ਦੀਵਾਲੀ ਭਾਰਤੀ ਉਪ-ਮਹਾਂਦੀਪ ਦੇ ਲੋਕਾਂ ਲਈ ਇੱਕ ਵੱਡਾ ਤਿਉਹਾਰ ਮੰਨਿਆ ਗਿਆ ਹੈ ਜਿਸਨੂੰ ਵੱਖ-ਵੱਖ ਭਾਈਚਾਰਿਆਂ ਦੁਆਰਾ ਆਪੋ-ਆਪਣੇ ਇਤਿਹਾਸਕ ਅਤੇ ਸੱਭਿਆਚਾਰਕ ਆਸ਼ੇ ਅਨੁਸਾਰ ਮਨਾਇਆ ਜਾਂਦਾ ਹੈ।
ਇਸ ਦਿਨ, ਸਿੱਖ ਧਰਮ ਦੇ ਲੋਕ ਬੰਦੀ ਛੋੜ ਦਿਵਸ ਮਨਾਉਂਦੇ ਹਨ ਜਿਸਦਾ ਅੰਗਰੇਜ਼ੀ ਵਿੱਚ ਅਨੁਵਾਦ "ਡੇਅ ਆਫ਼ ਲਿਬਰੇਸ਼ਨ" ਵਜੋਂ ਕੀਤਾ ਜਾਂਦਾ ਹੈ।
ਇਹ ਦਿਨ ਵਿਸ਼ਵ ਪੱਧਰ 'ਤੇ ਲੱਖਾਂ ਸਿੱਖਾਂ ਦੁਆਰਾ ਮਨਾਇਆ ਜਾਂਦਾ ਹੈ ਅਤੇ ਜ਼ੁਲਮ 'ਤੇ ਆਜ਼ਾਦੀ ਦੀ ਜਿੱਤ ਨੂੰ ਦਰਸਾਉਂਦਾ ਹੈ।
ਸਿੱਖ ਇਸ ਦਿਨ ਆਪਣੇ ਘਰਾਂ ਬਾਹਰ ਦੀਵੇ, ਮੋਮਬੱਤੀਆਂ ਅਤੇ ਲੜੀਆਂ ਨਾਲ਼ ਰੋਸ਼ਨੀ ਕਰਦੇ ਹਨ, ਘਰਾਂ ਨੂੰ ਸਜਾਉਂਦੇ ਹਨ, ਮਠਿਆਈਆਂ ਵੰਡਦੇ ਹਨ ਅਤੇ ਗੁਰਦੁਆਰਿਆਂ ਵਿੱਚ ਹੁੰਦੇ ਵਿਸ਼ੇਸ਼ ਦੀਵਾਨਾਂ ਦਾ ਹਿੱਸਾ ਬਣਦੇ ਹਨ।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅਨੁਸਾਰ, ਆਸਟ੍ਰੇਲੀਆ ਵਿੱਚ ਸਿੱਖ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 72,000 ਤੋਂ ਵਧਕੇ 2021 ਦੀ ਮਰਦਮਸ਼ੁਮਾਰੀ ਵਿੱਚ 210,000 ਹੋ ਗਈ ਹੈ।

ਇਤਿਹਾਸਕ ਮਹੱਤਤਾ
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਿੱਖ ਗ੍ਰੰਥੀ (ਗਿਆਨੀ) ਇਕਬਾਲ ਸਿੰਘ ਨੇ ਬੰਦੀ ਛੋੜ ਦਿਵਸ ਦੇ ਇਤਿਹਾਸਕ ਪ੍ਰਸੰਗ ਬਾਰੇ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਸਿੱਖ ਧਰਮ, ਆਪਣੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਤੱਕ 10 ਗੁਰੂਆਂ ਦੁਆਰਾ ਦਿੱਤੀਆਂ ਸਿੱਖਿਆਵਾਂ ਦਾ ਪਾਲਣ ਕਰਦਾ ਹੈ।
ਗਿਆਨੀ ਜੀ ਨੇ ਦੱਸਿਆ ਕਿ ਕਿਵੇਂ ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਜੀ ਨੂੰ 17ਵੀਂ ਸਦੀ ਵਿੱਚ ਬਾਦਸ਼ਾਹ ਜਹਾਂਗੀਰ ਦੁਆਰਾ ਗਵਾਲੀਅਰ ਦੇ ਕਿਲ੍ਹੇ ਵਿੱਚ 52 ਹੋਰ ਰਾਜਿਆਂ ਦੇ ਨਾਲ ਕੈਦ ਕੀਤਾ ਗਿਆ ਸੀ।
“ਸਾਈਂ ਮੀਆਂ ਮੀਰ ਜੀ ਦੇ ਕਹਿਣੇ ਉੱਤੇ ਬਾਦਸ਼ਾਹ, ਗੁਰੂ ਹਰਗੋਬਿੰਦ ਜੀ ਨੂੰ ਇਕੱਲੇ ਛੱਡਣ ਲਈ ਤਿਆਰ ਹੋ ਗਿਆ ਸੀ। ਪਰ, ਗੁਰੂ ਜੀ ਨੇ ਆਪਣੇ ਨਾਲ ਕੈਦ 52 ਰਾਜਿਆਂ ਨੂੰ ਰਿਹਾਅ ਕਰਨ ਦੀ ਵਕਾਲਤ ਕੀਤੀ," ਉਨ੍ਹਾਂ ਦੱਸਿਆ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਅਤੇ ਤਾਨਾਸ਼ਾਹੀ ਸ਼ਾਸਨ ਦੇ ਉਲਟ ‘ਜੀਓ ਅਤੇ ਜੀਣ ਦਿਓ’ ਦੇ ਸੁਨੇਹੇ ਉੱਤੇ ਜ਼ੋਰ ਦਿੱਤਾ।ਗਿਆਨੀ ਇਕਬਾਲ ਸਿੰਘ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਅਤੇ ਤਾਨਾਸ਼ਾਹੀ ਸ਼ਾਸਨ ਦੇ ਉਲਟ ‘ਜੀਓ ਅਤੇ ਜੀਣ ਦਿਓ’ ਦੇ ਸੁਨੇਹੇ ਉੱਤੇ ਜ਼ੋਰ ਦਿੱਤਾ।
ਗਿਆਨੀ ਜੀ ਨੇ ਦੱਸਿਆ ਕਿ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ 'ਤੇ, ਗੁਰੂ ਹਰਗੋਬਿੰਦ ਜੀ ਦਾ ਅੰਮ੍ਰਿਤਸਰ ਦੇ ਲੋਕਾਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਰੌਸ਼ਨੀ ਲਈ ਦੀਵੇ ਬਾਲ਼ੇ।

ਧਾਰਮਿਕ ਆਸਥਾ
ਦੁਨੀਆ ਭਰ ਦੇ ਸਿੱਖ ਇਸ ਦਿਨ ਨੂੰ ਉਤਸ਼ਾਹ ਨਾਲ ਮਨਾਉਂਦੇ ਹਨ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ, ਨਗਰ ਕੀਰਤਨਾਂ ਵਿੱਚ ਹਿੱਸਾ ਲੈਂਦੇ ਹਨ, ਅਤੇ ਘਰਾਂ ਨੂੰ ਰੋਸ਼ਨ ਕਰਦੇ ਹਨ।
ਮੈਲਬੌਰਨ ਤੋਂ ਵਿਟਲਸੀ ਇੰਟਰਫੇਥ ਨੈੱਟਵਰਕ ਦੀ ਪ੍ਰਧਾਨ ਗੁਰਿੰਦਰ ਕੌਰ ਨੇ ਐਸ ਬੀ ਐੱਸ ਨਾਲ਼ ਸਾਂਝ ਪਾਉਂਦਿਆਂ ਦੱਸਿਆ ਕਿ ਸਿੱਖ ਬੰਦੀ ਛੋੜ ਦਿਵਸ ਕਿਵੇਂ ਮਨਾਉਂਦੇ ਹਨ।
“ਸਿੱਖ ਇਸ ਦਿਨ ਗੁਰਦੁਆਰਿਆਂ ਵਿੱਚ ਹੁੰਦੇ ਵਿਸ਼ੇਸ਼ ਕੀਰਤਨ ਦੀਵਾਨਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਰਵਾਇਤੀ ਦੀਪਮਾਲਾ ਤੇ ਮੋਮਬੱਤੀਆਂ ਜਗਾਉਂਦੇ ਵੀ ਵੇਖੇ ਜਾ ਸਕਦੇ ਹਨ," ਉਨ੍ਹਾਂ ਕਿਹਾ।

ਸਮਾਜਿਕ ਅਤੇ ਸੱਭਿਆਚਾਰਕ ਜਸ਼ਨ
ਸ੍ਰੀਮਤੀ ਕੌਰ ਦੇ ਅਨੁਸਾਰ ਵੱਧਦੀ ਅਬਾਦੀ ਪਿੱਛੋਂ ਆਸਟ੍ਰੇਲੀਆ ਵਿੱਚ ਇਸ ਤਿਉਹਾਰ ਦੀ ਧੂਮ-ਧਾਮ ਪਹਿਲਾਂ ਨਾਲੋਂ ਕਾਫੀ ਵਧੀ ਹੈ।
ਹੁਣ ਮਿਠਾਈਆਂ ਤੋਂ ਲੈਕੇ ਸਜਾਵਟ ਦੇ ਸਮਾਨ ਤੱਕ ਹਰ ਚੀਜ਼ ਆਸਟ੍ਰੇਲੀਆ ਵਿੱਚ ਉਪਲਬਧ ਹੈ ਜਿਸ ਨਾਲ਼ ਲੋਕਾਂ ਵਿੱਚ ਇਸ ਤਿਓਹਾਰ ਦਾ ਚਾਅ ਵੀ ਦੁੱਗਣਾ-ਤਿੱਗਣਾ ਹੋ ਗਿਆ ਹੈ।ਗੁਰਿੰਦਰ ਕੌਰ
ਸ੍ਰੀਮਤੀ ਕੌਰ ਨੇ ਕਿਹਾ ਕਿ ਦੀਵਾਲੀ ਇੱਕ ਵਿਭਿੰਨਤਾ ਦਰਸਾਉਂਦਾ ਤਿਉਹਾਰ ਵੀ ਹੈ।
“ਦੀਵਾਲੀ ਵੱਖ਼ੋ-ਵੱਖ ਭਾਈਚਾਰਿਆਂ ਵਿੱਚ ਆਪੋ-ਆਪਣੇ ਢੰਗ ਨਾਲ਼ ਮਨਾਈ ਜਾਂਦੀ ਹੈ ਜਿਸ ਦੌਰਾਨ ਹਿੰਦੂ, ਜੈਨ, ਬੰਗਾਲੀ, ਸਿੱਖ ਅਤੇ ਹੋਰ ਭਾਈਚਾਰੇ ਇਸ ਸਾਂਝੀ ਖੁਸ਼ੀ ਵਿੱਚ ਸ਼ਰੀਕ ਹੁੰਦੇ ਹਨ," ਉਨ੍ਹਾਂ ਕਿਹਾ।
ਦੀਵਾਲੀ, ਦੀਪਾਵਲੀ, ਬੰਦੀ ਛੋੜ ਦਿਵਸ ਅਤੇ ਤਿਹਾੜ ਦੀ ਹੋਰ ਕਵਰੇਜ ਲਈ ਇੱਥੇ ਕਲਿਕ ਕਰੋ sbs.com.au/Diwali
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।






