ਪੱਬ ਦਾ ਪੂਰਾ ਨਾਂ ‘ਪਬਲਿਕ ਹਾਉਸ' ਹੈ। ਆਸਟ੍ਰੇਲੀਆ ਵਿੱਚ ਲਗਭਗ 6,000 ਪੱਬ ਹਨ, ਅਤੇ ਇਹ ਆਸਟ੍ਰੇਲੀਆਈ ਜੀਵਨਸ਼ੈਲੀ ਦਾ ਇੱਕ ਮਹੱਤਵਪੂਰਣ ਹਿੱਸਾ ਹੈ, ਜੋ ਬਰਤਾਨਵੀ ਅਤੇ ਆਇਰਿਸ਼ ਸਮਾਜਾਂ ਤੋਂ ਪ੍ਰਭਾਵਿਤ ਹੈ। ਆਸਟ੍ਰੇਲੀਆਈ ਪੱਬ ਨੇ 19ਵੀਂ ਸਦੀ ਤਕ ਆਪਣੀਆਂ ਵੱਖਰੀਆਂ ਪਰੰਪਰਾਵਾਂ ਵਿਕਸਿਤ ਕਰ ਲਇਆਂ ਸਨ।
ਜ਼ਰੂਰੀ ਨਹੀਂ ਕਿ ਪੱਬ ਖਾਸ ਤੌਰ ਤੇ ਸ਼ਰਾਬ ਪੀਣ ਦੀ ਜਗ੍ਹਾ ਹੋਵੇ। ਬਹੁਤ ਸਾਰੇ ਲੋਕਾਂ ਲਈ, ਇਹ ਖਾਣਾ ਖਾਣ ਦੀ ਥਾਂ ਹੁੰਦੀ ਹੈ ਜਿੱਥੇ ਉਹ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਅਨੰਦ ਲੈਂਦੇ ਨੇ। ਇੱਥੇ ਖਾਣਾ ਅਕਸਰ ਕਿਫਾਇਤੀ ਹੁੰਦਾ ਹੈ, ਅਤੇ ਪੱਬ ਵਿੱਚ ਇੱਕ ਆਰਾਮਦਾਇਕ ਮਾਹੌਲ ਹੁੰਦਾ ਹੈ। ਕਈਆਂ ਵਿੱਚ ਤੇ ਬੱਚਿਆਂ ਲਈ ਖੇਡ ਦੇ ਮੈਦਾਨ ਵੀ ਹੁੰਦੇ ਹਨ! ਆਪਣੇ ਇਲਾਕੇ ਵਿੱਚ ਪੱਬ ਦਾ ਆਨੰਦ ਲੈਣ ਲਈ ਪਹਿਲਾਂ ਆਲੇ-ਦੁਵਾਲੇ ਪੁੱਛ ਗਿੱਛ ਕਰੋ ਅਤੇ ਆਪਣੇ ਲਈ ਪਰਿਵਾਰਿਕ ਮਾਹੌਲ ਵਾਲੀ ਪੱਬ ਦੀ ਤਲਾਸ਼ ਕਰੋ।
ਸੋ ਤੁਸੀਂ ਸੋਚ ਰਹੇ ਹੋਵੋਗੇ ਕਿ ਪੱਬ ਅਤੇ ਬਾਰ ਜਾਂ ਰੈਸਟੋਰੈਂਟ ਵਿੱਚ ਕੀ ਫਰਕ ਹੁੰਦਾ ਹੈ ?
ਬਾਰ ਅਜੇਹੀ ਜਗ੍ਹਾ ਹੈ ਜਿਥੇ ਲੋਕ ਮੁੱਖ ਤੌਰ ਤੇ ਸ਼ਰਾਬ ਪੀਣ ਜਾਂਦੇ ਹਨ। ਇਹ ਆਮ ਤੌਰ 'ਤੇ ਕਾਫ਼ੀ ਛੋਟੇ ਹੁੰਦੇ ਹਨ, ਓਥੇ ਸੰਗੀਤ ਅਕਸਰ ਉੱਚਾ ਹੁੰਦਾ ਹੈ ਅਤੇ ਕਿਤੇ ਤੇ ਡਾਂਸਫਲੋਰ ਵੀ ਹੋ ਸਕਦਾ ਹੈ। ਓਥੇ ਬਾਰ ਸਨੈਕਸ ਯਾਨੀ ਸ਼ਰਾਬ ਨਾਲ ਖਾਣ ਲਈ ਹਲਕਿਆਂ-ਫੁਲਕਿਆਂ ਖਾਨ ਦੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਪਰ ਆਮ ਤੌਰ 'ਤੇ ਸਾਰਾ ਧਿਆਨ ਸ਼ਰਾਬ ਦੀ ਖਰੀਦ-ਓ-ਫ਼ਰੋਖ਼ਤ ਤੇ ਹੁੰਦਾ ਹੈ। ਬਾਰ ਵਿੱਚ ਸਿਰਫ ਬਲਿਗਾਂ ਨੂੰ ਹੀ ਦਾਖ਼ਿਲ ਹੋਣ ਦੀ ਇਜਾਜ਼ਤ ਹੁੰਦੀ ਹੈ।

ਮੈਲਬੌਰਨ ਦੇ ਕਾਰੋਬਾਰੀ ਪਵਨੀਤ ਸਿੰਘ ਮਾਨ ਕਈ ਸਾਲਾਂ ਤੱਕ ਬੈੱਲਾਰੈਟ ਵਿੱਚ ਇੱਕ ਪੱਬ ਚਲਾਉਂਦੇ ਸਨ। ਇਨ੍ਹਾਂ ਮੁਤਾਬਿਕ ਆਸਟ੍ਰੇਲੀਆ ਦੀ ਪੱਬ ਪੰਜਾਬ ਦੀ ਸੱਥ ਵਰਗੀ ਹੁੰਦੀ ਹੈ।
"ਪੰਜਾਬ ਦੇ ਪਿੰਡਾਂ ਦਿਆਂ ਸੱਥਾਂ ਵਾਂਗ, ਸਾਡੇ ਪੱਬ ਵਿੱਚ ਵੀ ਜਾਣੇ-ਪਹਿਚਾਣੇ ਲੋਕ ਰੋਜ਼ ਆਉਂਦੇ ਸਨ। ਆਪਣਾ ਕੰਮ ਖ਼ਤਮ ਕਰਕੇ ਦੋਸਤ-ਮਿੱਤਰ ਕੱਠੇ ਬੈਠਦੇ, ਤੇ ਘਰ ਜਾਣ ਤੋਂ ਪਹਿਲੇ ਦੋ-ਚਾਰ ਡ੍ਰਿੰਕ੍ਸ ਲੈਂਦੇ ਨੇ। ਜ਼ਰੂਰੀ ਨਹੀਂ ਸਾਰੇ ਸ਼ਰਾਬ ਹੀ ਪੀਣ ਲਈ ਆਉਂਦੇ ਨੇ। ਪੱਬ ਵਿੱਚ ਲੋਕ ਆਪਣੇ-ਆਪਣੇ ਤਰੀਕੇ ਨਾਲ ਅਨੰਦ ਲੈਂਦੇ ਨੇ, ਜਿਵੇਂ ਕਿ ਜਨਮਦਿਨ ਮਨਾਉਣ ਲਈ ਜਾਂ ਪਰਿਵਾਰ ਨਾਲ ਖਾਣਾ ਖਾਣ ਲਈ ," ਸ਼੍ਰੀ ਮਾਨ ਨੇ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ।

ਪੱਬ ਆਸਟ੍ਰੇਲੀਆ ਦੇ ਜ਼ਿਆਦਾਤਰ ਰਿਹਾਇਸ਼ੀ ਇਲਾਕਿਆਂ ਵਿੱਚ ਪਾਈਆਂ ਜਾਂਦੀਆਂ ਹਨ। ਇੱਥੇ ਪੂਰੇ ਪਰਿਵਾਰ ਲਈ ਭਾਂਤ ਭਾਂਤ ਦੇ ਖਾਣੇ ਅਤੇ ਸ਼ਰਾਬ ਉਪਲਬੱਧ ਹੁੰਦੀ ਹੈ। ਦਿਨ ਵੇਲੇ ਮਾਹੌਲ ਅਕਸਰ ਸ਼ਾਂਤ ਹੁੰਦਾ ਹੈ ਅਤੇ ਸੰਗੀਤ ਬਾਰ ਨਾਲੋਂ ਹਲਕਾ ਹੁੰਦਾ ਹੈ।
ਦਿਨ ਵੇਲੇ ਪੱਬ ਵਿੱਚ ਆਮ ਤੌਰ ਤੇ ਬਜ਼ੁਰਗ ਲੋਕ, ਕਾਲਜ ਦੇ ਵਿਦਿਆਰਥੀ ਅਤੇ ਮੁਲਕ ਦੇ ਅਮੀਰ ਇਲਾਕਿਆਂ ਵਿੱਚ ਕੁਝ ਪਰਿਵਾਰ ਵੀ ਨਜ਼ਰ ਆਉਂਦੇ ਨੇ। ਸ਼ਾਮ ਨੂੰ, ਇੱਥੇ ਹੀ ਤੁਸੀਂ ਕਿਸੇ ਸਥਾਨਕ ਸੰਗੀਤ ਮੰਡਲੀ ਯਾਨੀ ਮਿਊਜ਼ਿਕਲ ਬੈਂਡ ਨੂੰ ਮਹਿਮਾਨਾਂ ਦਾ ਮਨੋਰੰਜਨ ਕਰਦੇ ਵੇਖ ਸਕਦੇ ਹੋ ਅਤੇ ਬਹੁਤ ਸਾਰੇ ਲੋਕ ਆਪਣੀਆਂ ਮਨਪਸੰਦ ਖੇਡਾਂ ਦੇਖਣ ਲਈ ਵੀ ਪੱਬ ਜਾਂਦੇ ਹਨ। ਕੁਝ ਪੱਬ ਸੈਲਾਨੀਆਂ ਲਈ ਥੋੜ੍ਹੀ ਰਿਹਾਇਸ਼ ਵੀ ਮੁਹੱਈਆ ਕਰਵਾ ਸਕਦੇ ਹਨ, ਪਰ ਪੰਜ-ਸਿਤਾਰਾ ਸੇਵਾ ਦੀ ਉਮੀਦ ਨਾ ਕਰੋ!
ਵਿਕਟੋਰੀਆ ਦੇ ਮੋਰਨਿੰਗਟਨ ਪੇਨਿੰਸੁਲਾ ਸਥਿਤ ਨਜ਼ਾਰੇ ਏਸ੍ਟੇਟ ਵਾਇਨਰੀਜ਼ ਨੂੰ ਨਿਰਮਲ ਕੌਰ ਅਤੇ ਪਰਮਦੀਪ ਸਿੰਘ ਚਲਾਉਂਦੇ ਨੇ। ਪੰਜਾਬੀ ਸਮਾਜ ਬੇਸ਼ੱਕ ਸ਼ਰਾਬ ਦਾ ਸ਼ੌਕੀਨ ਮੰਨਿਆ ਜਾਂਦਾ ਹੈ, ਲੇਕਿਨ ਵਾਇਨ ਵਰਗੀ ਸ਼ਰਾਬ ਦਾ ਉਤਪਾਦਨ ਕਰਨਾ ਇਸ ਭਾਈਚਾਰੇ ਲਈ ਨਵੇਕਲਾ ਕੰਮ ਹੈ।

"ਸਾਡੀ ਵਾਇਨਰੀ ਦੇ ਸੈੱਲਰ ਡੋਰ ਤੇ ਜ਼ਿਆਦਾਤਰ ਸੜਕ ਤੋਂ ਲੰਘਦੇ ਦੇ ਮੁਸਾਫ਼ਿਰ ਰੁਕਦੇ ਨੇ। ਭਾਰਤੀ ਪਿਛੋਕੜ ਦੇ ਲੋਕ ਵਾਇਨਰੀ ਦੇ ਕਾਰੋਬਾਰ ਬਾਰੇ ਪੁੱਛ-ਗਿੱਛ ਕਰਨ ਵੀ ਆਉਂਦੇ ਨੇ। ਅੱਜਕਲ ਨੌਜਵਾਨ ਲੋਕ, ਖਾਸ ਤੌਰ ਤੇ ਔਰਤਾਂ, ਵਾਇਨ ਵਿੱਚ ਦਿਲਚਸਪੀ ਰਹੇ ਨੇ," ਨਿਰਮਲ ਕੌਰ ਨੇ ਕਿਹਾ।
ਰਾਏ ਮੋਰਗਨ ਰਿਸਰਚ ਕੰਪਨੀ ਵੱਲੋਂ ਕੀਤੀ ਗਈ ਖੋਜ ਦਰਸਾਉਂਦੀ ਹੈ ਕਿ ਆਸਟ੍ਰੇਲੀਆ ਵਿੱਚ ਬਾਰ ਵਿੱਚ ਖਾਣਾ ਖਾਣ ਲਈ ਜਾਣ ਵਾਲਿਆਂ ਦੀ ਗਿਣਤੀ ਉਨ੍ਹਾਂ ਲੋਕਾਂ ਨਾਲੋਂ ਕਿਤੇ ਵੱਧ ਹੈ ਜੋ ਸਿਰਫ ਸ਼ਰਾਬ ਪੀਣ ਜਾਂਦੇ ਹਨ। ਵੱਖੋ ਵੱਖਰੇ ਸੂਬਿਆਂ ਵਿੱਚ ਭੋਜਨ ਦੀਆਂ ਵਿਸ਼ੇਸ਼ਤਾਵਾਂ ਵੀ ਵੱਖਰੀਆਂ ਹੁੰਦੀਆਂ ਹਨ।
ਆਸਟ੍ਰੇਲੀਆ ਐਕਸਪਲੇਂਡ ਲੜੀ ਦੇ ਇਸ ਪੱਬ ਵਾਲੇ ਭਾਗ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ, ਇਸ ਨੂੰ ਦੂਜਿਆਂ ਨਾਲ ਵੀ ਜਰੂਰ ਸਾਂਝਾ ਕਰਿਓ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।







