ਆਸਟ੍ਰੇਲੀਆ ਵਿੱਚ ਨਵੇਂ ਵਸੇ ਪਰਿਵਾਰਾਂ ਲਈ ਬੱਚਿਆਂ ਨੂੰ ਦੇਸ਼ ਦੇ First Nations ਲੋਕਾਂ, ਉਨ੍ਹਾਂ ਦੇ ਇਤਿਹਾਸ, ਸੱਭਿਆਚਾਰ ਅਤੇ ਰਵਾਇਤਾਂ ਬਾਰੇ ਜਾਣੂ ਕਰਵਾਉਣਾ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਸੈਗਮੈਂਟ ਵਿੱਚ ਜਾਣੋ ਕਿ ਟੀਵੀ ਪ੍ਰੋਗਰਾਮਾਂ, ਆਨਲਾਈਨ ਸਰੋਤਾਂ, ਸਥਾਨਕ ਭਾਈਚਾਰਕ ਸਮਾਗਮਾਂ, ਯਾਤਰਾਵਾਂ ਅਤੇ ਰੋਜ਼ਾਨਾ ਦੇ ਤਜਰਬਿਆਂ ਰਾਹੀਂ ਮਾਪੇ ਆਪਣੇ ਬੱਚਿਆਂ ਦੀ ਇਸ ਸਿੱਖਿਆ ਵਿੱਚ ਕਿਵੇਂ ਮਦਦ ਕਰ ਸਕਦੇ ਹਨ।
Key Points
- ਆਸਟ੍ਰੇਲੀਆ ਦੇ ਪਹਿਲੇ ਵਸਨੀਕਾਂ ਬਾਰੇ ਸਿੱਖਣਾ ਬੱਚੇ ਅਤੇ ਮਾਪੇ ਦੋਵਾਂ ਦੀ ਸਾਂਝੀ ਪ੍ਰਕਿਰਿਆ ਹੈ
- ਆਨਲਾਈਨ ਉਮਰ ਮੁਤਾਬਕ ਕਈ ਤਰ੍ਹਾਂ ਦੀ ਸਮੱਗਰੀ ਉਪਲਬਧ ਹੈ, ਜੋ ਤੁਹਾਡੇ ਬੱਚੇ ਨੂੰ ਆਸਟ੍ਰੇਲੀਆ ਦੇ ਮੂਲ ਵਸਨੀਕਾਂ ਬਾਰੇ ਜਾਣਨ ਅਤੇ ਉਨ੍ਹਾਂ ਨਾਲ ਜੁੜਨ ਵਿੱਚ ਮਦਦ ਕਰ ਸਕਦੀ ਹੈ।
- ਸਮਾਗਮਾਂ ਵਿੱਚ ਸ਼ਾਮਲ ਹੋਣਾ, ਸੋਚ-ਸਮਝ ਕੇ ਯਾਤਰਾ ਕਰਨਾ ਅਤੇ ਖੁਦ ਖੋਜ ਕਰਨਾ ਤੁਹਾਡੇ ਇਲਾਕੇ ਅਤੇ ਇਸ ਤੋਂ ਬਾਹਰ ਦੇ ਪਹਿਲੇ ਵਸਨੀਕਾਂ ਨਾਲ ਜੁੜਨ ਦੇ ਤਰੀਕੇ ਹਨ।
ਐਬੋਰੀਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੀ ਵਿਰਾਸਤ ਅਤੇ ਮੌਜੂਦਾ ਤਜਰਬਿਆਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਕਦਰ ਕਰਨਾ ਸੁਲ੍ਹਾ-ਸਫਾਈ ਦੀ ਪ੍ਰਕਿਰਿਆ ਲਈ ਬਹੁਤ ਮਹੱਤਵਪੂਰਨ ਹੈ। ਇਹ ਪ੍ਰਕਿਰਿਆ ਆਸਟ੍ਰੇਲੀਆ ਦੇ ਪਹਿਲੇ ਵਸਨੀਕਾਂ ਅਤੇ ਗੈਰ-ਮੂਲ ਵਸਨੀਕਾਂ ਦਰਮਿਆਨ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵੱਲ ਇੱਕ ਕਦਮ ਹੈ।
ਇਸੇ ਲਈ, ਆਸਟ੍ਰੇਲੀਆ ਵਿੱਚ ਆਪਣੇ ਬੱਚੇ ਦੀ ਪਰਵਰਿਸ਼ ਕਰਦੇ ਸਮੇਂ ਉਸ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਲਗਾਤਾਰ ਜੀਵੰਤ ਸੱਭਿਆਚਾਰ ਨਾਲ ਜੋੜਨਾ ਸਭ ਤੋਂ ਵੱਡੇ ਤੋਹਫ਼ਿਆਂ ਵਿੱਚੋਂ ਇੱਕ ਹੈ ਜੋ ਤੁਸੀਂ ਉਸ ਨੂੰ ਦੇ ਸਕਦੇ ਹੋ।
ਮੈਂ ਆਪਣੇ ਬੱਚੇ ਨੂੰ ਮੂਲ ਵਸਨੀਕਾਂ ਦੇ ਸੱਭਿਆਚਾਰ ਅਤੇ ਇਤਿਹਾਸ ਨਾਲ ਕਿਵੇਂ ਜਾਣੂ ਕਰਵਾ ਸਕਦਾ/ਸਕਦੀ ਹਾਂ?
ਐਸਮਾ ਲਿਵਰਮੋਰ ਬਿਗੰਬੁਲ ਭਾਈਚਾਰੇ ਨਾਲ ਸਬੰਧਤ ਮਹਿਲਾ ਹਨ ਅਤੇ ਦੇਸ਼ ਵਿੱਚ ਸੁਲ੍ਹਾ-ਸਫਾਈ ਲਈ ਕੰਮ ਕਰਨ ਵਾਲੀ ਪ੍ਰਮੁੱਖ ਸੰਸਥਾ [Reconciliation Australia] ਲਈ ਕੰਮ ਕਰਦੀ ਹਨ।
ਉਹ ਪਰਿਵਾਰ ਵਜੋਂ ਸਿੱਖਣ ਦੇ ਮੌਕੇ ਲੱਭਣ ਦੀ ਸਿਫ਼ਾਰਸ਼ ਕਰਦੀ ਹੈ।
ਅਜਿਹੀਆਂ ਗਤੀਵਿਧੀਆਂ ਤੋਂ ਸ਼ੁਰੂਆਤ ਕਰੋ ਜੋ ਸਿੱਖਿਆਦਾਇਕ ਹੋਣ, ਪਰ ਨਾਲ ਹੀ ਮਨੋਰੰਜਕ ਅਤੇ ਆਸਾਨੀ ਨਾਲ ਉਪਲਬਧ ਵੀ ਹੋਣ, ਜਿਵੇਂ ਕੋਈ ਟੀਵੀ ਪ੍ਰੋਗਰਾਮ।
ਸ਼੍ਰੀਮਤੀ ਲਿਵਰਮੋਰ ਕਹਿੰਦੀ ਹੈ, “[NITV] ਕੋਲ ਕਈ ਤਰ੍ਹਾਂ ਦੇ ਪ੍ਰੋਗਰਾਮ ਹਨ, ਜਿਨ੍ਹਾਂ ਵਿੱਚ ਅਬੋਰਿਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੀਆਂ ਕਹਾਣੀਆਂ, ਸੱਭਿਆਚਾਰ, ਇਤਿਹਾਸ ਅਤੇ ਮੌਜੂਦਾ ਤਜਰਬੇ ਸਾਂਝੇ ਕੀਤੇ ਜਾਂਦੇ ਹਨ।”
ਜੇ ਤੁਸੀਂ ਸਟ੍ਰੀਮਿੰਗ ਨੂੰ ਤਰਜੀਹ ਦਿੰਦੇ ਹੋ ਤਾਂ [SBS On Demand] ’ਤੇ ਵੀ ਪਹਿਲੇ ਵਸਨੀਕਾਂ ਨਾਲ ਸਬੰਧਤ ਕਈ ਤਰ੍ਹਾਂ ਦੀ ਸਮੱਗਰੀ ਮੁਫ਼ਤ ਦੇਖੀ ਜਾ ਸਕਦੀ ਹੈ। ਇਸ ਵਿੱਚ ਬੱਚਿਆਂ ਲਈ ਐਨੀਮੇਟਿਡ ਲੜੀਆਂ, ਦਸਤਾਵੇਜ਼ੀ ਫ਼ਿਲਮਾਂ ਅਤੇ ਹੋਰ ਫ਼ਿਲਮਾਂ ਸ਼ਾਮਲ ਹਨ।
“ਤੁਸੀਂ ਛੋਟੇ ਬੱਚਿਆਂ ਲਈ ਅਜਿਹੀ ਸਮੱਗਰੀ ਚਾਹੁੰਦੇ ਹੋ ਜੋ ਸੌਖੀ ਅਤੇ ਦੋਸਤਾਨਾ ਹੋਵੇ। ਅਜਿਹੀ ਉਮਰ-ਮੁਤਾਬਕ ਸਮੱਗਰੀ ਚੁਣੋ ਜੋ ਅਬੋਰਿਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸੱਭਿਆਚਾਰਾਂ ਅਤੇ ਇਨ੍ਹਾਂ ਭਾਈਚਾਰਿਆਂ ਦੀ ਵਿਭਿੰਨਤਾ ਦਾ ਜਸ਼ਨ ਮਨਾਉਂਦੀ ਹੋਵੇ।
“ਇਹ ਇਸ ਦੇਸ਼ ਦੇ ‘ਪਹਿਲੇ ਲੋਕ ਕੌਣ ਹਨ?’ ਬਾਰੇ ਸਿੱਖਣ ਵੱਲ ਇੱਕ ਸਹਿਜ ਪਹਿਲਾ ਕਦਮ ਹੈ।”

ਅਬੋਰਿਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸੱਭਿਆਚਾਰ ਦਾ ਜਸ਼ਨ ਮਨਾਉਣ ਵਾਲੇ ਸਮਾਗਮ ਮੈਨੂੰ ਕਿਵੇਂ ਮਿਲ ਸਕਦੇ ਹਨ?
ਸਕਰੀਨ ਤੋਂ ਬਾਹਰ ਤੁਸੀਂ ਆਪਣੇ ਸਥਾਨਕ ਇਲਾਕੇ ਵਿੱਚ ਅਬੋਰਿਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਪਰਿਵਾਰ-ਮੁਤਾਬਕ ਸਮਾਗਮਾਂ ਅਤੇ ਗਤੀਵਿਧੀਆਂ ਦੀ ਭਾਲ ਕਰ ਸਕਦੇ ਹੋ। ਆਪਣੇ ਸਥਾਨਕ ਕੌਂਸਲ ਦੇ ਸਮਾਗਮਾਂ ਦੀ ਜਾਣਕਾਰੀ ਵੇਖੋ ਅਤੇ ਆਪਣੇ ਨੇੜਲੇ Local Aboriginal Land Council ਨਾਲ ਸੰਪਰਕ ਕਰਕੇ ਪਤਾ ਕਰੋ ਕਿ ਤੁਹਾਡੇ ਇਲਾਕੇ ਵਿੱਚ ਕੀ ਹੋ ਰਿਹਾ ਹੈ।
ਸ਼੍ਰੀਮਤੀ ਲਿਵਰਮੋਰ ਮੁਤਾਬਕ ਹਰ ਸਾਲ ਦੋ ਮੁੱਖ ਮੌਕੇ ਹੁੰਦੇ ਹਨ ਜਿਨ੍ਹਾਂ ’ਤੇ ਧਿਆਨ ਦੇਣਾ ਚਾਹੀਦਾ ਹੈ: ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਮਨਾਇਆ ਜਾਣ ਵਾਲਾ [NAIDOC Week] ਅਤੇ 27 ਮਈ ਤੋਂ 3 ਜੂਨ ਤੱਕ ਮਨਾਇਆ ਜਾਣ ਵਾਲਾ [National Reconciliation Week]।
ਸ਼੍ਰੀਮਤੀ ਲਿਵਰਮੋਰ ਕਹਿੰਦੀ ਹੈ, “ਇਨ੍ਹਾਂ ਮੌਕਿਆਂ ’ਤੇ ਮੈਨੂੰ ਅਜਿਹੇ ਬਹੁਤ ਸਾਰੇ ਲੋਕ ਮਿਲਦੇ ਹਨ ਜੋ ਇਸ ਦੇਸ਼ ਵਿੱਚ ਆ ਕੇ ਪਹਿਲੇ ਵਸਨੀਕਾਂ ਦੇ ਨਜ਼ਰੀਏ, ਕਲਾ, ਧਰਤੀ, ਲੋਕਾਂ ਅਤੇ ਸੱਭਿਆਚਾਰ ਬਾਰੇ ਸਿੱਖਦੇ ਹਨ।”
ਇਨ੍ਹਾਂ ਦਿਨਾਂ ਦੌਰਾਨ ਹੋਣ ਵਾਲੇ ਸਮਾਗਮਾਂ ਵਿੱਚ [Welcome to Country] ਵਿੱਚ ਸ਼ਾਮਲ ਹੋਣ ਦੇ ਮੌਕੇ ਵੀ ਮਿਲ ਸਕਦੇ ਹਨ ਅਤੇ ਇਹ ਸਮਝਣ ਵਿੱਚ ਮਦਦ ਮਿਲ ਸਕਦੀ ਹੈ ਕਿ ਇਹ [Acknowledgment of Country] ਤੋਂ ਕਿਵੇਂ ਵੱਖਰਾ ਹੈ।

ਕੀ ਬੱਚਿਆਂ ਲਈ ਆਸਟ੍ਰੇਲੀਆ ਦੇ ਮੂਲ ਵਸਨੀਕਾਂ ਬਾਰੇ ਆਨਲਾਈਨ ਸਿੱਖਿਆਦਾਇਕ ਸਮੱਗਰੀ ਉਪਲਬਧ ਹੈ?
ਤੁਹਾਡੇ ਬੱਚੇ ਨੂੰ ਪਹਿਲੇ ਵਸਨੀਕਾਂ ਦੇ ਇਤਿਹਾਸ, ਸੱਭਿਆਚਾਰ ਅਤੇ ਨਜ਼ਰੀਏ ਬਾਰੇ ਸਿਖਾਉਣ ਲਈ ਆਨਲਾਈਨ ਸਿੱਖਿਆਦਾਇਕ ਸਮੱਗਰੀ ਆਸਾਨੀ ਨਾਲ ਉਪਲਬਧ ਹੈ।
[SBS Learn] ’ਤੇ ਆਸਟ੍ਰੇਲੀਆਈ ਪਾਠਕ੍ਰਮ ਮੁਤਾਬਕ ਤਿਆਰ ਕੀਤੀ ਗਈ Foundation ਤੋਂ Year 12 ਤੱਕ ਦੀ ਕਈ ਤਰ੍ਹਾਂ ਦੀ ਸਮੱਗਰੀ ਮੌਜੂਦ ਹੈ, ਜਿਸ ਨੂੰ ਪਰਿਵਾਰ ਘਰ ਵਿੱਚ [ਦੇਖ ਅਤੇ ਸਮਝ ਸਕਦੇ ਹਨ]।
Reconciliation Australia ਵਿੱਚ ਸ਼੍ਰੀਮਤੀ ਲਿਵਰਮੋਰ [Narragunnawali: Reconciliation in Education] ਪ੍ਰੋਗਰਾਮ ਵਿੱਚ ਮੈਨੇਜਰ ਹਨ।
ਇਹ ਪ੍ਰੋਗਰਾਮ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਸਮੇਤ ਵੱਖ-ਵੱਖ ਭਾਈਚਾਰਕ ਮੈਂਬਰਾਂ ਨੂੰ ਸੁਲ੍ਹਾ-ਸਫਾਈ ਨਾਲ ਅਰਥਪੂਰਨ ਢੰਗ ਨਾਲ ਜੁੜਨ ਵਿੱਚ ਮਦਦ ਕਰਨ ਲਈ ਆਨਲਾਈਨ ਮਾਰਗਦਰਸ਼ਕ ਸਮੱਗਰੀ ਪ੍ਰਦਾਨ ਕਰਦਾ ਹੈ।
ਇਸ ਵਿੱਚ ਇਸ ਦੇਸ਼ ਦੇ ਪਹਿਲੇ ਵਸਨੀਕਾਂ ਦੀ ਨੁਮਾਇੰਦਗੀ ਕਰਨ ਵਾਲੇ [ਦੋ ਝੰਡਿਆਂ] ਬਾਰੇ ਸਿੱਖਣ ਤੋਂ ਲੈ ਕੇ ਸਥਾਨਕ ਅਬੋਰਿਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਭਾਈਚਾਰੇ ਨਾਲ [ਰਿਸ਼ਤੇ ਬਣਾਉਣ] ਬਾਰੇ ਮਾਰਗਦਰਸ਼ਨ ਤੱਕ ਕਈ ਉਦਾਹਰਨਾਂ ਸ਼ਾਮਲ ਹਨ।
ਸ਼੍ਰੀਮਤੀ ਲਿਵਰਮੋਰ ਦੱਸਦੀ ਹੈ, “ਇਹ ਤੁਹਾਨੂੰ ਰਿਸ਼ਤੇ ਬਣਾਉਣ ਦੇ ਤਰੀਕਿਆਂ ਬਾਰੇ ਗਤੀਵਿਧੀਆਂ ਜਾਂ ਵਿਚਾਰ ਦਿੰਦਾ ਹੈ। ਇਸ ਦਾ ਮਤਲਬ ਸਕੂਲ ਦੀਆਂ ਹੱਦਾਂ ਤੋਂ ਬਾਹਰ ਨਿਕਲ ਕੇ ਭਾਈਚਾਰਿਆਂ ਨਾਲ ਜੁੜਨਾ ਹੈ।”
ਪਰਿਵਾਰਕ ਯਾਤਰਾ ਦੌਰਾਨ ਅਸੀਂ ਪਹਿਲੇ ਵਸਨੀਕਾਂ ਦੇ ਸੱਭਿਆਚਾਰ ਨੂੰ ਕਿਵੇਂ ਜਾਣ ਸਕਦੇ ਹਾਂ?
ਆਪਣੇ ਬੱਚੇ ਨਾਲ ਯਾਤਰਾ ਕਰਨਾ ਆਸਟ੍ਰੇਲੀਆ ਦੇ ਮੂਲ ਵਸਨੀਕਾਂ ਬਾਰੇ ਇਕੱਠਿਆਂ ਹੋਰ ਸਿੱਖਣ ਦਾ ਇੱਕ ਹੋਰ ਮੌਕਾ ਹੋ ਸਕਦਾ ਹੈ।
Australian Institute of Aboriginal and Torres Strait Islander Studies [ (AIATSIS) Map of Indigenous Australia] ਦੀ ਵਰਤੋਂ ਕਰਕੇ ਤੁਸੀਂ ਉਸ ਇਲਾਕੇ ਨਾਲ ਜੁੜੇ ਅਬੋਰਿਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ, ਭਾਸ਼ਾਵਾਂ ਜਾਂ ਰਾਸ਼ਟਰ ਸਮੂਹਾਂ ਬਾਰੇ ਜਾਣ ਸਕਦੇ ਹੋ ਜਿੱਥੇ ਤੁਸੀਂ ਜਾ ਰਹੇ ਹੋ।
ਇਸ ਤੋਂ ਬਾਅਦ ਤੁਸੀਂ ਉੱਥੇ ਦੇ ਮਹੱਤਵਪੂਰਨ ਸਥਾਨਾਂ ਬਾਰੇ ਖੋਜ ਕਰ ਸਕਦੇ ਹੋ ਅਤੇ ਉੱਥੇ ਰਹਿੰਦੇ ਰਵਾਇਤੀ ਸਰਪ੍ਰਸਤਾਂ ਦੇ ਸੱਭਿਆਚਾਰ ਬਾਰੇ ਸਿੱਖਣਾ ਸ਼ੁਰੂ ਕਰ ਸਕਦੇ ਹੋ।
ਸ਼੍ਰੀਮਤੀ ਲਿਵਰਮੋਰ ਕਹਿੰਦੀ ਹੈ, “ਜੇ ਮੈਂ ਕਿਸੇ ਥਾਂ ਦੀ ਯਾਤਰਾ ਕਰ ਰਹੀ ਹੋਵਾਂ ਤਾਂ ਮੈਂ ਸ਼ਾਇਦ ਗੂਗਲ ’ਤੇ ਥੋੜ੍ਹੀ ਖੋਜ ਕਰਾਂਗੀ ਅਤੇ ਦੇਖਾਂਗੀ ਕਿ ਉੱਥੇ ਕਿਹੜੇ ਮਹੱਤਵਪੂਰਨ ਸਥਾਨ ਹਨ... ਅਤੇ ਇਹ ਵੀ ਪਤਾ ਕਰਾਂਗੀ ਕਿ ਉੱਥੇ ਮੈਂ ਕਿਹੜੀਆਂ ਅਬੋਰਿਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੀ ਹਾਂ।”

ਜੇ ਮੇਰੇ ਵੱਲੋਂ ਕੁਝ ਗ਼ਲਤ ਕਿਹਾ ਜਾਂ ਕੀਤਾ ਜਾਵੇ ਤਾਂ ਕੀ ਹੋਵੇਗਾ?
ਸ਼੍ਰੀਮਤੀ ਲਿਵਰਮੋਰ ਕਹਿੰਦੀ ਹੈ ਕਿ ਪਹਿਲੇ ਵਸਨੀਕਾਂ ਦੇ ਸੱਭਿਆਚਾਰ ਅਤੇ ਲੋਕਾਂ ਨਾਲ ਜੁੜਨ ਵਾਲੇ ਕਿਸੇ ਵੀ ਗੈਰ-ਮੂਲ ਵਸਨੀਕ ਲਈ ਗ਼ਲਤੀ ਹੋ ਜਾਣ ਦਾ ਡਰ ਆਮ ਅਤੇ ਸਮਝਣਯੋਗ ਹੈ।
“ਕੁਝ ਨਾ ਕਰਨ ਨਾਲੋਂ ਕੋਸ਼ਿਸ਼ ਕਰਨਾ ਬਿਹਤਰ ਹੈ।”
ਗ਼ਲਤੀਆਂ ਕਰਨਾ ਸਿੱਖਣ ਦੀ ਪ੍ਰਕਿਰਿਆ ਦਾ ਹਿੱਸਾ ਹੈ। ਮਿਸਾਲ ਵਜੋਂ, ਜੇ ਕਿਸੇ ਸਮਾਗਮ ਦੌਰਾਨ ਪਹਿਲੇ ਵਸਨੀਕਾਂ ਵਿੱਚੋਂ ਕੋਈ ਵਿਅਕਤੀ ਤੁਹਾਡੇ ਵੱਲੋਂ ਕੀਤੀ ਗ਼ਲਤੀ ਵੱਲ ਧਿਆਨ ਦਿਵਾਉਂਦਾ ਹੈ ਤਾਂ ਤੁਸੀਂ ਆਦਰ ਨਾਲ ਉਸ ਵਿਅਕਤੀ ਨਾਲ ਸੰਪਰਕ ਕਰਕੇ ਮਦਦ ਮੰਗ ਸਕਦੇ ਹੋ।
ਸ਼੍ਰੀਮਤੀ ਲਿਵਰਮੋਰ ਅੰਤ ਵਿੱਚ ਕਹਿੰਦੀ ਹੈ, “ਉਸ ਗੱਲਬਾਤ ਨੂੰ ਮੌਕਾ ਬਣਾਓ ਅਤੇ ਮਿਲ ਕੇ ਕੰਮ ਕਰੋ। ਪੁੱਛੋ, ‘ਮੈਥੋਂ ਕੀ ਗ਼ਲਤ ਹੋਇਆ ਅਤੇ ਤੁਸੀਂ ਇਸ ਨੂੰ ਸਮਝਣ ਵਿੱਚ ਮੇਰੀ ਕਿਵੇਂ ਮਦਦ ਕਰ ਸਕਦੇ ਹੋ?’... ਇਹ ਸਿੱਖਣ, ਪੁਰਾਣੀਆਂ ਧਾਰਨਾਵਾਂ ਨੂੰ ਸਮਝ ਕੇ ਛੱਡਣ ਅਤੇ ਮੁੜ ਸਿੱਖਣ, ਅਤੇ ਅਜਿਹੀਆਂ ਗੱਲਬਾਤਾਂ ਸ਼ੁਰੂ ਕਰਨ ਬਾਰੇ ਹੈ।”
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ।





