ਆਸਟ੍ਰੇਲੀਆ ਵਿੱਚ ਰਹਿੰਦੇ ਬਹੁਤ ਸਾਰੇ ਪੰਜਾਬੀ ਪਰਵਾਸੀ ਆਪਣੇ ਘਰਾਂ ਵਿੱਚ ਜਾਂ ਆਲੇ-ਦੁਆਲੇ ਨਿੰਬੂ, ਮਿਰਚਾਂ, ਧਨੀਆ, ਪੁਦੀਨਾ ਅਤੇ ਹੋਰ ਸਬਜ਼ੀਆਂ ਤੇ ਜੜ੍ਹੀਆਂ-ਬੂਟੀਆਂ ਉਗਾਉਂਦੇ ਹਨ। ਪਰ ਜੇ ਕਿਸੇ ਹੋਰ ਦੇ ਘਰ ਜਾਂ verge ’ਤੇ ਫਲ-ਸਬਜ਼ੀਆਂ ਉੱਗੀਆਂ ਹੋਣ ਤਾਂ ਕੀ ਤੁਸੀਂ ਉਹ ਤੋੜ ਸਕਦੇ ਹੋ? ਇਸ ਆਸਟ੍ਰੇਲੀਆ ਐਕਸਪਲੇਨਡ ਫੀਚਰ ਵਿੱਚ ਜਾਣੋ ਕਿ ਪੈਦਾਵਾਰ ਲੈਣ ਸਬੰਧੀ ਕੀ ਨਿਯਮ ਹਨ, ਸੜਕ ਨਾਲ ਲੱਗੀ ਪੱਟੀ ’ਤੇ ਕੀ ਉਗਾਇਆ ਜਾ ਸਕਦਾ ਹੈ ਅਤੇ ਭਾਈਚਾਰਕ ਬਗੀਚੇ ਰਾਹੀਂ ਆਪਣੀ ਮਨਪਸੰਦ ਪੈਦਾਵਾਰ ਉਗਾਉਣ ਦਾ ਵਿਕਲਪ ਕਿਵੇਂ ਮਿਲ ਸਕਦਾ ਹੈ।
Key Points
- ਕਿਸੇ ਹੋਰ ਦੇ ਬਗੀਚੇ ਵਿੱਚੋਂ ਬਿਨਾਂ ਇਜਾਜ਼ਤ ਪੈਦਾਵਾਰ ਲੈਣਾ ਗੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਅਤੇ ਚੋਰੀ ਦੇ ਮਾਮਲੇ ਵਿੱਚ ਆ ਸਕਦਾ ਹੈ।
- ਬਗੀਚੇ ਜਾਂ ਸੜਕ ਨਾਲ ਲੱਗੀ ਪੱਟੀ ਤੋਂ ਕੋਈ ਫਲ-ਸਬਜ਼ੀ ਲੈਣ ਤੋਂ ਪਹਿਲਾਂ ਹਮੇਸ਼ਾ ਉੱਥੇ ਰਹਿਣ ਵਾਲੇ ਵਿਅਕਤੀ ਤੋਂ ਇਜਾਜ਼ਤ ਲਓ, ਜਦੋਂ ਤੱਕ ਉਹ ਪੈਦਾਵਾਰ ਸਾਫ਼ ਤੌਰ ’ਤੇ ਲੋਕਾਂ ਲਈ ਲੈਣ ਵਾਸਤੇ ਬਾਹਰ ਨਾ ਰੱਖੀ ਗਈ ਹੋਵੇ।
- ਆਪਣੇ ਇਲਾਕੇ ਦੇ ਕਿਸੇ ਭਾਈਚਾਰਕ ਬਗੀਚੇ ਨਾਲ ਜੁੜੋ ਅਤੇ ਉੱਥੇ ਪੈਦਾਵਾਰ ਉਗਾਉਣ ਤੇ ਸਾਂਝੀ ਕਰਨ ਦਾ ਮੌਕਾ ਹਾਸਲ ਕਰੋ।
- Can I take produce from someone else's garden or verge?
- What’s good etiquette if I see produce in someone’s garden?
- Can I grow produce on my verge outside my own property?
- What is a community garden?
- What are the benefits of a community garden?
ਕੀ ਮੈਂ ਕਿਸੇ ਹੋਰ ਦੇ ਬਗੀਚੇ ਜਾਂ ਸੜਕ ਨਾਲ ਲੱਗੀ ਪੱਟੀ ਤੋਂ ਪੈਦਾਵਾਰ ਲੈ ਸਕਦਾ ਹਾਂ?
ਜੇ ਤੁਹਾਨੂੰ ਕਿਸੇ ਦੇ ਬਗੀਚੇ ਵਿੱਚ ਪੱਕੇ ਹੋਏ ਫਲ ਨਜ਼ਰ ਆ ਜਾਣ ਤਾਂ ਉਨ੍ਹਾਂ ਵਿੱਚੋਂ ਕੁਝ ਤੋੜ ਲੈਣ ਦਾ ਮਨ ਕਰ ਸਕਦਾ ਹੈ।
ਪਰ City of Fremantle ਦੀ Community Safety Team ਦੀ ਅਗਵਾਈ ਕਰਨ ਵਾਲੇ Jarrad Duggan ਮੁਤਾਬਕ, ਕਿਸੇ ਹੋਰ ਦੇ ਬਗੀਚੇ ਵਿੱਚੋਂ ਪੈਦਾਵਾਰ ਲੈਣਾ ਗੈਰ-ਕਾਨੂੰਨੀ ਹੈ।
“ਕਿਸੇ ਦੀ ਇਜਾਜ਼ਤ ਤੋਂ ਬਿਨਾਂ ਉਸ ਦੀ ਜਾਇਦਾਦ ਵਿੱਚ ਦਾਖ਼ਲ ਹੋਣਾ ਕਾਨੂੰਨੀ ਨਹੀਂ ਹੈ। ਇਸ ਲਈ ਤੁਸੀਂ ਕਿਸੇ ਦੀ ਜ਼ਮੀਨ ’ਤੇ ਜਾ ਕੇ ਉੱਥੋਂ ਕੁਝ ਵੀ ਨਹੀਂ ਲੈ ਸਕਦੇ, ਕਿਉਂਕਿ ਇਸ ਨੂੰ ਚੋਰੀ ਮੰਨਿਆ ਜਾ ਸਕਦਾ ਹੈ,” Mr Duggan ਦੱਸਦੇ ਹਨ।
ਭਾਵ, ਕਿਸੇ ਹੋਰ ਦੀ ਪੈਦਾਵਾਰ ਲੈਣ ਤੋਂ ਪਹਿਲਾਂ ਹਮੇਸ਼ਾ ਜਾਇਦਾਦ ਦੇ ਮਾਲਕ ਤੋਂ ਇਜਾਜ਼ਤ ਲਓ। ਇਹੀ ਸਿਧਾਂਤ ਆਮ ਤੌਰ ’ਤੇ ਕਿਸੇ ਦੇ ਘਰ ਦੇ ਬਾਹਰ ਸੜਕ ਨਾਲ ਲੱਗੀ ਪੱਟੀ ’ਤੇ ਉੱਗ ਰਹੀ ਪੈਦਾਵਾਰ ’ਤੇ ਵੀ ਲਾਗੂ ਹੁੰਦਾ ਹੈ।
“ਸੜਕ ਨਾਲ ਲੱਗੀ ਪੱਟੀ ਦੇ ਮਾਮਲੇ ਵਿੱਚ ਵੀ ਉੱਥੋਂ ਕੁਝ ਲੈਣਾ ਕਾਨੂੰਨੀ ਨਹੀਂ ਹੈ। ਭਾਵੇਂ ਇਹ ਕੌਂਸਲ ਦੀ ਜ਼ਮੀਨ ਹੈ, ਪਰ ਉੱਥੋਂ ਕੁਝ ਹਟਾਉਣ ਲਈ ਤੁਹਾਨੂੰ ਇਜਾਜ਼ਤ ਦੀ ਲੋੜ ਹੁੰਦੀ ਹੈ,” Mr Duggan ਕਹਿੰਦੇ ਹਨ।
“ਇਜਾਜ਼ਤ ਉਸ ਵਿਅਕਤੀ ਤੋਂ ਲੈਣੀ ਪਵੇਗੀ ਜੋ ਉਸ ਜਾਇਦਾਦ ਵਿੱਚ ਰਹਿੰਦਾ ਹੈ ਜਾਂ ਉਸ ਦਾ ਮਾਲਕ ਹੈ। ਇਹ ਇਜਾਜ਼ਤ ਕੌਂਸਲ ਤੋਂ ਨਹੀਂ, ਸਗੋਂ ਉਸ ਵਿਅਕਤੀ ਤੋਂ ਲੈਣੀ ਹੁੰਦੀ ਹੈ।”

ਜੇ ਮੈਨੂੰ ਕਿਸੇ ਦੇ ਬਗੀਚੇ ਵਿੱਚ ਪੈਦਾਵਾਰ ਨਜ਼ਰ ਆਵੇ ਤਾਂ ਸਹੀ ਤਰੀਕਾ ਕੀ ਹੈ?
ਜੇ ਤੁਸੀਂ ਕਿਸੇ ਦੇ ਬਗੀਚੇ ਜਾਂ ਸੜਕ ਨਾਲ ਲੱਗੀ ਪੱਟੀ ਤੋਂ ਪੈਦਾਵਾਰ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾ ਅਤੇ ਸੌਖਾ ਕਦਮ ਹੈ—ਪੁੱਛੋ।
“ਤੁਹਾਨੂੰ ਹਮੇਸ਼ਾ ਇਜਾਜ਼ਤ ਲੈਣੀ ਚਾਹੀਦੀ ਹੈ। ਤੁਸੀਂ ਦਰਵਾਜ਼ਾ ਖੜਕਾ ਕੇ ਪੁੱਛ ਸਕਦੇ ਹੋ ਜਾਂ ਇੱਕ ਨਿਮਰ ਜਿਹਾ ਨੋਟ ਛੱਡ ਸਕਦੇ ਹੋ। ਜੇ ਇਜਾਜ਼ਤ ਮਿਲ ਜਾਵੇ ਤਾਂ ਇਹ ਵੀ ਪੁੱਛਣਾ ਚੰਗਾ ਹੈ ਕਿ ਤੁਸੀਂ ਕਿੰਨੀ ਪੈਦਾਵਾਰ ਲੈ ਸਕਦੇ ਹੋ ਅਤੇ ਪੌਦੇ ਨੂੰ ਨੁਕਸਾਨ ਨਾ ਪਹੁੰਚੇ,” Mr Duggan ਕਹਿੰਦੇ ਹਨ।
“ਮਿਸਾਲ ਵਜੋਂ, ਤੁਸੀਂ ਸੜਕ ’ਤੇ ਤੁਰਦੇ ਹੋਏ verge ’ਤੇ ਇੱਕ ਛੋਟਾ ਜਿਹਾ ਗੱਤੇ ਦਾ ਡੱਬਾ ਦੇਖ ਸਕਦੇ ਹੋ, ਜਿਸ ’ਤੇ ‘ਮੁਫ਼ਤ’ ਲਿਖਿਆ ਹੋਵੇ ਅਤੇ ਉਸ ਵਿੱਚ ਨਿੰਬੂ ਪਏ ਹੋਣ। ਇਹ ਸਪੱਸ਼ਟ ਸੰਕੇਤ ਹੈ ਕਿ ਉਹ ਨਿੰਬੂ ਮੁਫ਼ਤ ਵੰਡਣ ਲਈ ਰੱਖੇ ਗਏ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਇਜਾਜ਼ਤ ਲੈਣ ਦੀ ਲੋੜ ਨਹੀਂ,” Mr Duggan ਕਹਿੰਦੇ ਹਨ।

Perth ਦੇ Nedlands ਇਲਾਕੇ ਦੀ ਵਸਨੀਕ Andrea Sciubba ਵੀ ਕੁਝ ਅਜਿਹਾ ਹੀ ਕਰਦੀ ਹੈ।
“ਮੇਰੇ ਪਿਛਲੇ ਬਗੀਚੇ ਵਿੱਚ ਇੱਕ ਬਹੁਤ ਪੁਰਾਣਾ ਨਿੰਬੂ ਦਾ ਦਰੱਖਤ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਹਰ ਸਾਲ ਇਸ ’ਤੇ ਬਹੁਤ ਸਾਰੇ ਨਿੰਬੂ ਲੱਗਦੇ ਹਨ।”
ਮੈਂ ਜਿੰਨੇ ਨਿੰਬੂ ਹੋ ਸਕਦੇ ਹਨ, ਤੋੜ ਲੈਂਦੀ ਹਾਂ ਅਤੇ ਉਨ੍ਹਾਂ ਨੂੰ ਇੱਕ ਡੱਬੇ ਵਿੱਚ ਪਾ ਕੇ ਡਾਕ-ਪੇਟੀ ਕੋਲ ਰੱਖ ਦਿੰਦੀ ਹਾਂ, ਤਾਂ ਜੋ ਲੋਕ ਆਪਣੀ ਲੋੜ ਮੁਤਾਬਕ ਲੈ ਸਕਣ।Andrea Sciubba
ਕੀ ਮੈਂ ਆਪਣੇ ਘਰ ਦੇ ਬਾਹਰ ਸੜਕ ਨਾਲ ਲੱਗੀ ਪੱਟੀ ’ਤੇ ਪੈਦਾਵਾਰ ਉਗਾ ਸਕਦਾ ਹਾਂ?
ਕਿਸੇ ਜਾਇਦਾਦ ਦੇ ਬਾਹਰਲੀ ਸੜਕ ਨਾਲ ਲੱਗੀ ਪੱਟੀ, ਜਿਸ ਨੂੰ nature strip ਵੀ ਕਿਹਾ ਜਾਂਦਾ ਹੈ, ਆਮ ਤੌਰ ’ਤੇ ਸਥਾਨਕ ਕੌਂਸਲ ਵੱਲੋਂ ਸੰਭਾਲੀ ਜਾਣ ਵਾਲੀ ਜਨਤਕ ਜ਼ਮੀਨ ਹੁੰਦੀ ਹੈ। ਹਾਲਾਂਕਿ, ਨਾਲ ਲੱਗਦੀ ਜਾਇਦਾਦ ਦਾ ਮਾਲਕ ਜਾਂ ਉੱਥੇ ਰਹਿਣ ਵਾਲਾ ਵਿਅਕਤੀ ਆਮ ਤੌਰ ’ਤੇ ਇਸ ਦੀ ਰੋਜ਼ਾਨਾ ਦੇਖਭਾਲ, ਜਿਵੇਂ ਘਾਹ ਕੱਟਣ, ਲਈ ਜ਼ਿੰਮੇਵਾਰ ਹੁੰਦਾ ਹੈ।
ਤੁਸੀਂ ਆਪਣੀ ਸੜਕ ਨਾਲ ਲੱਗੀ ਪੱਟੀ ’ਤੇ ਫਲ, ਸਬਜ਼ੀਆਂ ਜਾਂ ਜੜ੍ਹੀਆਂ-ਬੂਟੀਆਂ ਉਗਾ ਸਕਦੇ ਹੋ ਜਾਂ ਨਹੀਂ, ਇਹ ਤੁਹਾਡੀ ਸਥਾਨਕ ਕੌਂਸਲ ਦੇ ਨਿਯਮਾਂ ’ਤੇ ਨਿਰਭਰ ਕਰਦਾ ਹੈ।
“ਇਹ ਨਿਯਮ ਕੌਂਸਲ ਦਰ ਕੌਂਸਲ ਵੱਖਰੇ ਹੁੰਦੇ ਹਨ। ਕੁਝ ਕੌਂਸਲਾਂ ਇਸ ਦੀ ਇਜਾਜ਼ਤ ਦੇ ਸਕਦੀਆਂ ਹਨ, ਜਦਕਿ ਕੁਝ ਇਸ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਸਕਦੀਆਂ ਹਨ,” Mr Duggan ਕਹਿੰਦੇ ਹਨ।
ਭਾਈਚਾਰਕ ਬਗੀਚਾ ਕੀ ਹੁੰਦਾ ਹੈ?
ਜੇ ਤੁਹਾਡੇ ਘਰ ਵਿੱਚ ਸਬਜ਼ੀਆਂ ਜਾਂ ਹੋਰ ਪੈਦਾਵਾਰ ਉਗਾਉਣ ਲਈ ਜਗ੍ਹਾ ਨਹੀਂ ਹੈ ਤਾਂ ਭਾਈਚਾਰਕ ਬਗੀਚੇ ਨਾਲ ਜੁੜਨਾ ਇੱਕ ਹੋਰ ਵਧੀਆ ਵਿਕਲਪ ਹੋ ਸਕਦਾ ਹੈ।
Sydney ਦੇ ਉਪਨਗਰ ਵਿੱਚ ਸਥਿਤ Hurstville Community Garden ਵਿੱਚ ਸਾਂਝੇ ਤੌਰ ’ਤੇ ਬਾਗਬਾਨੀ ਕਰਨ ਲਈ ਜਗ੍ਹਾ ਦੇ ਨਾਲ-ਨਾਲ ਵਿਅਕਤੀਗਤ ਤੌਰ ’ਤੇ ਬਾਗਬਾਨੀ ਕਰਨ ਵਾਲਿਆਂ ਲਈ 30 ਤੋਂ ਵੱਧ ਪਲਾਟ ਹਨ। ਇਸ ਦੀ ਮੈਂਬਰ Sofia Carvajal ਦੱਸਦੀ ਹੈ:
“ਇਹ ਸਿੱਖਣ ਦਾ ਬਹੁਤ ਵਧੀਆ ਤਰੀਕਾ ਹੈ, ਖ਼ਾਸ ਕਰਕੇ ਜੇ ਤੁਸੀਂ ਬਾਗਬਾਨੀ ਵਿੱਚ ਨਵੇਂ ਹੋ। ਤੁਸੀਂ ਉਨ੍ਹਾਂ ਲੋਕਾਂ ਤੋਂ ਸਿੱਖ ਸਕਦੇ ਹੋ ਜੋ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਤੁਸੀਂ ਫਲ ਅਤੇ ਸਬਜ਼ੀਆਂ ਉਗਾਉਣ ਬਾਰੇ ਬਹੁਤ ਕੁਝ ਸਿੱਖਦੇ ਹੋ। ਇਸ ਦੇ ਨਾਲ ਤੁਸੀਂ ਇੱਕ ਟੀਮ ਵਜੋਂ ਮਿਲ ਕੇ ਕੰਮ ਕਰਨਾ ਵੀ ਸਿੱਖਦੇ ਹੋ, ਜੋ ਬਹੁਤ ਮਹੱਤਵਪੂਰਨ ਹੈ।”

ਭਾਈਚਾਰਕ ਬਗੀਚੇ ਵਿੱਚ ਹਿੱਸਾ ਲੈਣ ਵਾਲੇ ਲੋਕ ਮਿੱਟੀ ਅਤੇ ਖਾਦ ਬਣਾਉਣ, ਵੱਖ-ਵੱਖ ਪੌਦੇ ਉਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਬਾਰੇ ਸਿੱਖਦੇ ਹਨ।
“ਹਰ ਭਾਈਚਾਰਕ ਬਗੀਚਾ ਵੱਖਰੇ ਢੰਗ ਨਾਲ ਕੰਮ ਕਰਦਾ ਹੈ, ਪਰ ਮੇਰੇ ਖ਼ਿਆਲ ਵਿੱਚ ਇੱਕ ਗੱਲ ਜੋ ਸਾਰਿਆਂ ਵਿੱਚ ਸਾਂਝੀ ਹੈ, ਉਹ ਇਹ ਹੈ ਕਿ ਪਹਿਲਾਂ ਤੁਹਾਨੂੰ ਕੁਝ ਸਮਾਂ ਸਿੱਖਣ ਲਈ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਤੁਸੀਂ ਪੌਦੇ ਲਗਾ ਸਕਦੇ ਹੋ ਅਤੇ ਆਖ਼ਰ ਵਿੱਚ ਆਪਣੀ ਉਗਾਈ ਹੋਈ ਪੈਦਾਵਾਰ ਘਰ ਵੀ ਲੈ ਜਾ ਸਕਦੇ ਹੋ,” Ms Carvajal ਕਹਿੰਦੀ ਹੈ।
ਭਾਈਚਾਰਕ ਬਗੀਚੇ ਦੇ ਕੀ ਫਾਇਦੇ ਹਨ?
ਭਾਈਚਾਰਕ ਬਗੀਚੇ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਲਈ ਖੁੱਲ੍ਹੇ ਹੁੰਦੇ ਹਨ, ਹਾਲਾਂਕਿ ਮੈਂਬਰਸ਼ਿਪ ਅਤੇ ਉਡੀਕ ਸੂਚੀ ਦੇ ਨਿਯਮ ਵੱਖਰੇ ਹੋ ਸਕਦੇ ਹਨ। ਜ਼ਿਆਦਾਤਰ ਬਗੀਚਿਆਂ ਵਿੱਚ ਬਾਗਬਾਨੀ ਸ਼ੁਰੂ ਕਰਨ ਲਈ ਲੋੜੀਂਦੇ ਸੰਦ ਵੀ ਮੁਹੱਈਆ ਕਰਵਾਏ ਜਾਂਦੇ ਹਨ।
ਭਾਈਚਾਰਕ ਬਗੀਚੇ ਤੁਹਾਡੇ ਵਤਨ ਵਿੱਚ ਉੱਗਣ ਵਾਲੀਆਂ ਉਹ ਚੀਜ਼ਾਂ ਇੱਥੇ ਉਗਾਉਣ ਦਾ ਵਧੀਆ ਤਰੀਕਾ ਹਨ, ਜੋ ਤੁਹਾਨੂੰ ਆਮ ਦੁਕਾਨਾਂ ਤੋਂ ਨਹੀਂ ਮਿਲਦੀਆਂ।Sofia Carvajal
ਪੈਦਾਵਾਰ ਉਗਾਉਣ ਦੇ ਮੌਕੇ ਤੋਂ ਇਲਾਵਾ, ਕਈ ਭਾਈਚਾਰਕ ਬਗੀਚਿਆਂ ਵਿੱਚ ਹਰ ਉਮਰ ਦੇ ਲੋਕਾਂ ਲਈ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ।
“ਜੇ ਤੁਹਾਡੇ ਬੱਚੇ ਹਨ ਤਾਂ ਤੁਸੀਂ ਬਗੀਚੇ ਵਿੱਚ ਕਿਤਾਬਾਂ ਪੜ੍ਹਨ ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੇ ਹੋ। ਹਰ ਉਮਰ ਦੇ ਲੋਕਾਂ ਲਈ ਸਾਡੇ ਕੋਲ ਕਈ ਤਰ੍ਹਾਂ ਦੇ ਪ੍ਰੋਗਰਾਮ ਹਨ। ਅਸੀਂ ਨਿਊਰੋਡਾਇਵਰਜੈਂਟ ਭਾਈਚਾਰਿਆਂ ਲਈ ਵੀ ਇੱਕ ਪ੍ਰੋਗਰਾਮ ਚਲਾਉਂਦੇ ਹਾਂ, ਜਿਸ ਤਹਿਤ ਉਹ ਆਪਣਾ ਪਲਾਟ ਲੈ ਸਕਦੇ ਹਨ। ਇਹ ਬਹੁਤ ਸਕੂਨਦਾਇਕ ਹੁੰਦਾ ਹੈ। ਅਸੀਂ ਕੂੜਾ-ਕਰਕਟ ਘਟਾਉਣ, ਖਾਦ ਬਣਾਉਣ ਅਤੇ ਕੁਦਰਤੀ ਢੰਗ ਨਾਲ ਬਾਗਬਾਨੀ ਕਰਨ ਬਾਰੇ ਵੀ ਪ੍ਰੋਗਰਾਮ ਕਰਵਾਏ ਹਨ। ਇਹੀ ਭਾਈਚਾਰਕ ਬਗੀਚਿਆਂ ਦੀ ਅਹਿਮੀਅਤ ਹੈ—ਇਹ ਲੋਕਾਂ ਨੂੰ ਇਕੱਠਾ ਕਰਕੇ ਭਾਈਚਾਰਾ ਬਣਾਉਣ ਵਿੱਚ ਮਦਦ ਕਰਦੇ ਹਨ,” Ms Carvajal ਕਹਿੰਦੀ ਹੈ।
ਇਸ ਲਈ, ਭਾਵੇਂ ਤੁਸੀਂ ਤਾਜ਼ੀ ਪੈਦਾਵਾਰ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਆਪਣੀ ਪੈਦਾਵਾਰ ਖੁਦ ਉਗਾਉਣੀ ਚਾਹੁੰਦੇ ਹੋ, ਭਾਈਚਾਰਕ ਬਗੀਚੇ ਇਸ ਨਾਲ ਜੁੜਨ ਦਾ ਇੱਕ ਸੌਖਾ ਅਤੇ ਵਿਹਾਰਕ ਤਰੀਕਾ ਹਨ।
ਅਤੇ ਜੇ ਤੁਹਾਨੂੰ ਕਿਸੇ ਹੋਰ ਦੇ ਬਗੀਚੇ ਜਾਂ ਸੜਕ ਨਾਲ ਲੱਗੀ ਪੱਟੀ ’ਤੇ ਫਲ ਜਾਂ ਸਬਜ਼ੀਆਂ ਉੱਗੀਆਂ ਨਜ਼ਰ ਆਉਣ ਤਾਂ ਯਾਦ ਰੱਖੋ—ਉਨ੍ਹਾਂ ਨੂੰ ਤੋੜਨ ਤੋਂ ਪਹਿਲਾਂ ਇਜਾਜ਼ਤ ਜ਼ਰੂਰ ਲਓ।
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Email australiaexplained@sbs.com.au





