਸ ਨੂੰ ਹੋਰ ਅੱਗੇ ਲਿਜਾਣਾ ਚਾਹੁੰਦੇ ਹਾਂ। ਮਸ਼ੀਨ ਲਰਨਿੰਗ (ਐੱਮ.ਐੱਲ.) ਐਲਗੋਰਿਦਮ ਨਾਲ, ਅਸੀਂ ਸ਼ੁੱਧਤਾ ਨੂੰ ਹੋਰ ਵਧਾ ਰਹੇ ਹਾਂ, ” ਸ੍ਰੀ ਸਿੰਘ ਕਹਿੰਦੇ ਨੇ।
ਇਸ ਸਾਲ ਦੇ ਅਰੰਭ ਵਿਚ, ਉਨ੍ਹਾਂ ਨੇ ਵਿਸ਼ਵ ਬੈਂਕ ਸਮੂਹ ਦੁਆਰਾ ਆਯੋਜਿਤ Agriculture InsureTech Innovation Challenge ਜਿੱਤਿਆ। ਕੁਝ ਹੀ ਮਹੀਨਿਆਂ ਬਾਅਦ, ਉਨ੍ਹਾਂ ਨੂੰ ਡੇਅਰੀ ਪਸ਼ੂਆਂ ਵਿੱਚ ਪਾਈ ਜਾਣ ਵਾਲੀ ਇੱਕ ਬਿਮਾਰੀ, ਮਾਸਟਾਈਟਸ, ਨਾਲ ਨਜਿੱਠਣ ਲਈ ਮਾਈਕ੍ਰੋਸਾੱਫਟ ਵੱਲੋਂ ਇੱਕ ਮਸ਼ੀਨ ਲਰਨਿੰਗ ਪਲੇਟਫਾਰਮ ਵਿਕਸਤ ਕਰਨ ਲਈ ਆਰਥਿਕ ਮਦਦ ਮਿਲੀ।
ਆਰਟੀਫਿਸ਼ਿਯਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਡੇਅਰੀ ਪਸ਼ੂਆਂ ਲਈ ਚਿਹਰੇ ਦੀ ਫੇਸ਼ਿਯਲ ਰਿਕੋਗਨਿਸ਼ਨ ਟੈਕਨੋਲੋਜੀ ਯਾਨੀ ਚੇਹਰਾ ਪਛਾਨਣ ਦੀ ਤਕਨੀਕ ਇਸਤੇਮਾਲ ਕਰਨ ਪਿੱਛੇ ਮੂਫਾਰਮ ਦਾ ਮਕਸਦ ਭਾਰਤ ਦੇ ਡੇਅਰੀ ਫਾਰਮਿੰਗ ਖੇਤਰ ਵਿਚ ਬੀਮੇ ਦੀ ਪਹੁੰਚ ਨੂੰ ਵਧਾਉਣਾ ਹੈ।
ਇਸ ਇੰਟਰਵਿਊ ਨੂੰ ਪੰਜਾਬੀ ਵਿਚ ਸੁਣਨ ਲਈ ਇਸ ਪੇਜ ਦੇ ਉੱਪਰ ਜਾ ਕੇ ਪਲੇਅਰ ਤੇ ਕਲਿੱਕ ਕਰੋ।