ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਦੀਆਂ ਯਾਦਾਂ ਦੁਨੀਆ ਵਿੱਚ ਕਿਤੇ ਨਾ ਕਿਤੇ ਸਮੁੰਦਰ ਦੀ ਯਾਤਰਾ ਨਾਲ਼ ਜ਼ਰੂਰ ਜੁੜੀਆਂ ਹੋਣਗੀਆਂ। ਭਾਵੇਂ ਤੁਸੀਂ ਸਮੁੰਦਰ ਦੀਆਂ ਜੋਸ਼ੀਲੀਆਂ ਲਹਿਰਾਂ ਦੀ ਸਵਾਰੀ ਜਾਂ ਰੇਤ 'ਤੇ ਨੰਗੇ ਪੈਰ ਸੈਰ ਨਾ ਕੀਤੀ ਹੋਵੇ, ਪਰ ਸਮੁੰਦਰ ਵਿੱਚ ਇੱਕ ਪਰਿਵਰਤਨਸ਼ੀਲ ਤਾਕ਼ਤ ਹੁੰਦੀ ਹੈ।
ਇਹ ਹੈ ਸਾਡੀ ਖਾਸ ਲੜੀ, 'ਆਸਟ੍ਰੇਲੀਆ ਐਕਸਪਲੇਂਡ'। ਅੱਜ ਅਸੀਂ ਆਸਟ੍ਰੇਲੀਆ ਦੀ ਬੀਚ ਕਲਚਰ ਯਾਨੀ ਇਸ ਮੁਲਕ ਵਿਚ ਸਮੁੰਦਰੀ ਤਟਾਂ ਨਾਲ ਸੰਬੰਧਿਤ ਸਭਿਆਚਾਰ ਬਾਰੇ ਗੱਲ ਕਰ ਰਹੇ ਹਾਂ। ਇਸਦੇ ਨਾਲ ਹੀ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਕੁਝ ਖੂਬਸੂਰਤ ਟਾਪੂਆਂ ਤੇ ਆਸਟ੍ਰੇਲੀਆਈ ਲੋਕਾਂ ਦੀ ਜੀਵਨਸ਼ੈਲੀ ਵਿਚ ਸਮੁੰਦਰੀ ਤੱਟਾਂ ਨਾਲ ਜੁੜਾਵ ਬਾਰੇ।

ਸਮੁੰਦਰ ਪ੍ਰੇਮੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਆਸਟ੍ਰੇਲੀਆ ਵਿੱਚ 10,000 ਤੋਂ ਵਧੇਰੇ ਬੀਚ ਹਨ। ਦਰਅਸਲ, ਜੇ ਤੁਸੀਂ ਹਰ ਰੋਜ਼ ਇਕ ਨਵੇਂ ਬੀਚ 'ਤੇ ਜਾਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਸਾਰਿਆਂ ਨੂੰ ਦੇਖਣ ਵਿੱਚ ਲਗਭਗ 27 ਸਾਲ ਲੱਗ ਜਾਣਗੇ! ਆਸਟ੍ਰੇਲੀਆ ਪੱਛਮੀ ਤੱਟ 'ਤੇ ਹਿੰਦ ਮਹਾਂਸਾਗਰ ਅਤੇ ਪੂਰਬੀ ਤੱਟ' ਤੇ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਵਿਚਕਾਰ ਸਥਿਤ ਹੈ।
ਮੈਲਬੌਰਨ ਨਿਵਾਸੀ ਡਾ: ਬਲਜੀਤ ਸਿੰਘ ਇੱਕ ਖੋਜਕਰਤਾ ਹਨ ਜੋ ਵਿਵਹਾਰਕ ਅਤੇ ਸਭਿਆਚਾਰਕ ਕਾਰਕਾਂ ਬਾਰੇ ਅਧਿਐਨ ਕਰਦੇ ਹਨ।
ਇਹ ਸਮੁੰਦਰੀ ਤੱਟਾਂ ਉੱਤੇ ਆਸਟ੍ਰੇਲੀਆਈ ਲੋਕਾਂ ਅਤੇ ਪ੍ਰਵਾਸੀਆਂ ਦੇ ਵਤੀਰੇ ਬਾਰੇ ਚਾਨਣ ਪਾਉਂਦੇ ਨੇ।

ਆਸਟ੍ਰੇਲੀਆ ਵਿੱਚ ਗਰਮੀ ਦਾ ਮੌਸਮ ਸਮੁੰਦਰ ਤੱਟ ਤੇ ਜਾਣ ਦਾ ਮੌਸਮ ਮੰਨਿਆ ਜਾਂਦਾ ਹੈ। ਜਿਸ ਦਿਨ ਸੂਰਜ ਚੜਿਆ ਹੁੰਦਾ ਹੈ, ਸੈਂਕੜੇ ਆਸਟ੍ਰੇਲੀਆ ਲੋਕ ਸਮੁੰਦਰੀ ਤੱਟਾਂ ਲਈ ਰਵਾਨਾ ਹੁੰਦੇ ਨੇ। ਹਾਲਾਂਕਿ ਸੂਰਜ ਦੀ ਰੋਸ਼ਨੀ ਤੇ ਨਿੱਘ ਆਸਟ੍ਰੇਲੀਆ ਦੇ ਸੋਹਣੇ ਮੌਸਮ ਦੀ ਇੱਕ ਵਿਸ਼ੇਸ਼ਤਾ ਹੈ, ਲੰਬੇ ਸਮੇ ਲਈ ਇਸ ਦੀਆਂ ਕਿਰਨਾਂ ਦਾ ਸਾਹਮਣਾ ਕਰਨਾ ਨੁਕਸਾਨਦੇਹ ਹੈ।
ਇਸ ਦੀਆਂ ਖ਼ਤਰਨਾਕ ਅਲਟਰਾਵਾਇਲਟ ਕਿਰਨਾਂ ਤੋਂ ਸੁਰੱਖਿਆ ਬਹੁਤ ਜ਼ਰੂਰੀ ਹੈ, ਖ਼ਾਸਕਰ ਚਮੜੀ ਦੇ ਕੈਂਸਰ ਤੋਂ ਬਚਾਅ ਲਈ।
ਕਿਉਂਕਿ ਆਸਟ੍ਰੇਲੀਆ ਵਿੱਚ ਅਲਟਰਾਵਾਇਲਟ ਕਿਰਨਾਂ ਦਾ ਪੱਧਰ ਵਿਸ਼ਵ ਵਿੱਚ ਸਭ ਤੋਂ ਉੱਚਾ ਹੈ, ਧੁੱਪ ਵਿਚ ਸਿਰਫ 10 ਮਿੰਟਾਂ ਲਈ ਰਹਿਣ ਨਾਲ ਚਮੜੀ ਤੇ ਸਾੜ ਪੈ ਸਕਦਾ ਹੈ ਜਿਸਨੂੰ ਸਨਬਰਨ ਕਿਹਾ ਜਾਂਦਾ ਹੈ।

ਇਸ ਲਈ ਸਮੁੰਦਰ ਵੱਲ ਜਾਣ ਤੋਂ ਪਹਿਲਾਂ, ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਧੁੱਪ ਦੇ ਨੁਕਸਾਨਦੇਹ ਅਸਰ ਤੋਂ ਬਚਾਵ ਕਰਨ ਵਾਲਾ ਪਦਾਰਥ ਯਾਨੀ ਸਨਸਕ੍ਰੀਨ ਲਾਇਆ ਹੈ ਅਤੇ ਹਰ ਦੋ ਘੰਟਿਆਂ ਬਾਅਦ ਇਸ ਪ੍ਰਕਿਰਿਆ ਨੂੰ ਦੁਹਰਾਓ।
ਜ਼ਿਆਦਾਤਰ ਸਮੁੰਦਰੀ ਤੱਟਾਂ 'ਤੇ ਕਾਬਿਲ ਲਾਈਫਗਾਰਡਸ ਤਾਇਨਾਤ ਹੁੰਦੇ ਹਨ। ਉਹ ਲੋਕਾਂ ਨੂੰ ਸਮੁੰਦਰ ਵਿੱਚ ਡੁੱਬਣ ਤੋਂ ਬਚਾਉਣ, ਮੁਢਲਾ ਉਪਚਾਰ ਯਾਨੀ ਫਰਸਟ ਏਡ ਪ੍ਰਦਾਨ ਕਰਨ ਅਤੇ ਹੰਗਾਮੀ ਹਾਲਾਤ ਵਿਚ ਐਮਰਜੈਂਸੀ ਸਿਹਤ ਦੇਖਭਾਲ ਲਈ ਜ਼ਿੰਮੇਵਾਰ ਹੁੰਦੇ ਹਨ।

ਆਸਟ੍ਰੇਲੀਆ ਦੇ ਸਮੁੰਦਰੀ ਤੱਟਾਂ 'ਤੇ ਅਕਸਰ ਰਿਪ ਅਤੇ ਕਰੰਟ ਯਾਨੀ ਤੇਜ਼ ਅਤੇ ਖਤਰਨਾਕ਼ ਲਹਿਰਾਂ ਹੁੰਦੀਆਂ ਨੇ ਜੋ ਸਰਫਿੰਗ ਲਈ ਤੇ ਵਧੀਆ ਹੁੰਦੀਆਂ ਹਨ, ਪਰ ਖਰਾਬ ਮੌਸਮ ਵਾਲੇ ਦਿਨਾਂ' ਤੇ ਖਤਰਨਾਕ ਹੋ ਸਕਦਿਆਂ ਹਨ।
ਇਸ ਕਾਰਨ, ਤੁਸੀਂ ਬਹੁਤੇ ਆਸਟ੍ਰੇਲੀਆਈ ਤੱਟਾਂ ਤੇ ਪਾਣੀ ਵਿੱਚ ਲਾਲ ਅਤੇ ਪੀਲੀਆਂ ਝੰਡਿਆਂ ਵੇਖ ਸਕਦੇ ਹੋ। ਸੁਰੱਖਿਅਤ ਰਹਿਣ ਲਈ ਇਨ੍ਹਾਂ ਝੰਡਿਆਂ ਤੋਂ ਪਿੱਛੇ ਰਹਿ ਕੇ ਤੈਰਨਾ ਲਾਜ਼ਮੀ ਹੈ। ਇਨ੍ਹਾਂ ਝੰਡੀਆਂ ਨੂੰ ਰੋਜ਼ਾਨਾ ਸਮੁੰਦਰੀ ਅਤੇ ਮੌਸਮੀ ਹਾਲਾਤ ਦੇ ਅਧਾਰ ਤੇ ਹਿਲਾਇਆ ਜਾਂਦਾ ਹੈ।
ਆਸਟ੍ਰੇਲੀਆਈ ਲੋਕ ਹਰ ਤਰ੍ਹਾਂ ਦੀਆਂ ਵਾਟਰ ਸਪੋਰਟਸ (ਪਾਣੀ ਵਿਚ ਖੇਡੀਆਂ ਜਾਣ ਵਾਲਿਆਂ ਖੇਡਾਂ) ਨੂੰ ਬਹੁਤ ਪਸੰਦ ਕਰਦੇ ਹਨ, ਪਰ ਸਰਫਿੰਗ ਆਸਟ੍ਰੇਲੀਆਈ ਬੀਚ ਸਭਿਆਚਾਰ ਦਾ ਇਕ ਪ੍ਰਤੀਕ ਹੈ।
ਸਿਡਨੀ ਦੀ ਫ਼੍ਰੇਸ਼ਵਾਟਰ ਬੀਚ ਨੂੰ ਅਕਸਰ ਇਸ ਦੀ ਸ਼ੁਰੂਆਤੀ ਜਗ੍ਹਾ ਕਿਹਾ ਜਾਂਦਾ ਹੈ।
ਹਵਾਈ ਦੇ 'ਦਿ ਡਿਊਕ' ਨਾਂ ਦੇ ਇੱਕ ਪ੍ਰਸਿੱਧ ਓਲੰਪੀਅਨ ਤੈਰਾਕ ਅਤੇ ਵਿਸ਼ਵ ਪੱਧਰ ਦੇ ਸਰਫਰ ਨੇ 1915 ਵਿਚ ਉਥੇ ਦੀਆਂ ਲਹਿਰਾਂ ਦੀ ਸਵਾਰੀ ਕੀਤੀ ਸੀ । ਇਸ ਦੰਤਕਥਾ ਉੱਤੇ ਹੁਣ ਮਤਭੇਦ ਹੈ, ਪਰ ਸਰਫ਼ਿੰਗ ਦੇ ਬਹੁਤ ਸਾਰੇ ਸ਼ੌਕੀਨਾਂ ਲਈ ਇਹ ਖੇਡ ਦੇ ਨਾਲ-ਨਾਲ ਮਨੋਰੰਜਨ ਵੀ ਹੈ।

ਸਨ 1956 ਵਿੱਚ ਕੈਲੀਫੋਰਨੀਆਂ ਦੇ ਲੋਕਾਂ ਦਾ ਇਕ ਸਮੂਹ, ਜੋ ਮੈਲਬਰਨ ਓਲੰਪਿਕਸ ਵਿੱਚ ਹਿੱਸਾ ਲੈ ਰਿਹਾ ਸੀ, ਮਾਲੀਬੂ ਸਰਫ ਬੋਰਡਸ ਨੂੰ ਆਪਣੇ ਨਾਲ ਲਿਆਆ, ਜਿਸ ਨਾਲ ਇਸ ਮਹਾਂਦੀਪ ਵਿੱਚ ਆਧੁਨਿਕ ਸਰਫਿੰਗ ਦਾ ਆਗਾਜ਼ ਹੋਇਆ। ਇਸ ਸਰਫ ਬੋਰਡ ਨੇ ਸਰਫਿੰਗ ਨੂੰ ਆਸਟ੍ਰੇਲੀਆਈ ਲੋਕਾਂ ਵਿਚ ਵਧੇਰੇ ਮਸ਼ਹੂਰ ਕੀਤਾ।
ਸਰਫ਼ਿੰਗ ਕਾਰਨੀਵਲਜ਼ ਅਤੇ ਰਾਸ਼ਟਰੀ ਸਭਿਆਚਾਰਕ ਸਮਾਗਮਾਂ ਤੋਂ ਲੈ ਕੇ ਸਮੁੰਦਰ ਦੇ ਕਿਨਾਰੇ ਤੇ ਪਰਿਵਾਰਕ ਛੁੱਟੀਆਂ ਮਨਾਉਣ ਤੱਕ, ਆਸਟ੍ਰੇਲੀਆ ਦੇ ਸਮੁੰਦਰੀ ਤੱਟ ਇਸ ਦੇ ਸਭਿਆਚਾਰ ਦਾ ਪ੍ਰਤੀਕ ਹਨ ਅਤੇ ਲੱਖਾਂ ਲੋਕਾਂ ਨੂੰ ਆਪਣੀਆਂ ਲਹਿਰਾਂ ਦੀ ਤਾਜ਼ਗੀ ਨਾਲ ਜੋੜਦੇ ਹਨ, ਚਾਹੇ ਉਹ ਇਸ ਮਹਾਦੀਪ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਣ।
ਇਸ ਪੋਡਕਾਸਟ ਨੂੰ ਸੁਣਨ ਲਈ ਉੱਤੇ ਬਣੀ ਤਸਵੀਰ ਵਿਚਾਲੇ ਆਡੀਓ ਲਿੰਕ ਤੇ ਕਲਿੱਕ ਕਰੋ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਦਾ ਰੇਡੀਓ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।





