Key Points
- ਸਾਡੇ ਵਿਲੱਖਣ ਵਾਤਾਵਰਣ ਅਤੇ ਆਰਥਿਕਤਾ ਦੀ ਰੱਖਿਆ ਲਈ 'ਬਾਰਡਰ ਕੰਟਰੋਲ ਨਿਯਮ' ਮੌਜੂਦ ਹਨ।
- ਹਰੇਕ ਨੂੰ ਇਨਕਮਿੰਗ ਪੈਸੰਜਰ ਕਾਰਡ ਪੂਰਾ ਭਰਨਾ ਚਾਹੀਦਾ ਹੈ। ਇਹ ਇੱਕ ਕਾਨੂੰਨੀ ਦਸਤਾਵੇਜ਼ ਹੈ।
- ਭੋਜਨ ਅਤੇ ਪੌਦਿਆਂ ਦੀਆਂ ਵਸਤੂਆਂ ਉੱਚ ਜੋਖਮ ਵਾਲੀਆਂ ਹਨ ਅਤੇ ਇਹਨਾਂ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ।
- ਚੀਜ਼ਾਂ ਲੁਕਾਉਣ 'ਤੇ ਜੁਰਮਾਨਾ ਅਤੇ ਜੇਲ੍ਹ ਹੋ ਸਕਦੀ ਹੈ।
- ਜੇਕਰ ਕਿਸੇ ਚੀਜ਼ ਬਾਰੇ ਅਨਿਸ਼ਚਿਤ ਹੋ, ਤਾਂ ਇਸ ਦੀ ਜਾਣਕਾਰੀ ਸਾਂਝੀ ਕਰੋ।
ਆਸਟ੍ਰੇਲੀਆ ਬਾਇਓਸਕਿਓਰਿਟੀ ਨੂੰ ਇੰਨੀ ਗੰਭੀਰਤਾ ਨਾਲ ਕਿਉਂ ਲੈਂਦਾ ਹੈ?
ਆਸਟ੍ਰੇਲੀਆ ਦੇ ਜੈਵਿਕ ਸੁਰੱਖਿਆ ਕਾਨੂੰਨ, ਪੂਰੀ ਦੁਨੀਆ ਵਿੱਚ ਸਭ ਤੋਂ ਸਖਤ ਕਾਨੂੰਨਾਂ ਵਜੋਂ ਗਿਣੇ ਜਾ ਸਕਦੇ ਹਨ ਅਤੇ ਇਸ ਦੇ ਪਿੱਛੇ ਠੋਸ ਕਾਰਨ ਹਨ। ਇੱਕ ਟਾਪੂ ਦੇਸ਼ ਹੋਣ ਦੇ ਨਾਤੇ, ਆਸਟ੍ਰੇਲੀਆ ਕਈ ਕੀਟਾਂ ਅਤੇ ਕਈ ਬੀਮਾਰੀਆਂ ਨੂੰ ਕੰਟਰੋਲ ਕਰਨ ਵਿੱਚ ਸਮਰੱਥ ਰਿਹਾ ਹੈ- ਪਰ ਇਹ ਸੁਰੱਖਿਆ ਚੌਕਸੀ ਉੱਤੇ ਨਿਰਭਰ ਕਰਦੀ ਹੈ।
ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਪੌਦਿਆਂ ਦੀ ਇੱਕ ਲੰਮੀ ਸੂਚੀ ਹੈ, ਜਿਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਲਿਆਉਣ ਦੀ ਪ੍ਰਵਾਨਗੀ ਨਹੀਂ ਹੈ, ਕਿਉਂਕਿ ਇਹ ਪਦਾਰਥ ਉਨ੍ਹਾਂ ਕੀਟਾਂ ਅਤੇ ਬੀਮਾਰੀਆਂ ਨੂੰ ਫੈਲਾ ਸਕਦੇ ਹਨ, ਜਿਨਾਂ ਨੂੰ ਰੋਕਣ ਵਿੱਚ ਅਸੀਂ ਹੁਣ ਤੱਕ ਸਫਲ ਰਹੇ ਹਾਂ।
ਖੇਤੀਬਾੜੀ, ਦੇਸ਼ ਭਰ ਵਿੱਚ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਆਧਾਰ ਹੈ। ਸਖ਼ਤ ਜੈਵਿਕ ਸੁਰੱਖਿਆ ਕਾਨੂੰਨ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਆਸਟ੍ਰੇਲੀਆ ਕੀੜਿਆਂ ਅਤੇ ਬਿਮਾਰੀਆਂ ਤੋਂ ਮੁਕਤ ਹੋ ਕੇ, ਅੰਤਰਰਾਸ਼ਟਰੀ ਪੱਧਰ 'ਤੇ ਵਪਾਰ ਕਰ ਸਕੇ।

'ਇਨਕਮਿੰਗ ਪੈਸੰਜਰ ਕਾਰਡ' ਕੀ ਹੈ?
ਜਦੋਂ ਹਵਾਈ ਜਹਾਜ਼ ਜਾਂ ਕਰੂਜ਼ ਜਹਾਜ਼ ਰਾਹੀਂ ਆਸਟ੍ਰੇਲੀਆ ਦੀ ਯਾਤਰਾ ਕਰਦੇ ਹੋ, ਤਾਂ ਯਾਤਰੀਆਂ ਲਈ ਇੱਕ ਇਨਕਮਿੰਗ ਪੈਸੰਜਰ ਕਾਰਡ ਭਰਨਾ ਲਾਜ਼ਮੀ ਹੁੰਦਾ ਹੈ। ਇਹ ਉਹ ਕਾਰਡ ਹੈ ਜੋ ਸਾਨੂੰ ਜਹਾਜ਼ 'ਤੇ ਜਾਂ ਹਵਾਈ ਅੱਡੇ ਵਿੱਚ ਦਾਖਲ ਹੁੰਦੇ ਹੀ ਦਿੱਤਾ ਜਾਂਦਾ ਹੈ।
ਕਾਰਡ 'ਤੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ, ਅਸੀਂ ਆਸਟ੍ਰੇਲੀਅਨ ਬਾਰਡਰ ਫੋਰਸ (ਏਐਫਬੀ) ਅਧਿਕਾਰੀਆਂ ਨੂੰ ਕਿਸੇ ਵੀ ਸੰਭਾਵੀ ਪਾਬੰਦੀਸ਼ੁਦਾ ਸਮਾਨ ਬਾਰੇ ਸੁਚੇਤ ਕਰਦੇ ਹਾਂ, ਜਿਸ ਨੂੰ ਅਸੀਂ ਭਾਵੇਂ ਅਣਜਾਣੇ ਵਿੱਚ ਵੀ ਲੈ ਕੇ ਜਾ ਰਹੇ ਹਾਂ।
ਜੇਕਰ ਤੁਸੀਂ ਕਾਰਡ ਉੱਤੇ ਸੂਚੀਬੱਧ ਕੀਤਾ ਕੋਈ ਵੀ ਸਾਮਾਨ ਲੈ ਕੇ ਜਾ ਰਹੇ ਹੋ ਤਾਂ ਉਸ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੈ।

ਜੇ ਮੈਨੂੰ ਕਾਰਡ ਭਰਨ ਵਿੱਚ ਮਦਦ ਦੀ ਲੋੜ ਹੋਵੇ ਤਾਂ ਕੀ ਹੋਵੇਗਾ?
ਜੇਕਰ ਤੁਹਾਨੂੰ ਕਾਰਡ ਸਮਝਣ ਵਿਚ ਮੁਸ਼ਕਿਲ ਹੋ ਰਹੀ ਹੈ ਤਾਂ ਏਬੀਐਫ ਅਧਿਕਾਰੀ ਤੁਹਾਡੀ ਸਹਾਇਤਾ ਲਈ ਉਪਲਬਧ ਹਨ ਤਾਂ ਜੋ ਤੁਸੀਂ ਸਾਰੀਆਂ ਵਸਤੂਆਂ ਬਾਰੇ ਜਾਣਕਾਰੀ ਸਾਂਝੀ ਕਰ ਸਕੋ।

ਕੁਝ ਹੋਰ ਪਾਬੰਦੀਸ਼ੁਦਾ ਚੀਜ਼ਾਂ ਕਿਹੜੀਆਂ ਹਨ?
ਹਥਿਆਰ, ਪਾਬੰਦੀਸ਼ੁਦਾ ਡਰੱਗਜ਼ ਅਤੇ ਖਤਰਨਾਕ ਸਮੱਗਰੀ ਇਥੋਂ ਤੱਕ ਕਿ ਸੁਰੱਖਿਆ ਖਤਰਾ ਪੈਦਾ ਕਰਨ ਵਾਲੀਆਂ ਨੋਕੀਲੀਆਂ ਵਸਤੂਆਂ ਨੂੰ ਲਿਜਾਣਾ ਬੇਹੱਦ ਪਾਬੰਦੀਸ਼ੁਦਾ ਹੈ। ਹਰ ਚੀਜ਼ ਦੀ ਜਾਣਕਾਰੀ ਦੇਣਾ ਲਾਜ਼ਮੀ ਹੈ।

ਜੇਕਰ ਮੈਂ ਪਾਬੰਦੀਸ਼ੁਦਾ ਚੀਜ਼ਾਂ ਦਾ ਐਲਾਨ ਕਰਨ ਵਿੱਚ ਅਸਫਲ ਰਹਿੰਦਾ ਹਾਂ ਤਾਂ ਕੀ ਹੋਵੇਗਾ?
ਕਿਸੇ ਵਸਤੂ ਬਾਰੇ ਜਾਣਕਾਰੀ ਦੇਣ ਦਾ ਇਹ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਜ਼ਬਤ ਕਰ ਲਿਆ ਜਾਵੇਗਾ। ਕਈ ਮਾਮਲਿਆਂ ਵਿੱਚ ਅਧਿਕਾਰੀ ਸਿਰਫ ਖਤਰੇ ਦਾ ਮੁਲਾਂਕਣ ਕਰਦੇ ਹਨ ਅਤੇ ਸੁਰੱਖਿਅਤ ਵਸਤੂਆਂ ਨੂੰ ਅੱਗੇ ਜਾਣ ਦਿੰਦੇ ਹਨ।
ਜੇਕਰ ਤੁਸੀਂ ਅਨਿਸ਼ਚਿਤ ਹੋ ਤਾਂ ਇਸ ਦੀ ਜਾਣਕਾਰੀ ਸਾਂਝੀ ਕਰੋ, ਕਿਉੁਂਕਿ ਕਈ ਵਾਰ ਤੁਹਾਨੂੰ ਕੁਝ ਚੀਜ਼ਾ ਲਿਆਉਣੀਆਂ ਸੁਰੱਖਿਆ ਲੱਗ ਸਕਦੀਆਂ ਹਨ ਪਰ ਅਸਲ ਵਿੱਚ ਉਹ ਸਭ ਤੋਂ ਵੱਡੇ ਜੁਰਮਾਨੇ ਦਾ ਕਾਰਨ ਬਣ ਸਕਦੀਆਂ ਹਨ।
ਐਲਾਨ ਕਰਨ ਲਈ ਕੁਝ ਆਮ ਚੀਜ਼ਾਂ ਕਿਹੜੀਆਂ ਹਨ?
ਦਵਾਈਆਂ
ਐਸਪਰਿਨ ਅਤੇ ਪੈਰਾਸਿਟਾਮੋਲ ਵਰਗੀਆਂ ਆਮ ਦਵਾਈਆਂ ਲਿਜਾਣ ਦੀ ਪ੍ਰਵਾਨਗੀ ਹੈ ਪਰ ਜਿਆਦਾਤਰ ਹੋਰਨਾਂ ਦਵਾਈਆਂ ਬਾਰੇ ਜਾਣਕਾਰੀ ਸਾਂਝੀ ਕਰਨਾ ਜ਼ਰੂਰੀ ਹੈ- ਭਾਵੇਂ ਉਹ ਡਾਕਟਰ ਦੀ ਪਰਚੀ ਦੇ ਬਿਨਾਂ ਹੀ ਮਿਲਦੀਆਂ ਹੋਣ। ਜੇਕਰ ਤੁਸੀਂ ਆਪਣੇ ਨਾਲ ਡਾਕਟਰ ਦਾ ਸਰਟੀਫਿਕੇਟ ਲਿਜਾ ਸਕੋ ਤਾਂ ਇਸ ਨਾਲ ਆਸਾਨੀ ਹੋ ਸਕਦੀ ਹੈ ਪਰ ਇਹ ਲਾਜ਼ਮੀ ਨਹੀਂ ਹੈ।
ਨਕਦੀ
ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ ਤੇ ਲਿਆਂਦੀ ਜਾ ਸਕਣ ਵਾਲੀ ਨਦਕੀ ਦੀ ਮਾਤਰਾ ਨੂੰ ਲੈ ਕੇ ਇੱਕ ਆਮ ਗਲਤਫਹਿਮੀ ਹੈ।ਅਸਲ ਵਿੱਚ ਇਸ ਦੀ ਕੋਈ ਸੀਮਾ ਨਹੀਂ ਹੈ ਪਰ 10 ਹਜ਼ਾਰ ਡਾਲਰ ਤੋਂ ਜ਼ਿਆਦਾ ਦੀ ਰਕਮ ਬਾਰੇ ਜਾਣਕਾਰੀ ਸਾਂਝੀ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ ਇੱਕ ਸਰਲ ਰਜਿਸਟ੍ਰੇਸ਼ਨ ਪ੍ਰਕ੍ਰਿਆ ਚੋਂ ਲੰਘਣਾ ਹੋਵੇਗਾ।
ਸ਼ਰਾਬ ਅਤੇ ਤੰਬਾਕੂ
ਪ੍ਰਤੀ ਵਿਅਕਤੀ ਸ਼ਰਾਬ ਅਤੇ ਤੰਬਾਕੂ ਦੀ ਸੀਮਾ 225 ਮਿਲੀਲੀਟਰ ਸ਼ਰਾਬ ਅਤੇ 25 ਸਿਗਰਟ ਜਾਂ 25 ਗ੍ਰਾਮ ਤੰਬਾਕੂ ਹੈ। ਇਸ ਵਿੱਚ ਡਿਊਟੀ ਫਰੀ ਤੋਂ ਖਰੀਦੀਆਂ ਗਈਆਂ ਵਸਤੂਆਂ ਵੀ ਸ਼ਾਮਿਲ ਹਨ।
ਤੋਹਫ਼ੇ (ਗਿਫ਼ਟ)
ਆਸਟ੍ਰੇਲੀਆ ਵਿੱਚ ਲਿਆਂਦੇ ਜਾਣ ਵਾਲੇ ਤੋਹਫਿਆਂ ਦੀ ਕੀਮਤ ਉੱਤੇ ਵੀ ਨਿਯਮ ਲਾਗੂ ਹੁੰਦੇ ਹਨ ਅਤੇ ਇਸ ਲਈ $900 ਤੱਕ ਦੀ ਸੀਮਾ ਹੈ।
ਨਿੱਜੀ ਚੀਜ਼ਾਂ ਜਿਵੇਂ ਕਿ ਕੱਪੜੇ, ਜੁੱਤੇ ਆਦਿ ਉਸ $900 ਦਾ ਹਿੱਸਾ ਨਹੀਂ ਹਨ। ਜੇਕਰ ਇਹ ਤੋਹਫੇ $900 ਤੋਂ ਵੱਧ ਦੀ ਕੀਮਤ ਦੇ ਹਨ ਤਾਂ ਤੁਸੀਂ ਡਿਊਟੀ ਅਤੇ ਟੈਕਸਾਂ ਲਈ ਜ਼ਿੰਮੇਵਾਰ ਹੋ ਸਕਦੇ ਹੋ।
ਕਾਬਿਲੇਗੌਰ ਹੈ ਕਿ ਪਾਬੰਦੀਸ਼ੁਦਾ ਵਸਤੂਆਂ ਦੀ ਵਿਸਤ੍ਰਿਤ ਸੂਚੀ ਆਸਟ੍ਰੇਲੀਅਨ ਬਾਰਡਰ ਫੋਰਸ ਦੀ ਵੈਬਸਾਈਟ ’ਤੇ ਉਪਲਬਧ ਹੈ।
ਜੇਕਰ ਤੁਹਾਨੂੰ ਕਿਸੇ ਵਸਤੂ ਬਾਰੇ ਕੋਈ ਸ਼ੱਕ ਹੈ ਤਾਂ ਇਸ ਜਾਣਕਾਰੀ ਜਰੂਰ ਦਿਓ। ਹਵਾਈ ਅੱਡੇ ੳੇੁੱਤੇ ਕੁਝ ਜ਼ਿਆਦਾ ਮਿੰਟ ਤੁਹਾਨੂੰ ਜੁਰਮਾਨੇ ਤੋਂ ਬਚਣ ਦੇ ਨਾਲ-ਨਾਲ ਆਸਟ੍ਰੇਲੀਆ ਦੇ ਵਾਤਾਵਰਨ, ਅਰਥਵਿਵਸਥਾ ਅਤੇ ਜੀਵਨਸ਼ੈਲੀ ਦੀ ਰੱਖਿਆ ਕਰਨ ਵਿੱਚ ਮਦਦ ਕਰ ਸਕਦੇ ਹਨ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜ







