ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਦੇ ਨਾਂ ਤੇ ਵੱਜਦੀਆਂ ਠੱਗੀਆਂ ਨੂੰ ਨੱਥ ਪਾਉਣ ਲਈ ਡਿਪਾਰਟਮੈਂਟ ਜਾਗਰੂਕਤਾ ਲਈ ਉਪਰਾਲੇ ਕਰ ਰਿਹਾ ਹੈ।
ਏ ਟੀ ਓ ਦੀ ਸਲਾਹ ਹੈ ਕਿ ਜੇ ਸ਼ੱਕ ਹੋਵੇ ਤਾਂ ਫੋਨ ਕੱਟ ਦਿਓ ਜਾਂ ਈ-ਮੇਲ ਡਲੀਟ ਕਰ ਦਿਓ ਅਤੇ ਫਿਰ ਇਸ ਲਿੰਕ ਤੇ ਜਾਓ। ਇਥੇ ਤੁਹਾਨੂੰ ਅਸਲ ਜਿੰਦਗੀ ਦੀਆਂ ਹੋਰ ਘਟਨਾਵਾਂ ਮਿਲਣਗੀਆਂ ਜੋ ਇਸ ਵੇਲੇ ਵਾਪਰ ਰਹੀਆਂ ਹਨ। ਇਸ ਨਾਲ ਤੁਸੀਂ ਜਾਣੂ ਹੋ ਜਾਓਗੇ ਕਿ ਠੱਗ ਤੁਹਾਡੀ ਜਾਣਕਾਰੀ ਜਾਂ ਪੈਸੇ ਚੋਰੀ ਕਰਨ ਲਈ ਕਿਸ ਕਿਸਮ ਦੀਆਂ ਗੱਲਾਂ ਜਾਂ ਕੰਮ ਕਰ ਸਕਦੇ ਨੇ।
ਕਾਫੀ ਸਾਰੀਆਂ ਠੱਗੀਆਂ ਵਿੱਚ ਠੱਗ ਫੋਨ ਕਰਕੇ ਕਹਿੰਦੇ ਨੇ ਕਿ ਤੁਹਾਡੀ ਟੈਕਸ ਦੀ ਦੇਣਦਾਰੀ ਹੈ ਅਤੇ ਇਸਦਾ ਭੁਗਤਾਨ ਉਹ ਆਈਟਿਊਨਜ਼ ਕਾਰਡ ਜ਼ਰੀਏ ਕਰਨ ਲਈ ਆਖਦੇ ਹਨ।
ਇਸ ਆਡੀਓ ਇੰਟਰਵਿਊ ਵਿੱਚ ਜਗਜੀਤ ਸਿੰਘ, ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਵੱਲੋ ਸੁਝਾ ਦੇ ਰਹੇ ਹਨ ਕਿ ਕਿਵੇਂ ਏ ਟੀ ਓ ਦਾ ਭੁਲੇਖਾ ਪਾਉਂਦੇ ਠੱਗਾਂ ਨੂੰ ਪਛਾਣਨਾ ਹੈ ਤੇ ਫਿਰ ਕੀ ਕਰਨਾ ਹੈ।
ਉਦਾਹਰਣ ਦੇ ਤੌਰ ਤੇ, ਇੱਕ ਗੁੱਸੇਲੀ ਆਵਾਜ਼ ਵਾਲੇ ਜੇਸਨ ਨਾਂ ਦੇ ਵਿਅਕਤੀ ਨੇ ਫੋਨ ਕਰਕੇ ਮੈਰੀ ਨੂੰ ਆਖਿਆ ਕਿ ਉਹ ਏਟੀਓ ਤੋਂ ਹੈ। ਉਸਨੇ ਮੈਰੀ ਨੂੰ ਕਿਹਾ ਕਿ ਉਸਦੀ ਟੈਕਸ ਦੀ ਦੇਣਦਾਰੀ ਹੈ ਤੇ ਜੇ ਉਹ ਯਕ'ਦੱਮ ਇਸਦਾ ਭੁਗਤਾਨ ਨਹੀਂ ਕਰਦੀ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

Jagjit Singh, Community Relations Officer, ATO Source: Supplied
ਜੇਸਨ ਨੇ ਆਖਿਆ ਕਿ ਉਸਨੂੰ ਆਈਟਿਊਨਜ਼ ਗਿਫ਼੍ਟ ਕਾਰਡ ਜ਼ਰੀਏ ਹੁਣੇ ਹੀ ਭੁਗਤਾਨ ਕਰਨਾ ਪਵੇਗਾ ਉਹ ਫੋਨਲਾਈਨ ਤੇ ਬਣਿਆ ਰਿਹਾ ਜਦਕਿ ਮੈਰੀ ਨੇ ਕੋਲਜ਼ ਜਾਕੇ ਪੰਜ ਸੌ ਡਾਲਰ ਦੀ ਕੀਮਤ ਦਾ ਆਈਟਿਊਨਜ਼ ਕਾਰਡ ਖਰੀਦਿਆ ਤੇ ਮੁੜਦੇ ਹੀ ਉਸਦੇ ਵੇਰਵੇ ਫੋਨ ਤੇ ਆ ਸਾਂਝੇ ਕੀਤੇ। ਮੈਰੀ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਜੇਸਨ ਏਟੀਓ ਤੋਂ ਨਹੀਂ ਸੀ।
ਇਹੋ ਜਿਹੀ ਫੋਨਕਾਲ ਕੱਟ ਦੇਣਾ ਠੀਕ ਹੋਵੇਗਾ ਜੇ ਤੁਹਾਨੂੰ ਇਹ ਸਪੱਸ਼ਟ ਨਹੀਂ ਕਿ ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੇ ਹੋ ਉਹ ਏ ਟੀ ਓ ਤੋਂ ਈ ਹੈ। ਤੁਸੀ ਏ ਟੀ ਓ ਨੂੰ 1800 008 540 ਉੱਤੇ ਸੋਮ ਤੋਂ ਸ਼ੁਕਰਵਾਰ ਸਵੇਰੇ ੮ ਵਜੇ ਤੋਂ ਸ਼ਾਮ ਦੇ ੬ ਵਜੇ ਦੇ ਵਿਚਕਾਰ ਫੋਨ ਕਰਕੇ ਪੁੱਛ ਸਕਦੇ ਹੋ ਕਿ ਕੀ ਇਹ ਫੋਨਕਾਲ ਵਾਕਈ ਏ ਟੀ ਓ ਤੋਂ ਸੀ।
ਯਾਦ ਰੱਖੋ, ਏ ਟੀ ਓ ਟੈਕਸ ਦੀ ਭਰਪਾਈ ਲਈ ਭੁਗਤਾਨ ਦੇ ਅਸਧਾਰਨ ਢੰਗ ਤਰੀਕੇ ਜਿਵੇਂਕਿ ਤੋਹਫੇ, ਕਾਰਡ, ਬਿੱਟਕੋਇਨ ਜਾਂ ਪਹਿਲਾਂ ਤੋਂ ਈ ਭੁਗਤਾਨ-ਸ਼ੁਦਾ ਵੀਜ਼ਾ ਕਾਰਡ ਵਰਤੋਂ ਚ' ਲਿਆਉਣ ਲਈ ਕਦੇ ਵੀ ਨਹੀਂ ਕਹਿੰਦਾ।
ਟੈਕਸ ਸਬੰਧੀ ਆਮ ਜਾਣਕਾਰੀ ਵੱਖੋ-ਵੱਖਰੀਆਂ ਬੋਲੀਆਂ ਵਿੱਚ ato.gov.au/otherlanguages ਤੋਂ ਲਈ ਜਾਂ ਸਕਦੀ ਹੈ ਜਾਂ ਤੁਸੀਂ ਸਾਡੇ ਟੈਕਸ ਅਫਸਰ ਨਾਲ ਆਪਣੀ ਮਾਂ -ਬੋਲੀ ਵਿੱਚ ਗੱਲ ਕਰਨ ਲਈ 'ਅਨੁਵਾਦ ਅਤੇ ਦੁਭਾਸ਼ੀਏ’ ਵਾਲੀ ਸੇਵਾ ਨੂੰ 13 14 50 ਮਿਲਾਕੇ 13 208 61 ਉੱਤੇ ਗੱਲ ਕਰਨ ਲਈ ਪੁੱਛ ਸਕਦੇ ਹੋ।