ਸੁਪਰਐਨੂਏਸ਼ਨ, ਜਾਂ ਸੁਪਰ, ਪੈਸੇ ਦੀ ਬਚਤ ਕਰਨ ਦਾ ਇੱਕ ਤਰੀਕਾ ਹੈ ਜੋ ਤੁਸੀਂ ਨੌਕਰੀ ਕਰਨ ਦੌਰਾਨ ਕਰਦੇ ਹੋ। ਰਿਟਾਇਰਮੈਂਟ ਪਿੱਛੋਂ ਤੁਹਾਡੀ ਜੀਵਨਸ਼ੈਲੀ ਕਾਫੀ ਹੱਦ ਤੱਕ ਇਸ ਬੱਚਤ 'ਤੇ ਨਿਰਭਰ ਕਰਦੀ ਹੈ।
ਆਮ ਤੌਰ 'ਤੇ, ਜੇ ਤੁਹਾਡੀ ਨੌਕਰੀ ਹੈ ਤਾਂ ਤੁਹਾਡੇ ਰੁਜ਼ਗਾਰਦਾਤਾ ਨੂੰ ਤਨਖਾਹ ਜਾਂ ਇਵਜ਼ਾਨੇ ਦਾ ਘੱਟੋ-ਘੱਟ 9.5 ਪ੍ਰਤੀਸ਼ਤ ਸੁਪਰ ਵਿਚ ਰੱਖਣਾ ਪਵੇਗਾ। ਇਸ ਨੂੰ ਸੁਪਰ ਗਾਰੰਟੀ ਕਿਹਾ ਜਾਂਦਾ ਹੈ ਅਤੇ ਇਹ ਕਾਨੂੰਨ ਹੈ। ਇਸ ਗੱਲ ਦਾ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਪੂਰਾ ਸਮਾਂ, ਪਾਰਟ ਟਾਈਮ, ਜਾਂ ਕਿਸੇ ਹੋਰ ਢੰਗ ਨਾਲ ਕੰਮ ਕਰਦੇ ਹੋ ਅਤੇ ਭਾਵੇਂ ਤੁਹਾਡੇ ਕੋਲ਼ ਕੋਈ ਅਸਥਾਈ ਵੀਜ਼ਾ ਹੈ।
ਸੁਪਰ ਨੂੰ ਤੇਜ਼ੀ ਨਾਲ਼ ਵਧਾਉਣ ਲਈ ਤੁਸੀਂ ਆਪਣਾ ਖੁਦ ਦਾ ਪੈਸਾ ਵੀ ਇਸ ਵਿੱਚ ਸ਼ਾਮਿਲ ਕਰ ਸਕਦੇ ਹੋ ਅਤੇ ਜੇ ਤੁਸੀਂ ਇੱਕ ਛੋਟੇ ਕਾਰੋਬਾਰੀ ਹੋ ਤਾਂ ਤੁਸੀਂ ਆਪਣੇ ਭਵਿੱਖ ਲਈ ਆਪਣੇ ਆਪ ਵੀ ਇਸ ਵਿੱਚ ਨਿਵੇਸ਼ ਕਰ ਸਕਦੇ ਹੋ।
ਜ਼ਿਆਦਾਤਰ ਲੋਕ ਇਹ ਚੋਣ ਕਰ ਸਕਦੇ ਹਨ ਕਿ ਆਪਣੇ ਸੁਪਰ ਦੇ ਭੁਗਤਾਨ ਲਈ ਉਹ ਕਿਹੜਾ ਸੁਪਰ ਫੰਡ ਚਾਹੁੰਦੇ ਹਨ। ਜੇ ਤੁਸੀਂ ਇਹ ਚੋਣ ਨਹੀਂ ਕਰਦੇ, ਤਾਂ ਇਹ ਤੁਹਾਡੇ ਰੁਜ਼ਗਾਰਦਾਤਾ ਦੀ ਜਿੰਮੇਵਾਰੀ ਬਣ ਜਾਂਦੀ ਹੈ।
ਜੇਕਰ ਤੁਹਾਡੇ ਕੋਲ ਇੱਕ ਤੋਂ ਵੱਧ ਸੁਪਰ ਫੰਡ ਖਾਤੇ ਹਨ ਤਾਂ ਤੁਸੀਂ ਉਨ੍ਹਾਂ ਦੀਆਂ ਬੇਲੋੜੀਆਂ ਫੀਸਾਂ ਤੋਂ ਬਚਣ ਲਈ ਉਨ੍ਹਾਂ ਨੂੰ ਇੱਕ ਕਰ ਸਕਦੇ ਹੋ ਅਤੇ ਵੈਸੇ ਵੀ ਇਸ ਨਾਲ ਸੁਪਰ ਬਾਰੇ ਟਰੈਕ ਰੱਖਣਾ ਆਸਾਨ ਹੋ ਜਾਂਦਾ ਹੈ।
ਪਹਿਲਾਂ ਤਾਂ ਇਹੀ ਜਾਂਚ ਕਰੋ ਕਿ ਕੀ ਤੁਸੀਂ ਸੁਪਰ ਦੇ ਹੱਕਦਾਰ ਹੋ। ਤੁਸੀਂ ਸਾਡੀ ਵੈਬਸਾਈਟ ਅਤੇ ਹੋਰ ਔਨਲਾਈਨ ਟੂਲਸ ਤੇ ਕੈਲਕੁਲੇਟਰਾਂ ਦੀ ਵਰਤੋਂ ਕਰਕੇ ਜਾਣ ਸਕਦੇ ਹੋ ਕਿ ਤੁਹਾਡੇ ਰੁਜ਼ਗਾਰਦਾਤਾ ਨੂੰ ਕਿੰਨੀ ਅਦਾਇਗੀ ਕਰਨੀ ਚਾਹੀਦੀ ਹੈ।
ਫਿਰ ਆਪਣੇ ਰੁਜ਼ਗਾਰਦਾਤਾ ਤੋਂ ਪੁੱਛੋ ਕਿ ਅਸਲ ਵਿੱਚ ਉਨ੍ਹਾਂ ਨੇ ਕਿੰਨਾ ਭੁਗਤਾਨ ਕੀਤਾ ਹੈ। ਇਸ ਤੋਂ ਬਾਅਦ ਤੁਹਾਡਾ ਸੁਪਰ ਫੰਡ ਤੁਹਾਨੂੰ ਇਹ ਦੱਸਣ ਦੇ ਯੋਗ ਹੋਵੇਗਾ ਕਿ ਉਨ੍ਹਾਂ ਵੱਲੋਂ ਇਹ ਭੁਗਤਾਨ ਪ੍ਰਾਪਤ ਕੀਤਾ ਗਿਆ ਹੈ ਜਾਂ ਨਹੀਂ।
ਜੇ ਤੁਹਾਡੇ ਸੁਪਰ ਦੀ ਠੀਕ ਤਰ੍ਹਾਂ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ ਤਾਂ ਅਸੀਂ ਤੁਹਾਡੀ ਮਦਦ ਲਈ ਹਾਜ਼ਿਰ ਹਾਂ। ਤੁਸੀਂ ਸਾਡੇ ਜ਼ਰੀਏ ਜਾਂਚ ਕਰਵਾ ਸਕਦੇ ਹੋ। ਇਸ ਸਬੰਧੀ ਸਾਡੀ ਵੈਬਸਾਈਟ 'ਤੇ ਲੋੜੀਂਦੇ ਵੇਰਵੇ ਹਨ - www.ato.gov.au/unpaid super

ਆਮ ਤੌਰ 'ਤੇ ਜਦੋਂ ਤੁਸੀਂ ਰਿਟਾਇਰਮੈਂਟ' ਵਾਲ਼ੀ ਉਮਰ 'ਤੇ ਆ ਜਾਂਦੇ ਹੋ ਤਾਂ ਹੀ ਤੁਸੀਂ ਆਪਣੇ ਸੁਪਰ ਨੂੰ ਵਰਤ ਸਕਦੇ ਹੋ।
ਕੁਝ ਬਹੁਤ ਹੀ ਸੀਮਤ ਹਾਲਾਤ ਹਨ ਜਿੱਥੇ ਤੁਸੀਂ ਆਪਣੇ ਸੁਪਰ ਨੂੰ ਸ਼ੁਰੂਆਤੀ ਸਮੇਂ ਦੌਰਾਨ ਵਾਪਸ ਲੈਣ ਦੇ ਯੋਗ ਹੋ ਸਕਦੇ ਹੋ। ਇਸ ਵੇਰਵੇ ਲਈ ato.gov.au/earlydashrelease 'ਤੇ ਜਾਓ।
ਉਹਨਾਂ ਯੋਜਨਾਵਾਂ ਤੋਂ ਖ਼ਬਰਦਾਰ ਰਹੋ ਜਿਹੜੀਆਂ ਤੁਹਾਡੇ ਸੁਪਰ ਨੂੰ ਛੇਤੀ ਕਢਾਉਣ ਵਿੱਚ ਮੱਦਤ ਕਰਨ ਦਾ ਦਾਅਵਾ ਕਰਦੀਆਂ ਹਨ। ਉਹ ਗ਼ੈਰਕਾਨੂੰਨੀ ਹੋ ਸਕਦੀਆਂ ਹਨ ਅਤੇ ਸੁਪਰ ਪਹਿਲਾਂ ਕਢਾਉਣ ਦੇ ਚੱਕਰ ਵਿੱਚ ਗੰਭੀਰ ਜ਼ੁਰਮਾਨਾ ਲਾਗੂ ਹੋ ਸਕਦਾ ਹੈ। ਜੇ ਤੁਸੀਂ ਕਿਸੇ ਅਜਿਹੀ ਯੋਜਨਾ ਬਾਰੇ ਕਿਸੇ ਨਾਲ਼ ਸੰਪਰਕ ਕਰ ਰਹੇ ਹੋ, ਤਾਂ ਪਹਿਲਾਂ ਸਾਡੇ ਨਾਲ਼ ਸਲਾਹ ਜ਼ਰੂਰ ਕਰੋ ਅਤੇ ਯਕੀਨੀ ਬਣਾਓ ਕਿ ਤੁਹਾਡਾ ਸੁਪਰ ਸੁਰੱਖਿਅਤ ਹੈ।
ਜੇ ਤੁਸੀਂ ਇੱਕ ਅਸਥਾਈ ਨਿਵਾਸੀ ਹੋ, ਤੁਸੀਂ ਆਸਟਰੇਲੀਆ ਛੱਡਣ ਤੋਂ ਬਾਅਦ, ਵੀਜ਼ੇ 'ਤੇ ਲੱਗੀ ਰੋਕ ਦੇ ਚਲਦਿਆਂ, ਆਪਣਾ ਸੁਪਰ ਵਾਪਿਸ ਲੈ ਸਕਦੇ ਹੋ। ਇਸ ਅਦਾਇਗੀ ਦਾ ਵੇਰਵਾ www.ato.gov.au/dasp 'ਤੇ ਉਪਲਬਧ ਹੈ।
ਸੁਪਰ ਬਾਰੇ ਜਾਣਕਾਰੀ ਵੱਖ-ਵੱਖ ਭਾਸ਼ਾਵਾਂ ਵਿੱਚ ਇਸ ਵੈਬਸਾਈਟ 'ਤੇ ਉਪਲਬਧ ਹੈ - ato.gov.au/other languages
ਜਾਂ ਤੁਸੀਂ ਟ੍ਰਾਂਸਲੇਟਿੰਗ ਅਤੇ ਇੰਟਰਪਰੇਟਿੰਗ ਸਰਵਿਸ ਨੂੰ 13 14 50 'ਤੇ ਫੋਨ ਕਰਕੇ 13 10 20 ਉਪਰ ਆਪਣੀ ਮੂਲ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰ ਸਕਦੇ ਹੋ।
Listen to SBS Punjabi Monday to Friday at 9 pm. Follow us on Facebook and Twitter.




