ਚਾਲੂ ਵਰ੍ਹੇ 2018 ਦੇ ਮਾਰਚ ਮਹੀਨੇ ਤੋਂ 'ਨਾਟੀ' ਨਵੇਂ Credentialed Community Language (CCL) ਟੈਸਟ ਦਾ ਆਗਾਜ਼ ਕਰਨ ਜਾ ਰਿਹਾ ਹੈ. ਇਹ ਪ੍ਰੀਖਿਆ ਪ੍ਰਣਾਲੀ ਪ੍ਰਵਾਸ ਮਾਮਲਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਨਾਲ ਸਿੱਧੇ ਤੌਰ 'ਤੇ ਸੰਬੰਧਿਤ ਹੋਏਗੀ।
ਬੇਸ਼ੱਕ ਇਸ ਤੋਂ ਬਿਨਾ 'ਨਾਟੀ' ਹਾਲੇ ਵੀ ਤਿੰਨ ਵੱਖਰੀਆਂ ਸਰਟੀਫ਼ਿਕੇਸ਼ਨ ਪ੍ਰੀਖਿਆਵਾਂ ਜਾਰੀ ਰੱਖ ਰਿਹਾ ਹੈ. ਜਿਹਨਾਂ 'ਚ 'ਪ੍ਰਮਾਣਿਤ ਅਨੁਵਾਦਕ', 'ਪ੍ਰਮਾਣਿਤ ਦੁਭਾਸ਼ੀਏ' ਅਤੇ 'ਪ੍ਰਮਾਣਿਤ ਅੰਤਰਿਮ ਦੁਭਾਸ਼ੀਏ' ਦੇ ਤਸਦੀਦੀਕਰਨ ਸ਼ੁਮਾਰ ਹਨ. ਅੰਤਰਰਾਸ਼ਟਰੀ ਵਿਦਿਆਰਥੀ ਪੇਸ਼ੇਵਰ ਅਨੁਵਾਦਕ ਜਾਂ ਦੁਭਾਸ਼ੀਏ ਦੇ ਤੌਰ ਤੇ ਆਪਣੇ ਕਰੀਅਰ ਦੀ ਚੋਣ ਕਰ ਸਕਦੇ ਹਨ.
ਸਿਡਨੀ ਤੋਂ 'Englishwise' ਸਸੰਥਾ 'ਚ ਪੜਾਉਣ ਵਾਲੇ CCL ਟੈਸਟ ਟ੍ਰੇਨਰ ਸ਼ਿਵੀ ਭੱਲਾ ਦੱਸਦੇ ਹਨ,"ਨਾਟੀ ਵੱਲੋਂ ਲਈ ਜਾਂਦੀ ਪੁਰਾਣੀ ਪ੍ਰੀਖਿਆ ਪ੍ਰਣਾਲੀ ਨਾ ਕੇਵਲ ਮਹਿੰਗੀ (ਕੋਚਿੰਗ ਖਰਚੇ ਮਿਲਾਕੇ $5000-6000 ਡਾਲਰ ਤੱਕ) ਅਤੇ ਕਾਫੀ ਲੰਬੀ ਸੀ, ਪਰ ਹੁਣ ਪੱਕੇ ਵਸਨੀਕ ਬਣਨ ਲਈ ਅਰਜ਼ੀ ਪਾਉਣ ਜਾ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ, 5 ਪੁਆਇੰਟ ਹਾਸਿਲ ਕਰਨ ਖ਼ਾਤਰ ਸਰਟੀਫਿਕੇਟ ਡਿਪਲੋਮਾ ਕਰਨ ਦੀ ਲੋੜ ਨਹੀਂ ਹੈ."

ਨਾਟੀ ਦੀ ਤਰਫ ਤੋਂ ਸੀ.ਸੀ.ਐਲ. ਟੈਸਟਾਂ ਦਾ ਪਹਿਲਾ ਰਾਉਂਡ ਇਸ ਸਾਲ 19-23 ਮਾਰਚ ਦੌਰਾਨ ਹੋਣ ਜਾ ਰਿਹਾ ਹੈ. ਟੈਸਟ 'ਚ ਬੈਠਣ ਲਈ ਅਦਾਰੇ ਨੇ ਅਰਜ਼ੀ ਦਾਇਰ ਕਰਨ ਦੀ ਪ੍ਰੀਕ੍ਰਿਆ ਖੋਲ ਰੱਖੀ ਹੈ, ਜੋ ਕਿ 'ਨਾਟੀ' ਦੀ ਅਧਿਕਾਰਕ ਵੈਬਸਾਈਟ 'ਤੇ ਜਾਕੇ ਦਾਖਲ ਕੀਤੀ ਜਾ ਸਕਦੀ ਹੈ.
'ਨਾਟੀ' ਸਾਲ 2018 ਦੌਰਾਨ ਤਿੰਨ ਰਾਉਂਡਾ 'ਚ ਸੀਸੀਐਲ ਪ੍ਰੀਖਿਆਵਾਂ ਦਾ ਇੰਤਜ਼ਾਮ ਕਰੇਗਾ।
ਸੀਸੀਐਲ ਟੈਸਟ ਦੀ ਫ਼ੀਸ $800 ਡਾਲਰ ਤੈਅ ਰੱਖੀ ਗਈ ਹੈ. ਇੱਕ ਵਾਰ ਅਰਜ਼ੀ ਦਾਖਲ ਕਰਨ ਮਗਰੋਂ, 'ਨਾਟੀ' ਦੇ ਪ੍ਰੀਖਿਆ ਕੇਂਦਰ ਐਲਾਨ ਕਰਨ ਦੀ ਇ-ਮੇਲ ਦਾ ਜੁਆਬ ਦਿੰਦੀਆਂ ਹੀ, ਸਿਖਿਆਰਥੀ ਇਹ ਫੀਸ ਆਨਲਾਈਨ ਭਰ ਸਕਣਗੇ.
ਸ਼ਿਵੀ ਮੁਤਾਬਿਕ,"ਅੰਗਰੇਜ਼ੀ ਤੋਂ ਬਿਨ੍ਹਾਂ ਦੂਸਰੀ ਭਾਸ਼ਾ 'ਤੇ ਪਕੜ ਹੀ ਬਿਨੈਕਾਰ ਨੂੰ ਸਫਲ ਬਣਾ ਸਕਦੀ ਹੈ."







