‘ਕਰਿਕਟ, ਕਾਮਨਵੈਲਥ ਅਤੇ ਕਰੀ’, ਇਹਨਾਂ ਤਿੰਨ ਕੱਕਿਆਂ ਤੋਂ ਉਪਰ ਉੱਠ ਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਭਾਰਤ ਨਾਲ ਆਪਣੇ ਸਬੰਧ ਹੋਰ ਵੀ ਕਈ ਨਿਵੇਕਲੇ ਤਰੀਕਿਆਂ ਨਾਲ ਮਜਬੂਤ ਕਰੀਏ। ਇਹ ਮੰਨਣਾ ਹੈ, ਸ਼ੈਡੋ ਖਜਾਨਾਂ ਮੰਤਰੀ ਕਰਿਸ ਬੋਵਨ ਦਾ। ਹਾਲ ਵਿੱਚ ਹੀ ਉਹਨਾਂ ਇਕ ਮੀਡੀਆ ਸਟੇਟਮੈਂਟ ਜਾਰੀ ਕੀਤੀ ਸੀ ਜਿਸ ਦੇ ਕੁਝ ਸਾਰ-ਅੰਸ਼ ਤੁਹਾਡੇ ਲਈ ਪੇਸ਼ ਹਨ।
ਬੇਸ਼ਕ ਇਹ ਦੇਖਣ ਵਿੱਚ ਬਹੁਤ ਹੀ ਅਜੀਬ ਲੱਗਦਾ ਹੈ ਕਿ ਕਿਸੇ ਦੂਜੇ ਮੁਲਕ ਨਾਲ ਸਬੰਧ ਮਜਬੂਤ ਕਰਨ ਵਾਸਤੇ ਵਿਰੋਧੀ ਧਿਰ ਵਲੋਂ ਪਹਿਲ ਕੀਤੀ ਜਾ ਰਹੀ ਹੈ, ਪਰ ਸੱਚਾਈ ਤਾਂ ਇਹ ਹੈ ਕਿ ਸਰਕਾਰ ਵਲੋਂ ਇਸ ਬਾਬਤ ਕੁੱਝ ਵੀ ਸਕਾਰਾਤਮਕ ਨਹੀਂ ਕੀਤਾ ਜਾ ਰਿਹਾ।
ਇਸ ਕਰਕੇ ਇਹ ਨਹੀਂ ਸੋਚਣਾ ਚਾਹੀਦਾ, ਕਿ ਅਗਰ ਸਰਕਾਰ ਕੁੱਝ ਨਹੀਂ ਕਰ ਰਹੀ ਤਾਂ ਅਸੀਂ ਵੀ ਚੁੱਪ ਕਰਕੇ ਬੈਠੇ ਰਹੀਏ। ਬਲਿਕ ਇਸ ਦੇ ਐਨ ਉਲਟ, ਆਸਟ੍ਰੇਲੀਆ ਦੇ ਭਾਰਤ ਨਾਲ ਸਬੰਧ ਇਸ ਕਰ ਕੇ ਵੀ ਸੁਧਾਰਨੇ ਹੁਣ ਜਰੂਰੀ ਹੋ ਗਏ ਹਨ ਕਿਉਂਕਿ, ਫਰੀ ਟਰੇਡ ਵਾਸਤੇ ਚੁੱਕੇ ਜਾਣ ਵਾਲੇ ਕਦਮ ਇੱਕਦੰਮ ਠੱਪ ਹੋ ਗਏ ਨੇ।
ਪਿਛਲੇ ਸਮੇਂ ਵਿੱਚ, ਆਸਟ੍ਰੇਲੀਆ ਦੇ ਭਾਰਤ ਨਾਲ ਸਬੰਧ ਇੱਕ ਤਰੀਕੇ ਨਾਲ ਬਿਪਰਵਾਦੀ ਰਹੇ ਹਨ। ਦੋਹਾਂ ਹੀ ਧਿਰਾਂ ਵਲੋਂ ਬੇਸ਼ਕ ਕਰਿਕਟ, ਕਰੀ ਅਤੇ ਕਾਮਨਵੈੱਲਥ ਦੇ ਖੇਤਰਾਂ ਵਿੱਚ ਸੰਜੀਦਾ ਗੱਲਬਾਤ ਜਰੂਰ ਕੀਤੀ ਗਈ ਹੈ ਪਰ ਲੋੜ ਹੈ ਕਿ ਇਸ ਤੋਂ ਵੀ ਅੱਗੇ ਵੱਧ ਕੇ ਅਜਿਹੀਆਂ ਸੰਧੀਆਂ ਵੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਨਾਂ ਨਾਲ ਦੋਵੇਂ ਦੇਸ਼ ਵਿੱਤੀ ਪੱਧਰ ਤੇ ਵੀ, ਇੱਕ ਦੂਜੇ ਦੇ ਨਾਲ ਮੋਢਾ ਨਾਲ ਮੋਢਾ ਡਾਹ ਸਕਣ।
ਬੇਸ਼ਕ ਸਾਲ 2017-18 ਦੋਰਾਨ ਭਾਰਤ ਦੀ ਸਲਾਨਾ ਵਿਕਾਸ ਦਰ ਵਾਲਾ ਪਹਿਲਾਂ ਕੀਤਾ ਹੋਇਆ ਐਲਾਨ ਘਟਾ ਕੇ 6.5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਪਰ ਇਹ ਵੀ ਗੋਰਤਲਬ ਹੈ ਕਿ ਚਾਰ ਸਾਲਾਂ ਵਿੱਚ ਅਜਿਹਾ ਪਹਿਲੀ ਅਤੇ ਇਕੋ ਵਾਰੀ ਹੀ ਹੋਇਆ ਹੈ। ਇਸ ਦੁਆਰਾ ਇਸ ਗੱਲ ਦੀ ਪੁੱਸ਼ਟੀ ਹੋਰ ਵੀ ਚੰਗੀ ਤਰਾਂ ਨਾਲ ਹੋ ਜਾਂਦੀ ਹੈ ਕਿ ਭਾਰਤ ਆਣ ਵਾਲੇ ਸਮੇਂ ਵਿੱਚ ਸੰਸਾਰ ਭਰ ਵਿੱਚੋਂ ਤੇਜੀ ਨਾਲ ਆਰਥਿਕ ਵਿਕਾਸ ਕਰਨ ਵਾਲਾ ਦੇਸ਼ ਬਣਨ ਜਾ ਰਿਹਾ ਹੈ ਅਤੇ ਸਾਲ 2030 ਤੱਕ ਇਹ ਸੰਸਾਰ ਦਾ ਤੀਜਾ ਸੱਭ ਤੋਂ ਵੱਡਾ ਵਿੱਤੀ ਬਜਾਰ ਬਣ ਜਾਵੇਗਾ।
ਬੇਸ਼ਕ ਹਾਲ ਵਿੱਚ ਹੀ ਦੇਸ਼ ਵਿਆਪੀ ਕੀਤੀ ਗਈ ਨੋਟਬੰਦੀ ਅਤੇ ਜੀ ਐਸ ਟੀ ਲਾਉਣ ਨਾਲ ਕੁੱਝ ਅਸਥਿਰਤਾ ਦੇਖਣ ਨੂੰ ਮਿਲੀ ਹੈ, ਪਰ ਫੇਰ ਵੀ ਇਸ ਦੇ ਜਨਅੰਕੜੇ ਕਾਫੀ ਮਜਬੂਤ ਹਨ ਅਤੇ ਲਗਦਾ ਹੈ ਕਿ ਮੋਦੀ ਸਰਕਾਰ ਵਿੱਤੀ ਸੁਧਾਰਾਂ ਵਾਸਤੇ ਕਾਫੀ ਸੁਹਿਰਦਤਾ ਨਾਲ ਅੱਗੇ ਵੱਧ ਰਹੀ ਹੈ।
ਇਸ ਵਾਸਤੇ ਆਸਟ੍ਰੇਲੀਆ ਲਈ ਜਰੂਰੀ ਹੈ ਕਿ ਪਿਛੋਕੜ ਵਿੱਚ ਕੀਤੀਆਂ ਗਈਆਂ, ਛੋਟੀਆਂ ਛੋਟੀਆਂ ਸੰਧੀਆਂ ਨੂੰ ਹੁਣ ਆਸ਼ਾਵਾਦੀ ਸੋਚ ਦੇ ਸਹਾਰੇ, ਹੋਰ ਵੀ ਅੱਗੇ ਵਧਾਇਆ ਜਾਵੇ।
ਸਾਡੇ ਲਈ ਇਹ ਜਾਨਣਾ ਬਹੁਤ ਹੀ ਜਰੂਰੀ ਹੈ ਕਿ ਭਾਰਤ ਤੋਂ ਇੱਥੇ ਆਸਟ੍ਰੇਲੀਆ ਵਿੱਚ ਪੜਨ ਲਈ ਆਉਣ ਵਾਲਿਆਂ ਵਿੱਚ ਬਹੁਤ ਵਾਧਾ ਹੋਇਆ ਹੈ। ਹਰ ਸਾਲ ਆਸਟ੍ਰੇਲੀਆ ਵਿੱਚ ਪੱਕੇ ਨਾਗਰਿਕ ਬਨਣ ਵਾਲੇ ਦੋ ਸਿਖਰਲੇ ਮੁਲਕਾਂ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਹੈ। ਸਾਡੇ ਕੋਲ ਇਸ ਸਮੇਂ ਇੱਕ ਬਹੁਤ ਤਕੜਾ ਸਮੂਹ ਉਹਨਾਂ ਲੋਕਾਂ ਦਾ ਵੀ ਹੈ ਜੋ ਕਿ ਚੰਗੇ ਵਪਾਰੀ ਮੰਨੇ ਜਾਂਦੇ ਹਨ ਅਤੇ ਹੁਨਰਮੰਦ ਕਾਮੇਂ ਵੀ ਹਨ। ਅਤੇ ਇਹੀ ਲੋਕ ਆਸਟ੍ਰੇਲੀਆ ਵਿੱਚ ਵਪਾਰ ਨੂੰ ਅੱਗੇ ਵਧਾਉਣ ਵਾਸਤੇ ਬਹੁਤ ਲਾਹੇਵੰਦ ਸਿੱਧ ਹੋ ਸਕਦੇ ਹਨ।
ਇਸ ਤੋਂ ਅਲਾਵਾ ਇੱਕ ਹੋਰ ਵਧੀਆ ਕੰਮ ਜਿਹੜਾ ਆਸਟ੍ਰੇਲੀਆ ਕਰ ਸਕਦਾ ਹੈ, ਉਹ ਇਹ ਹੈ ਕਿ ਇਹ ਭਾਰਤ ਦੀ ਏਸ਼ੀਆ ਪੈਸੀਫਿਕ ਇਕਨੋਮਿਕ ਕੋ-ਆਪਰੇਸ਼ਨ (ਯਾਨਿ ਕਿ ਏਪੈਕ) ਵਿੱਚ ਸ਼ਾਮਲ ਹੋਣ ਵਾਲੀਆਂ ਕੋਸ਼ਿਸ਼ਾਂ ਲਈ ਮਦਦ ਵਾਲਾ ਹੱਥ ਵਧਾ ਸਕਦਾ ਹੈ। ਪਹਿਲਾਂ ਬੇਸ਼ਕ ਆਸਟ੍ਰੇਲੀਆ ਇੱਸ ਗੱਲ ਕਰਕੇ ਭਾਰਤ ਦਾ ਏਪੈਕ ਵਿੱਚ ਸ਼ਾਮਲ ਹੋਣ ਦਾ ਵਿਰੋਧ ਕਰ ਰਿਹਾ ਸੀ ਕਿ ਬਹੁਤ ਜਿਆਦਾ ਮੈਂਬਰਾਂ ਦੇ ਹੋ ਜਾਣ ਨਾਲ ਇਸ ਸੰਸਥਾ ਦਾ ਫੋਕਸ ਹੋਰ ਵੀ ਘੱਟ ਹੋ ਜਾਵੇਗਾ, ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਭਾਰਤ ਵਰਗੇ ਤੇਜੀ ਨਾਲ ਵਧ ਰਹੇ ਮੁਲਕ ਨੂੰ ਏਪੈਕ ਵਿੱਚ ਸ਼ਾਮਲ ਕਰਨਾ ਸਾਰਿਆਂ ਲਈ ਹੀ ਲਾਹੇਵੰਦ ਸਾਬਤ ਹੋ ਸਕੇਗਾ।
ਪਰ ਭਾਰਤ ਨੂੰ ਏਪੈਕ ਵਿੱਚ ਸ਼ਾਮਲ ਕਰਨਾ, ਇੱਕ ਤਰਫਾ ਵੀ ਨਹੀਂ ਹੋਣਾ ਚਾਹੀਦਾ। ਯਾਨਿ ਕਿ ਭਾਰਤ ਨੂੰ ਵੀ ਏਪੈਕ ਵਾਲੇ ਸਾਰੇ ਮੁਲਕਾਂ ਨਾਲ ਫਰੀ ਟਰੇਡ ਵਾਲੀ ਸੰਧੀ ਦਾ ਸਮਰਥਨ ਕਰਨਾਂ ਹੋਵੇਗਾ।
ਕਰਿਸ ਬੋਵਨ ਨੇ ਕਿਹਾ ਕਿ, ‘ਮੈ ਜਨਵਰੀ ਮਹੀਨੇ ਦੇ ਅੰਤ ਵਿੱਚ ਦਿੱਲੀ ਹੋਣ ਵਾਲੀ ‘ਆਸਟ੍ਰੇਲੀਆ – ਇੰਡੀਆ ਲੀਡਰਸ਼ਿਪ ਡਾਇਲਾਗ’ ਵਿੱਚ ਭਾਗ ਲਵਾਂਗਾ। ਮੇਰੇ ਨਾਲ ਲੇਬਰ ਪਾਰਟੀ ਦੀ ਪੈਨੀ ਵੋਂਗ ਵੀ ਜਾਣਗੇ। ਇਸ ਦੋਰਾਨ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਦੋਹਾਂ ਮੁਲਕਾਂ ਦੇ ਸਬੰਧ ਹੋਰ ਵੀ ਮਜਬੂਤ ਹੋ ਸਕਣ’।