ਪ੍ਰਾਪਰਟੀ ਰਿਸਰਚ ਫਰਮ ਪ੍ਰੋਪਟ੍ਰੈਕ ਦੀ ਤਾਜ਼ਾ ਮਾਰਕੀਟ ਰਿਪੋਰਟ ਅਨੁਸਾਰ ਮਾਰਚ ਤਿਮਾਹੀ ਵਿੱਚ ਰਾਸ਼ਟਰੀ ਪੱਧਰ ਉੱਤੇ ਕਿਰਾਏ ਵਿੱਚ ਸਾਲ-ਦਰ-ਸਾਲ 13.5 ਪ੍ਰਤੀਸ਼ਤ ਦਾ ਵਾਧਾ ਹੋਇਆ, ਜਦਕਿ ਘਰਾਂ ਦੀਆਂ ਕੀਮਤਾਂ ਵਿੱਚਲਾ ਵਾਧਾ 9.1 ਪ੍ਰਤੀਸ਼ਤ ਸੀ।
ਇਹ ਵੀ ਪਾਇਆ ਗਿਆ ਕਿ ਸਾਰੀਆਂ ਰਿਹਾਇਸ਼ੀ ਇਮਾਰਤਾਂ ਦੇ ਕਿਰਾਏ ਪਿਛਲੀ ਤਿਮਾਹੀ ਵਿੱਚ 3.4 ਪ੍ਰਤੀਸ਼ਤ ਦੇ ਹਿਸਾਬ ਨਾਲ਼ ਵਧੇ - ਜੋਕਿ 2023 ਤੋਂ ਹੁਣ ਤੱਕ ਦੇ ਸਭ ਤੋਂ ਤੇਜ਼ ਵਾਧੇ ਵਿੱਚੋਂ ਇੱਕ ਹੈ।
ਪ੍ਰੋਪਟ੍ਰੈਕ ਦੇ ਅਨੁਸਾਰ, ਮਾਰਚ ਤਿਮਾਹੀ ਵਿੱਚ ਯੂਨਿਟਾਂ ਲਈ ਔਸਤ ਕਿਰਾਇਆ $590 ਪ੍ਰਤੀ ਹਫ਼ਤਾ ਦਰਜ ਹੋਇਆ ਹੈ।
ਸਭ ਤੋਂ ਵੱਧ ਸਾਲਾਨਾ ਵਾਧਾ ਪਰਥ ਵਿੱਚ ਹੋਇਆ, ਜਦੋਂ ਕਿ ਸਿਡਨੀ ਕਿਰਾਏ ਲਈ ਆਸਟਰੇਲੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੋਇਆ ਹੈ।
ਪਰਥ ਵਿੱਚ ਇੱਕ ਯੂਨਿਟ ਦੀ ਔਸਤ ਲਾਗਤ 19.2 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ ਇੱਕ ਹਫ਼ਤੇ ਵਿੱਚ $590 ਸੀ, ਜਦੋਂ ਕਿ ਸਿਡਨੀ ਦੀਆਂ ਕੀਮਤਾਂ 12.9 ਪ੍ਰਤੀਸ਼ਤ ਵਧਕੇ ਪ੍ਰਤੀ ਹਫ਼ਤੇ $700 ਹੋ ਗਈਆਂ।
ਬ੍ਰਿਸਬੇਨ ਵਿਚਲੇ ਯੂਨਿਟਾਂ ਦੀਆਂ ਕੀਮਤਾਂ 16 ਪ੍ਰਤੀਸ਼ਤ ਵਧਕੇ ਇੱਕ ਹਫ਼ਤੇ ਵਿੱਚ $580 ਔਸਤ ਹੋ ਗਈਆਂ, ਜਦੋਂ ਕਿ ਮੈਲਬੌਰਨ ਵਿੱਚ ਕੀਮਤ 14.6 ਪ੍ਰਤੀਸ਼ਤ ਵੱਧ ਕੇ ਇੱਕ ਹਫ਼ਤੇ ਵਿੱਚ $550 ਹੋ ਗਈ ਹੈ। ਐਡੀਲੇਡ ਵਿੱਚ ਇਹ $480 ਸੀ।
ਡਾਰਵਿਨ ਅਤੇ ACT ਵਿੱਚ ਕਿਰਾਇਆ 1.8 ਫ਼ੀਸਦ ਵਧਿਆ ਅਤੇ ਔਸਤ ਲਾਗਤ ਕ੍ਰਮਵਾਰ $550 ਅਤੇ $570 ਪ੍ਰਤੀ ਹਫ਼ਤਾ ਰਹੀ।
ਸਿਰਫ਼ ਹੋਬਾਰਟ ਵਿੱਚ ਹੀ ਯੂਨਿਟਾਂ ਲਈ ਔਸਤ ਹਫ਼ਤਾਵਾਰੀ ਕਿਰਾਇਆ ਘਟਿਆ - ਜੋਕਿ 2.1 ਪ੍ਰਤੀਸ਼ਤ ਦੇ ਹਿਸਾਬ ਨਾਲ $ 470 ਪ੍ਰਤੀ ਹਫ਼ਤਾ ਬਣਦਾ ਹੈ।
ਘਰ ਦੇ ਕਿਰਾਏ ਵਿੱਚ ਕਿੰਨਾ ਵਾਧਾ ਹੋਇਆ ਹੈ?
ਰਾਸ਼ਟਰੀ ਤੌਰ 'ਤੇ, ਮਕਾਨ ਕਿਰਾਏ 'ਤੇ ਲੈਣ ਦੀ ਲਾਗਤ ਥੋੜ੍ਹੀ ਮੱਧਮ ਰਫ਼ਤਾਰ ਨਾਲ ਵਧੀ ਹੈ - ਜੋਕਿ 9.1 ਪ੍ਰਤੀਸ਼ਤ ਦੇ ਹਿਸਾਬ ਨਾਲ ਵੱਧ ਕੇ $600 ਪ੍ਰਤੀ ਹਫ਼ਤੇ ਪਹੁੰਚ ਗਈ ਹੈ।
ਸਿਡਨੀ ਵਿੱਚ ਹਫ਼ਤਾਵਾਰੀ ਘਰ ਦਾ ਕਿਰਾਇਆ ਲਗਭਗ 10.3 ਪ੍ਰਤੀਸ਼ਤ ਵੱਧ ਕੇ $750 ਪ੍ਰਤੀ ਹਫ਼ਤੇ ਹੋ ਗਿਆ ਹੈ, ਅਤੇ ਇਹ ਘਰ ਕਿਰਾਏ 'ਤੇ ਲੈਣ ਲਈ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੋਇਆ ਹੈ।
ਇਸ ਤੋਂ ਬਾਅਦ ACT ਆਇਆ, ਜਿੱਥੇ 1.45 ਫੀਸਦੀ ਵਾਧੇ ਤੋਂ ਬਾਅਦ ਔਸਤ $700 ਪ੍ਰਤੀ ਹਫਤੇ ਸੀ; ਡਾਰਵਿਨ $680 ਇੱਕ ਹਫ਼ਤੇ (4.62 ਪ੍ਰਤੀਸ਼ਤ ਵੱਧ); ਬ੍ਰਿਸਬੇਨ $640 ਪ੍ਰਤੀ ਹਫਤੇ (10.34 ਪ੍ਰਤੀਸ਼ਤ ਵੱਧ); ਐਡੀਲੇਡ 'ਤੇ $590 (12.38 ਫੀਸਦੀ ਵੱਧ); ਅਤੇ ਮੈਲਬੌਰਨ $575 ਪ੍ਰਤੀ ਹਫਤੇ (15 ਫੀਸਦੀ ਵੱਧ) ਤੱਕ ਵਧ ਗਿਆ ਹੈ।
ਹੋਬਾਰਟ ਸਭ ਤੋਂ ਘੱਟ ਮਹਿੰਗਾ ਰਾਜਧਾਨੀ ਸ਼ਹਿਰ ਸੀ, ਜਿਸਦੀ ਔਸਤ ਕੀਮਤ $560 ਪ੍ਰਤੀ ਹਫ਼ਤੇ 'ਤੇ ਸਥਿਰ ਰਹੀ ਜਦਕਿ ਸਭ ਤੋਂ ਵੱਧ ਵਾਧਾ ਪਰਥ ਵਿੱਚ ਹੋਇਆ, ਜਿਥੇ ਮੱਧ ਹਫਤਾਵਾਰੀ ਕੀਮਤ 16% ਵੱਧ ਕੇ $650 ਹੋ ਗਈ।
ਕੀ ਕਿਰਾਏ ਦੀ ਕੀਮਤ ਵਿੱਚ ਵਾਧਾ ਕੁਝ ਘਟੇਗਾ?
ਭਾਵੇਂ ਕੁਝ ਮਾਹਿਰ ਮੰਨਦੇ ਹਨ ਕਿ ਬਾਜ਼ਾਰ ਵਿੱਚ ਮੰਦੀ ਦੇ ਕੁਝ ਸੰਕੇਤ ਹਨ ਪਰ ਲੋਕ ਮਹਿੰਗਾਈ ਦੇ ਦੌਰ ਵਿੱਚ ਪਿਸਣ ਉੱਤੇ ਮਜਬੂਰ ਹਨ।
ਆਰਥਿਕ ਭਵਿੱਖਬਾਣੀ ਕਰਨ ਵਾਲੇ ਆਕਸਫੋਰਡ ਇਕਨਾਮਿਕਸ ਆਸਟ੍ਰੇਲੀਆ ਦੇ ਇੱਕ ਅਧਿਐਨ ਮੁਤਾਬਿਕ ਕਿਰਾਏ ਦੀਆਂ ਕੀਮਤਾਂ ਵਿੱਚ ਵਾਧਾ ਤਿੰਨ ਸਾਲਾਂ ਵਿੱਚ ਯਾਨੀ ਕਿ 2027 ਵਿੱਚ ਕੁਝ ਘਟਣ ਦੀ ਉਮੀਦ ਹੈ।
ਇਹ ਮੰਦੀ ਸੰਭਾਵਤ ਤੌਰ 'ਤੇ ਕਿਰਾਏਦਾਰਾਂ ਦੀ ਉੱਚ ਲਾਗਤਾਂ ਨੂੰ ਜਜ਼ਬ ਕਰਨ ਦੀ ਸਮਰੱਥਾ ਘਟਣ ਕਾਰਨ ਹੋਵੇਗੀ, ਅਤੇ ਵਿਆਜ ਦਰ ਵਿੱਚ ਕਟੌਤੀ ਦੀ ਵੀ ਉਮੀਦ ਹੈ।
ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਖਾਲੀ ਰਿਹਾਇਸ਼ਾਂ ਦੀਆਂ ਦਰਾਂ ਥੋੜੀਆਂ ਵਧਣਗੀਆਂ ਪਰ ਇਸਦੇ ਨਾਲ ਹੀ ਵਿਦੇਸ਼ੀ ਆਮਦ ਵੀ ਅਜੇ "ਚੋਟੀ ਉੱਤੇ ਜਾਪਦੀ ਹੈ"।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।