Watch FIFA World Cup 2026™

LIVE, FREE and EXCLUSIVE

ਨੈਸਲੇ ਆਸਟ੍ਰੇਲੀਆ ਵਲੋਂ ਸਿੱਖ ਡਰਾਈਵਰਾਂ ਲਈ ਲਾਜ਼ਮੀ ਕੀਤੇ ਹਾਰਡ-ਹੈਟ ਮਸਲੇ ਦਾ ਹਲ ਲਭਣ ਦਾ ਵਾਅਦਾ

Nestle

Turbaned Sikh drivers continue to be stopped from entering Nestle delivery sites; Nestle has now promised to accommodate their concerns Source: Supplied

ਨੈਸਲੇ ਆਸਟ੍ਰੇਲੀਆ ਨੂੰ ਡਲਿਵਰੀਆਂ ਕਰਨ ਵਾਲੇ ਸਿੱਖ ਡਰਾਈਵਰਾਂ ਦਾ ਕਹਿਣਾ ਹੈ ਕਿ ਅਜੇ ਵੀ ਉਹਨਾਂ ਨੂੰ ਹਾਰਡ-ਹੈਟ ਪਾਏ ਬਿਨਾਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਨੈਸਲੇ ਆਸਟ੍ਰੇਲੀਆ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਹੈ ਕਿ ਉਹ ਇਸ ਮਸਲੇ ਦਾ ਹਲ ਲਭਣ ਲਈ ਯਤਨਸ਼ੀਲ ਹੈ।


Published

By MP Singh

Source: SBS




Share this with family and friends


ਨੈਸਲੇ ਆਸਟ੍ਰੇਲੀਆ ਨੂੰ ਡਲਿਵਰੀਆਂ ਕਰਨ ਵਾਲੇ ਸਿੱਖ ਡਰਾਈਵਰਾਂ ਦਾ ਕਹਿਣਾ ਹੈ ਕਿ ਅਜੇ ਵੀ ਉਹਨਾਂ ਨੂੰ ਹਾਰਡ-ਹੈਟ ਪਾਏ ਬਿਨਾਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਨੈਸਲੇ ਆਸਟ੍ਰੇਲੀਆ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਹੈ ਕਿ ਉਹ ਇਸ ਮਸਲੇ ਦਾ ਹਲ ਲਭਣ ਲਈ ਯਤਨਸ਼ੀਲ ਹੈ।


ਮੈਲਬਰਨ ਦੇ ਇੱਕ ਟਰੱਕ ਡਰਾਇਵਰ ਨਰਿੰਦਰ ਸਿੰਘ ਵਿਰਕ ਨੇ ਫੋਨ ਤੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ, ‘ਜਦੋਂ ਮੈਂ ਸਿਡਨੀ ਵਿਚਲੇ ਨੈਸਲੇ ਦੇ ਇੱਕ ਵੇਅਰਹਾਊਸ ਤੋਂ ਮਾਲ ਲੱਦਣ ਗਿਆ ਤਾਂ ਮੈਨੂੰ ਬਿਨਾ ਹਾਰਡ-ਹੈਟ ਪਾਇਆਂ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਮੈਂ ਉਹਨਾਂ ਕੋਲੋਂ ਆਪਣੀ ਛੋਟੀ ਦਸਤਾਰ ਅਤੇ ਫੇਰ ਪਟਕੇ ਦੇ ਉਪਰ ਦੀ ਹਾਰਡ-ਹੈਟ ਪਾ ਕੇ ਅੰਦਰ ਜਾਣ ਦੀ ਇਜਾਜਤ ਮੰਗੀ ਪਰ ਉਹਨਾਂ ਨੇ ਉਹ ਵੀ ਠੁਕਰਾ ਦਿੱਤੀ’। 

ਐਸ ਬੀ ਐਸ ਪੰਜਾਬੀ ਵਲੋਂ ਪਹਿਲਾਂ ਸਾਂਝੀ ਕੀਤੀ ਜਾਣਕਾਰੀ ਵਿੱਚ ਇਹ ਦਸਿਆ ਗਿਆ ਸੀ ਕਿ ਇਹ ਮਸਲਾ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਉਭਰਿਆ ਹੈ, ਜਦਕਿ ਇਹੀ ਪਗੜੀਧਾਰੀ ਸਿੱਖ ਡਰਾਇਵਰ ਪਹਿਲਾਂ ਆਮ ਵਾਂਗ ਹੀ ਨੈਸਲੇ ਨਾਲ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕੰਮ ਕਰਦੇ ਰਹੇ ਸਨ। 

14 ਸਾਲਾਂ ਤੋਂ ਟਰੱਕ ਡਰਾਇਵਰੀ ਕਰ ਰਹੇ ਸ੍ਰੀ ਵਿਰਕ ਨੇ ਦਸਿਆ,‘ਪਿਛਲੇ 3-4 ਮਹੀਨਿਆਂ ਦੌਰਾਨ ਹੀ ਤਕਰੀਬਨ 30 ਤੋਂ 40 ਪਗੜੀਧਾਰੀ ਡਰਾਇਵਰਾਂ ਨੂੰ ਨੈਸਲੇ ਨੇ ਵਾਪਸ ਮੋੜਿਆ ਹੈ’। 

ਆਪਣੇ ਤਜਰਬੇ ਬਾਰੇ ਦਸਦੇ ਹੋਏ ਨਰਿੰਦਰ ਸਿੰਘ ਵਿਰਕ ਨੇ ਕਿਹਾ,‘ਮੈਂ ਮੈਲਬਰਨ ਤੋਂ ਲੰਬੀ ਡਰਾਈਵ ਕਰਕੇ ਸਿਡਨੀ ਮਾਲ ਪਹੁੰਚਾਉਣ ਗਿਆ ਸੀ। ਵਾਪਸੀ ਤੇ ਮੈਨੂੰ ਨੈਸਲੇ ਦੇ ਇੱਕ ਵੇਅਰਹਾਊਸ ਤੋਂ ਮਾਲ ਚੁੱਕਣ ਲਈ ਕਿਹਾ ਗਿਆ। ਪਰ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਨੂੰ ਸਿਕਿਉਰਿਟੀ ਗਾਰਡ ਨੇ ਬਾਹਰ ਹੀ ਰੋਕ ਦਿੱਤਾ ਕਿਉਂਕਿ ਮੈਂ ਹਾਰਡ-ਹੈਟ ਨਹੀਂ ਸੀ ਪਾਈ ਹੋਈ।‘

‘ਆਮ ਤੌਰ ਤੇ ਲੰਬੀਆਂ ਯਾਤਰਾਵਾਂ ਸਮੇਂ ਮੈਂ ਛੋਟੀ ਦਸਤਾਰ ਹੀ ਬੰਨਦਾ ਹਾਂ ਅਤੇ ਮੈਂ ਉਹਨਾਂ ਕੋਲੋਂ ਉਸ ਦੇ ਉਪਰ ਦੀ ਹਾਰਡ ਹੈਟ ਪਾ ਕੇ ਅੰਦਰ ਜਾਣ ਦੀ ਇਜਾਜਤ ਮੰਗੀ, ਜੋ ਕਿ ਉਹਨਾਂ ਨੇ ਠੁਕਰਾ ਦਿੱਤੀ। ਅੰਤ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਕ ਪਟਕੇ ਨਾਲ ਆਪਣਾ ਸਿਰ ਢੱਕ ਕੇ ਹਾਰਡ ਹੈਟ ਪਾ ਲੈਂਦਾ ਹਾਂ, ਪਰ ਉਹਨਾਂ ਕਿਹਾ ਕਿ ਉਹ ਕਿਸੇ ਵੀ ਕਪੜੇ ਦੇ ਉਪਰ ਦੀ ਹਾਰਡ ਹੈਟ ਪਾਏ ਹੋਏ ਨੂੰ ਇਜਾਜਤ ਨਹੀਂ ਦੇ ਸਕਦੇ’। 

‘ਪਰਨੇ ਅਤੇ ਪਟਕੇ ਦੇ ਉਪਰ ਹਾਰਡ ਹੈਟ ਪੂਰੀ ਤਰਾਂ ਨਾਲ ਫਿੱਟ ਵੀ ਹੋ ਗਿਆ ਸੀ’।

ਇਸੀ ਤਰਾਂ ਦਾ ਵਰਤਾਰਾ ਸ਼੍ਰੀ ਵਿਰਕ ਨਾਲ ਮੈਲਬਰਨ ਵਿੱਚ ਵੀ ਹੋਇਆ ਜਿਸ ਕਾਰਨ ਉਹਨਾਂ ਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਬਹੁਤ ਸਾਰੇ ਪਗੜੀਧਾਰੀ ਵਿਕਟੋਰੀਆ ਵਿੱਚ ਟਰੱਕ ਡਰਾਇਵਰੀ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਵਿੱਚੋਂ ਕਿਸੇ ਨੇ ਵੀ ਇਸ ਨੂੰ ਨਹੀਂ ਸੀ ਉਭਾਰਿਆ। 

‘ਜਦੋਂ ਮੈਂ ਨੈਸਲੇ ਦੇ ਮੈਲਬਰਨ ਸਟੋਰ ਵਿੱਚ ਗਿਆ ਤਾਂ ਸਿਕਿਉਰਿਟੀ ਅਫਸਰ ਨੇ ਮੈਨੂੰ ਕਿਹਾ ਕਿ ਮੈਂ ਆਪਣੀ ਪਗੜੀ ਉਤਾਰ ਕਿ ਆਵਾਂ। ਜਦੋਂ ਮੈਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ‘ਇਹ ਕੰਪਨੀ ਦਾ ਨਵਾਂ ਕਾਨੂੰਨ ਹੈ’। 

‘ਮੈਂ ਉਸ ਨੂੰ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ, ਜਿਸ ਦੇ ਜਵਾਬ ਵਿੱਚ ਉਸ ਨੇ ਇੱਕ ਦਰਵਾਜੇ ਦੇ ਪਿਛਲੇ ਪਾਸੇ ਚਿਪਕਾਏ ਹੋਏ ਨੋਟਿਸ ਵੱਲ ਇਸ਼ਾਰਾ ਕਰ ਦਿੱਤਾ। ਮੈਂ ਉਸ ਦੀ ਫੋਟੋ ਖਿੱਚ ਲਈ ਅਤੇ ਵਾਪਸ ਚਲ ਪਿਆ’। 

‘ਰਸਤੇ ਵਿੱਚ ਹੀ ਮੈਂ ਆਪਣੀ ਟਰੱਕ ਕੰਪਨੀ ਨੂੰ ਇਸ ਬਾਰੇ ਸੁਨੇਹਾ ਭੇਜ ਦਿਤਾ’। 

‘ਪਰ ਉਸ ਟਰੱਕ ਕੰਪਨੀ ਦੇ ਇੱਕ ਵਕਤਾ ਨੇ ਵੀ ਮੈਨੂੰ ਜਦੋਂ ਇਹ ਕਿਹਾ ਕਿ ‘ਇੱਕ ਡਲਿਵਰੀ ਕਾਰਨ ਮੈਂ ਆਪਣੀ ਪੱਗ ਕਿਉਂ ਨਹੀਂ ਉਤਾਰ ਸਕਦਾ’ ਤਾਂ ਮੈਨੂੰ ਸਖਤ ਦੁੱਖ ਹੋਇਆ’। 

ਇਸ ਮਸਲੇ ਉਤੇ ਕਾਫੀ ਸੰਜੀਦਾ ਹੋਏ ਸ਼੍ਰੀ ਵਿਰਕ ਨੇ ਐਸ ਬੀ ਐਸ ਪੰਜਾਬੀ ਨੂੰ ਕਿਹਾ ਕਿ, ‘ਅਗਰ ਇਹ ਵਰਤਾਰਾ ਇਸੀ ਤਰਾਂ ਚਲਦਾ ਰਿਹਾ ਅਤੇ ਬਾਕੀ ਦੀਆਂ ਕੰਪਨੀਆਂ ਨੇ ਵੀ ਇਸ ਨੂੰ ਨੈਸਲੇ ਦੀ ਤਰਜ਼ ਤੇ ਹੀ ਅਪਣਾ ਲਿਆ ਤਾਂ ਬਹੁਤ ਸਾਰੇ ਸਿੱਖ ਪਗੜੀਧਾਰੀ ਟਰੱਕ ਡਰਾਇਵਰਾਂ ਦੀ ਨੌਕਰੀ ਖੁੱਸ ਜਾਵੇਗੀ’।

ਐਸ ਬੀ ਐਸ ਪੰਜਾਬੀ ਨੇ ਇਸ ਮਸਲੇ ਨੂੰ ਦੂਜੀ ਵਾਰੇ ਇਸੀ ਹਫਤੇ ਨੈਸਲੇ ਕੋਲ ਚੁੱਕਿਆ ਅਤੇ ਜਵਾਬ ਵਿੱਚ ਕਿਹਾ ਗਿਆ ਕਿ ਉਹ ਇਸ ਮਸਲੇ ਬਾਰੇ ਗੰਭੀਰ ਹਨ ਅਤੇ ਇਸ ਦੇ ਹਲ ਬਾਰੇ ਕਾਰਜਸ਼ੀਲ ਹਨ। 

ਨੈਸਲੇ ਵਕਤਾ ਨੇ ਦਸਿਆ ਕਿ, ‘ਸਾਨੂੰ ਗਿਆਨ ਹੈ ਕਿ ਸਾਡੇ ਕਈ ਵੇਅਰਹਾਊਸਾਂ ਵਿੱਚ ਆਉਣ ਵਾਲੇ ਸਿੱਖ ਯਾਤਰੀਆਂ ਨੂੰ ਹਾਰਡ ਹੈਟ ਮਸਲੇ ਕਾਰਨ ਦਿੱਕਤ ਆ ਰਹੀ ਹੈ, ਅਤੇ ਅਸੀਂ ਇਸ ਦਾ ਹਲ ਲਭਣ ਦੀ ਕੋਸ਼ਿਸ਼ ਕਰ ਰਹੇ ਹਾਂ’।

ਨੈਸਲੇ ਨੇ ਇਸ ਦੇ ਹਲ ਲਈ ਸੁਝਾਵਾਂ ਦਾ ਵੀ ਸਵਾਗਤ ਕੀਤਾ ਹੈ। 

‘ਆਸਟ੍ਰੇਲੀਆ ਦੇ ਓ ਐਚ ਐਸ ਵਾਲੇ ਕਾਨੂੰਨ ਸੁਰੱਖਿਆ ਦੇ ਮੱਦੇਨਜ਼ਰ ਸਾਨੂੰ ਇਹ ਇਜਾਜਤ ਨਹੀਂ ਦਿੰਦੇ ਕਿ ਹਾਰਡ ਹੈਟ ਤੋਂ ਬਿਨਾਂ ਮਾਲ ਲੱਦਣ ਜਾਂ ਲਾਹੁਣ ਦਿੱਤਾ ਜਾਵੇ, ਬੇਸ਼ਕ ਇਹ ਧਾਰਮਿਕ ਕਾਰਨ ਹੀ ਕਿਉਂ ਨਾ ਹੋਣ। ਪਰ ਫੇਰ ਵੀ ਅਸੀਂ ਕਾਨੂੰਨੀ ਸਲਾਹ ਲੈ ਰਹੇ ਹਾਂ ਤਾਂ ਕਿ ਇਸ ਮਸਲੇ ਦਾ ਹੱਲ ਲੱਭਿਆ ਜਾ ਸਕੇ। ਇਸ ਲਈ ਅਸੀਂ ਉਸਾਰੂ ਸੁਝਾਵਾਂ ਦਾ ਸਵਾਗਤ ਵੀ ਕਰਦੇ ਹਾਂ’। 

ਵਕਤਾ ਨੇ ਇਹ ਵੀ ਮੰਨਿਆ ਕਿ ‘ਨੈਸਲੇ ਦੇ ਹੋਰਨਾਂ ਦੇਸ਼ਾਂ ਵਿਚਲੇ ਕੇਂਦਰਾਂ ਵਿੱਚ ਪਗੜੀਧਾਰੀ ਸਿੱਖ ਡਰਾਇਵਰਾਂ ਨੂੰ ਬਗੈਰ ਹਾਰਡ-ਹੈਟ ਦੇ ਕੰਮ ਕਰਨ ਦੀ ਇਜਾਜਤ ਦਿੱਤੀ ਹੋਈ ਹੈ। ਸਾਨੂੰ ਪਤਾ ਹੈ ਕਿ ਸਿੱਖ ਭਾਈਚਾਰੇ ਵਲੋਂ ਅਜਿਹੇ ਮਸਲਿਆਂ ਤੇ ਆਸਟ੍ਰੇਲੀਅਨ ਸਰਕਾਰ ਨਾਲ ਪਹਿਲਾਂ ਹੀ ਰਾਬਤਾ ਕਾਇਮ ਕੀਤਾ ਹੋਇਆ ਹੈ ਅਤੇ ਅਸੀਂ ਵੀ ਸੋਚਦੇ ਹਾਂ ਇਸ ਮਸਲੇ ਨੂੰ ਸੁਹਿਦਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।' 

ਇਸ ਮਸਲੇ ਦੇ ਹਲ ਵਾਸਤੇ ਲਗਣ ਵਾਲੇ ਸਮੇਂ ਬਾਰੇ ਨੈਸਲੇ ਨੇ ਕੁੱਝ ਨਹੀਂ ਕਿਹਾ। 

ਇਸ ਸਮੇਂ ਸਿੱਖ ਭਾਈਚਾਰੇ ਵਲੋਂ ਵੀ ਇਸ ਮਸਲੇ ਦੇ ਹਲ ਲਈ ਯਤਨ ਕੀਤੇ ਜਾ ਰਹੇ ਹਨ। 

ਸ਼੍ਰੀ ਵਿਰਕ ਨੇ ਦਸਿਆ ਕਿ,‘ਭਾਈਚਾਰੇ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪਰ ਮੈਨੂੰ ਅਫਸੋਸ ਹੈ ਕਿ ਬਹੁਤ ਹੀ ਘੱਟ ਸਿੱਖ ਡਰਾਇਵਰ ਇਸ ਦੇ ਹੱਲ ਲਈ ਅੱਗੇ ਆਏ ਹਨ। ਮੈਂ ਯੂਨਾਇਟੇਡ ਸਿੱਖਸ ਦੇ ਸੱਦੇ ਤੇ ਮੈਲਬਰਨ ਦੇ ਮੀਰੀ-ਪੀਰੀ ਗੁਰੂਦੁਆਰਾ ਸਾਹਿਬ ਗਿਆ ਸੀ ਜਿੱਥੇ ਇਸ ਮਸਲੇ ਨੂੰ ਕਾਨੂੰਨੀ ਤੌਰ ਤੇ ਨਜਿੱਠਣ ਦਾ ਯਕੀਨ ਦਵਾਇਆ ਗਿਆ ਸੀ’।

ਨਾਲ ਹੀ ਉਹਨਾਂ ਕਿਹਾ ਕਿ,‘ਵਿਕਟੋਰੀਅਨ ਸਿੱਖ ਗੁਰੂਦੁਆਰਾ ਕਾਂਉਂਸਲ ਨੇ ਵੀ ਉਹਨਾਂ ਨਾਲ ਸੰਪਰਕ ਕੀਤਾ ਹੈ’। 

ਐਸ ਬੀ ਐਸ ਪੰਜਾਬੀ ਨੇ ਵਰਕ- ਸੇਫ ਵਿਕਟੋਰੀਆ ਅਤੇ ਸੇਫ- ਵਰਕ ਨਿਊ ਸਾਊਥ ਵੇਲਸ ਨੂੰ ਵੀ ਸੰਪਰਕ ਕੀਤਾ ਹੈ ਅਤੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। 

Listen to SBS Punjabi Monday to Friday at 9 pm. Follow us on Facebook and Twitter.

 

 

 


Latest podcast episodes

Follow SBS Punjabi

Download our apps

Watch on SBS

Punjabi News

Watch now